For the best experience, open
https://m.punjabitribuneonline.com
on your mobile browser.
Advertisement

ਵਾਤਾਵਰਨ ਪ੍ਰਤੀ ਸੰਵੇਦਨਸ਼ੀਲ ਬਣੋ

12:01 PM Oct 12, 2024 IST
ਵਾਤਾਵਰਨ ਪ੍ਰਤੀ ਸੰਵੇਦਨਸ਼ੀਲ ਬਣੋ
Advertisement

ਗੁਰਬਿੰਦਰ ਸਿੰਘ ਮਾਣਕ

ਜਿਸ ਧਰਤੀ ’ਤੇ ਸਾਡਾ ਰੈਣ-ਬਸੇਰਾ ਹੈ, ਉਸ ਦੇ ਕੁਦਰਤੀ ਸੰਤੁਲਨ ਨੂੰ ਕਾਇਮ ਰੱਖਣਾ ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਲੋੜ ਹੈ। ਮਨੁੱਖ ਦਾ ਜੀਵਨ ਇਸ ਨਾਲ ਹੀ ਜੁੜਿਆ ਹੋਇਆ ਹੈ। ਇਹ ਤਾਂ ਅਜੇ ਸੰਭਵ ਨਹੀਂ ਹੋਇਆ ਕਿ ਮਨੁੱਖ ਇਸ ਧਰਤੀ ਦੀ ਥਾਂ ਕਿਸੇ ਹੋਰ ਧਰਤੀ ’ਤੇ ਜਾ ਵਸੇਗਾ। ਕੁਦਰਤ ਨੇ ਮਨੁੱਖ ਨੂੰ ਜਿਹੜਾ ਵਾਤਾਵਰਨ ਦਿੱਤਾ ਹੈ, ਮਨੁੱਖ ਉਸ ਨੂੰ ਵੀ ਸਾਂਭ ਨਹੀਂ ਸਕਿਆ। ਅਸਲ ਵਿੱਚ ਵਾਤਾਵਰਨ ਦਾ ਮੁੱਦਾ ਬਹੁਤ ਘੱਟ ਲੋਕਾਂ ਦੀ ਸੋਚ ਦਾ ਹਿੱਸਾ ਬਣਿਆ ਹੈ। ਬਹੁਤੇ ਲੋਕ ਤਾਂ ਅਣਜਾਣੇ ਵਿੱਚ ਹੀ ਇਸ ਨੂੰ ਬਰਬਾਦ ਕਰਨ ਦੇ ਰਾਹ ਤੁਰੇ ਹੋਏ ਹਨ। ਇਹ ਬਿਲਕੁਲ ਇਸ ਤਰ੍ਹਾਂ ਹੈ ਜਿਵੇਂ ਮਨੁੱਖ ਉਸ ਟਾਹਣੇ ਨੂੰ ਹੀ ਵੱਢੀ ਜਾ ਰਿਹਾ ਹੈ, ਜਿਸ ’ਤੇ ਉਹ ਬੈਠਾ ਹੈ। ਅਸੀਂ ਦਾਅਵੇ ਤਾਂ ਅਗਾਂਹਵਧੂ ਹੋਣ ਦੇ ਕਰਦੇ ਹਾਂ, ਪਰ ਵਿਹਾਰਕ ਰੂਪ ਵਿੱਚ ਅਸੀਂ ਜੋ ਕਰ ਰਹੇ ਹਾਂ, ਉਹ ਸਾਡੀ ਆਪਣੀ ਹੀ ਬਰਬਾਦੀ ਹੈ।
ਪਿਛਲੇ ਸਾਲ ਕਣਕ ਦੇ ਵੱਢਾਂ ਨੂੰ ਲਾਈਆਂ ਅੱਗਾਂ ਨੇ ਏਨੀ ਤਬਾਹੀ ਮਚਾਈ ਹੈ ਕਿ ਝੁਲਸੇ ਤੇ ਸੜੇ ਹੋਏ ਰੁੱਖਾਂ, ਅੱਗ ਦੇ ਸੇਕ ਨਾਲ ਤੜਫ਼ਦੇ ਪੰਛੀਆਂ ਤੇ ਹੋਰ ਅਨੇਕਾਂ ਜੀਵ-ਜੰਤੂਆਂ ਦੀ ਤਬਾਹੀ ਦੇਖ ਕੇ ਮਨ ਕੁਰਲਾ ਉੱਠਦਾ ਹੈ। ਇਨ੍ਹਾਂ ਹੱਥੀਂ ਲਾਏ ਲਾਂਬੂਆਂ ਨੇ ਕਈ ਥਾਈਂ ਤਾਂ ਬੇਕਾਬੂ ਹੋ ਕੇ ਏਨਾ ਕਹਿਰ ਢਾਇਆ ਹੈ ਕਿ ਛਾਵਾਂ ਵੰਡਣ ਵਾਲੇ ਵੱਡੇ ਵੱਡੇ ਰੁੱਖ ਵੀ ਸਾੜ ਕੇ ਸੁਆਹ ਕਰ ਦਿੱਤੇ ਹਨ। ਕਈ ਥਾਵੀਂ ਸੰਘਣੇ ਧੂੰਏਂ ਦੀ ਲਪੇਟ ਵਿੱਚ ਆ ਕੇ ਮਨੁੱਖੀ ਜਾਨਾਂ ਦਾ ਵੀ ਨੁਕਸਾਨ ਹੋਇਆ ਹੈ। ਵਾਤਾਵਰਨ ਸਬੰਧੀ ਸੰਯੁਕਤ ਰਾਸ਼ਟਰ ਦੇ ਇੱਕ ਸਰਵੇਖਣ ਅਨੁਸਾਰ ਦੁਨੀਆ ਵਿੱਚ ਹਰ ਸਾਲ ਬਾਰਾਂ ਲੱਖ ਲੋਕ ਹਵਾ-ਪ੍ਰਦੂਸ਼ਣ ਨਾਲ ਹੋਣ ਵਾਲੀਆਂ ਬਿਮਾਰੀਆਂ ਨਾਲ ਮਰ ਜਾਂਦੇ ਹਨ।
ਕਿਸਾਨਾਂ ਨਾਲ ਗੱਲ ਕਰੋ ਤਾਂ ਉਹ ਆਪਣੀ ਬੇਵਸੀ ਤੇ ਲਾਚਾਰੀ ਜ਼ਾਹਰ ਕਰਕੇ ਪੱਲਾ ਝਾੜ ਦਿੰਦੇ ਹਨ। ਸਰਕਾਰਾਂ ਲਈ ਤਾਂ ਇਹ ਕੋਈ ਗੰਭੀਰ ਮੁੱਦਾ ਹੀ ਨਹੀਂ ਹੈ। ਹਰ ਸਾਲ ਅੱਗ ਲਾ ਕੇ ਆਪਣੇ ਪੈਰੀਂ ਕੁਹਾੜਾ ਮਾਰਿਆ ਜਾ ਰਿਹਾ ਹੈ। ਵਾਤਾਵਰਨ ਦੇ ਰਖਵਾਲੇ ਤੇ ਹੋਰ ਸੁਚੇਤ ਲੋਕ ਕਈ ਸਾਲਾਂ ਤੋਂ ਕਿਸਾਨਾਂ ਨੂੰ ਇਸ ਰਾਹ ਤੋਂ ਵਰਜ ਰਹੇ ਹਨ। ਪਟਾਕਿਆਂ ਦੀ ਹੁੱਲੜਬਾਜ਼ੀ ਸਾਰਾ ਸਾਲ ਹੀ ਚੱਲਦੀ ਰਹਿੰਦੀ ਹੈ, ਪਰ ਦੀਵਾਲੀ ਦੇ ਦਿਨਾਂ ਵਿੱਚ ਤਾਂ ਕੰਨਾਂ ਦੇ ਪਰਦੇ ਪਾੜਨ ਵਾਲੇ ਤਿੱਖੇ ਸ਼ੋਰ-ਸ਼ਰਾਬੇ, ਸੰਘਣੇ ਤੇ ਕਾਲੇ ਧੂੰਏਂ ਨਾਲ ਪ੍ਰਦੂਸ਼ਣ ਦੀ ਜਿਹੜੀ ਗਹਿਰ ਅਸਮਾਨ ਤੱਕ ਪਹੁੰਚਦੀ ਹੈ, ਉਹ ਸਹਿਣ ਕਰਨੀ ਬੇਹੱਦ ਔਖੀ ਹੈ। ਗਰੀਨ ਦੀਵਾਲੀ ਦਾ ਰੌਲਾ-ਰੱਪਾ ਵੀ ਹਰ ਸਾਲ ਬਹੁਤ ਸੁਣਾਈ ਦਿੰਦਾ ਹੈ। ਹਰ ਸਾਲ ਸਰਕਾਰਾਂ ਵੱਲੋਂ ਸਪੱਸ਼ਟ ਹਦਾਇਤਾਂ ਦੇ ਬਾਵਜੂਦ ਕਈ ਥਾਈਂ ਤਾਂ ਇਹ ਸ਼ੋਰ-ਸ਼ਰਾਬਾ ਸਾਰੀ ਰਾਤ ਹੀ ਲੋਕਾਂ ਦੀ ਜਾਨ ਦਾ ਖੌਅ ਬਣਿਆ ਰਹਿੰਦਾ ਹੈ। ਅਕਸਰ ਦੇਖਣ ਵਿੱਚ ਆਇਆ ਹੈ ਕਿ ਕਿਸਾਨ ਫ਼ਸਲਾਂ ਦੇ ਚੰਗੇ ਝਾੜ ਲਈ ਮਾਹਿਰਾਂ ਵੱਲੋਂ ਕੀਤੀਆਂ ਸਿਫਾਰਸ਼ਾਂ ਨੂੰ ਅੱਖੋਂ-ਪਰੋਖੇ ਕਰਕੇ ਲੋੜ ਤੋਂ ਵੱਧ ਰਸਾਇਣਕ ਖਾਦਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਕਰ ਰਹੇ ਹਨ। ਮਨੁੱਖ ਦੁਆਰਾ ਖਾਣ-ਪੀਣ ਦੀਆਂ ਸਾਰੀਆਂ ਵਸਤਾਂ ਹੀ ਇਨ੍ਹਾਂ ਜ਼ਹਿਰਾਂ ਕਾਰਨ ਮਨੁੱਖੀ ਸਿਹਤ ਲਈ ਖ਼ਤਰਾ ਬਣ ਚੁੱਕੀਆਂ ਹਨ। ਵਾਤਾਵਰਨ ਦੇ ਅਸੰਤੁਲਨ ਕਾਰਨ ਹੀ ਦੁਨੀਆ ਭਰ ਵਿੱਚ ਮੌਸਮੀ ਤਬਦੀਲੀਆਂ ਵਾਪਰ ਰਹੀਆਂ ਹਨ। ਜੇ ਮਾਹਿਰਾਂ ਦੀ ਮੰਨੀਏ ਤਾਂ ਉਹ ਚਿਤਾਵਨੀ ਦਿੰਦੇ ਹਨ ਕਿ ਆਉਣ ਵਾਲੇ ਸਾਲਾਂ ਵਿੱਚ ਤਾਪਮਾਨ ਦੇ ਵਧਣ ਨਾਲ ਮਨੁੱਖ ਨੂੰ ਅਨੇਕਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਰੁੱਖ ਧਰਤੀ ਦੀ ਜੀਵਨ-ਰੇਖਾ ਸਮਾਨ ਹਨ ਤੇ ਇਹ ਕੁਦਰਤ ਵੱਲੋਂ ਬਖ਼ਸ਼ੇ ਵਾਤਾਵਰਨ ਸੰਤੁਲਨ ਨੂੰ ਕਾਇਮ ਰੱਖਣ ਵਿੱਚ ਸਹਾਈ ਹੁੰਦੇ ਹਨ। ਅਖਾਉਤੀ ਕਿਸਮ ਦੇ ਤੇ ਮਨੁੱਖ-ਵਿਰੋਧੀ ਵਿਕਾਸ ਦੀ ਆੜ ਵਿੱਚ ਰੁੱਖਾਂ ’ਤੇ ਕੁਹਾੜਾ ਚਲਾਇਆ ਜਾ ਰਿਹਾ ਹੈ। ਜੇ ਮਨੁੱਖ ਨੂੰ ਸਾਹ ਲੈਣ ਲਈ ਸ਼ੁੱਧ ਹਵਾ ਹੀ ਨਾ ਮਿਲੀ, ਜੇ ਮਨੁੱਖ ਨੂੰ ਜਿਊਂਦੇ ਰਹਿਣ ਲਈ ਜ਼ਹਿਰ-ਮੁਕਤ ਤੇ ਸ਼ੁੱਧ ਭੋਜਨ ਹੀ ਨਾ ਮਿਲਿਆ, ਜੇ ਅਸੀਂ ਭਿਆਨਕ ਬਿਮਾਰੀਆਂ ਵਿੱਚ ਹੀ ਗ੍ਰਸਤ ਹੋਏ ਰਹਿਣਾ ਹੈ ਤਾਂ ਅਜਿਹੇ ਵਿਕਾਸ ਨੂੰ ਕੀ ਕਰਨਾ ਹੈ। ਜੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਅਜਿਹੀ ਧਰਤੀ ਛੱਡ ਕੇ ਜਾਣੀ ਹੈ ਜਿੱਥੇ ਜੀਵਨ ਜਿਊਣਾ ਹੀ ਮੁਹਾਲ ਹੋਵੇਗਾ ਤਾਂ ਅਜਿਹੇ ਜੀਵਨ-ਵਿਰੋਧੀ ਵਿਕਾਸ ਨੂੰ ਕਿਸੇ ਨੇ ਕੀ ਕਰਨਾ ਹੈ। ਵਾਤਾਵਰਨ ਪ੍ਰਦੂਸ਼ਣ ਦੇ ਨਤੀਜੇ ਕੇਵਲ ਮਨੁੱਖ ਨੂੰ ਹੀ ਨਹੀਂ ਭੁਗਤਣੇ ਪੈ ਰਹੇ, ਸਗੋਂ ਧਰਤੀ ਦੇ ਸਭ ਜੀਵ-ਪ੍ਰਾਣੀ, ਫ਼ਸਲਾਂ ਤੇ ਬਨਸਪਤੀ ਵੀ ਇਸ ਦੀ ਲਪੇਟ ਵਿੱਚ ਆ ਗਏ ਹਨ। ਜਿਸ ਵਾਤਾਵਰਨ ਵਿੱਚ ਅਸੀਂ ਸਾਹ ਲੈਣਾ ਹੈ, ਉਸ ਨੂੰ ਆਪਣੇ ਹੱਥੀਂ ਪ੍ਰਦੂਸ਼ਿਤ ਕਰਕੇ ਅਸੀਂ ਕਿਹੜੀ ਖ਼ੁਸ਼ੀ ਦੀ ਗੱਲ ਕਰ ਰਹੇ ਹਾਂ। ਮਨੁੱਖੀ ਸਿਹਤ ਨੂੰ ਦਾਅ ’ਤੇ ਲਾ ਕੇ ਅਸੀਂ ਆਪਣੇ ਆਪ ਨੂੰ ਆਪ ਹੀ ਬਰਬਾਦੀ ਦੀ ਅੰਨ੍ਹੀ ਗਲੀ ਵੱਲ ਧੱਕ ਰਹੇ ਹਾਂ। ਭਿਆਨਕ ਬਿਮਾਰੀਆਂ ਸਹੇੜ ਕਿ ਅਸੀਂ ਆਖਰ ਪ੍ਰਾਪਤ ਕੀ ਕਰਨਾ ਚਾਹੁੰਦੇ ਹਾਂ।
ਸਾਡਾ ਵਾਤਾਵਰਨ ਤਾਂ ਪਹਿਲਾਂ ਹੀ ਬਰਬਾਦੀ ਦੇ ਕੰਢੇ ਹੈ, ਅਸੀਂ ਬਲਦੀ ’ਤੇ ਤੇਲ ਪਾ ਕੇ ਇਸ ਨੂੰ ਹੋਰ ਤਬਾਹ ਕਰਨ ਦੇ ਰਾਹ ਪੈ ਗਏ ਹਾਂ। ਕਦੇ ਪਰਾਲੀ ਦੇ ਧੂੰਏਂ ਦਾ ਗੁਬਾਰ ਹਰ ਪਾਸੇ ਛਾ ਜਾਂਦਾ ਹੈ ਤੇ ਕਈ ਕਈ ਦਿਨ ਅਸਮਾਨ ਵਿੱਚ ਗਹਿਰੇ ਧੂੰਏਂ ਦੀ ਗਹਿਰ ਚੜ੍ਹੀ ਰਹਿੰਦੀ ਹੈ। ਹੁਣ ਝੋਨੇ ਦੀ ਵਾਢੀ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਕੇਵਲ ਕਿਸਾਨ ਨੂੰ ਹੀ ਦੋਸ਼ੀ ਠਹਿਰਾਈ ਜਾਣ ਨਾਲ ਮਸਲਾ ਬਹੁਤ ਉਲਝ ਗਿਆ ਹੈ। ਕਿਸਾਨਾਂ ਨਾਲ ਵਿਚਾਰ-ਵਟਾਂਦਰਾ ਕਰਕੇ ਇਸ ਗੰਭੀਰ ਸਮੱਸਿਆ ਦਾ ਕੋਈ ਪੱਕਾ ਹੱਲ ਲੱਭਣ ਦੀ ਲੋੜ ਹੈ। ਕਿਸਾਨ ਆਪਣੀ ਸੀਮਤ ਆਮਦਨ ਵਿੱਚੋਂ ਇਹ ਖ਼ਰਚਾ ਨਹੀਂ ਝੱਲ ਸਕਦਾ। ਫ਼ਸਲੀ-ਵਿਭਿੰਨਤਾ ਦਾ ਰੌਲਾ ਬਹੁਤ ਸਾਲਾਂ ਤੋਂ ਪਾਇਆ ਜਾ ਰਿਹਾ ਹੈ, ਪਰ ਕਿਸਾਨ ਨੂੰ ਝੋਨੇ ਦਾ ਕੋਈ ਬਦਲ ਦਿੱਤਾ ਹੀ ਨਹੀਂ ਗਿਆ। ਜੇ ਕੋਈ ਕਿਸਾਨ ਕੋਈ ਹੋਰ ਫ਼ਸਲ ਬੀਜਣ ਦਾ ਖ਼ਤਰਾ ਸਹੇੜਦਾ ਵੀ ਹੈ ਤਾਂ ਉਸ ਨੂੰ ਫ਼ਸਲ ਦੇ ਮੰਡੀਕਰਨ ਸਮੇਂ ਅਨੇਕਾਂ ਦਿੱਕਤਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ।
ਗੱਲ ਤਾਂ ਹਾਸੋਹੀਣੀ ਜਾਪਦੀ ਹੈ, ਪਰ ਹਰ ਸਾਲ ਹੀ ਪੰਜਾਬ ਦੇ ਧੂੰਏਂ ਦਾ ਰੌਲਾ ਦਿੱਲੀ ਤੱਕ ਪੈਂਦਾ ਹੈ। ਦਿੱਲੀ ਵਿੱਚ ਗਹਿਰ ਚੜ੍ਹੇ ਤਾਂ ਇਲਜ਼ਾਮ ਪੰਜਾਬ ਸਿਰ ਲੱਗਦਾ ਹੈ। ਹਾਲਾਂਕਿ ਪਿਛਲੇ ਸਾਲ ਹੀ ਇੱਕ ਸੰਸਥਾ ਸਵਿਸ ਗਰੁੱਪ ਆਈਕਿਊ ਨੇ ਆਪਣੇ ਸਰਵੇਖਣ ਵਿੱਚ ਦੀਵਾਲੀ ਤੋਂ ਅਗਲੇ ਦਿਨ ਦਿੱਲੀ ਨੂੰ ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਪਹਿਲੇ ਨੰਬਰ ’ਤੇ ਰੱਖਿਆ ਸੀ। ਦਿੱਲੀ ਵਿੱਚ ਹਵਾ ਗੁਣਵੱਤਾ ਸੂਚਕ ਅੰਕ ਔਸਤ 358 ਤੱਕ ਦਰਜ ਕੀਤਾ ਗਿਆ। ਜਦੋਂ ਕਿ ਕਈ ਹੋਰ ਇਲਾਕਿਆਂ ਵਿੱਚ ਇਹ 400 ਤੋਂ ਵੀ ਵੱਧ ਦੱਸਿਆ ਗਿਆ ਸੀ। ਰਾਜਧਾਨੀ ਦਿੱਲੀ ਵਿੱਚ ਤਾਂ ਹਵਾ ਦੀ ਗੁਣਵੱਤਾ ਮਾਪਣ ਵਾਲੇ ਨਿਗਰਾਨੀ ਕੇਂਦਰਾਂ ਨੇ ਪਿਛਲੇ ਕਈ ਸਾਲਾਂ ਦੇ ਮੁਕਾਬਲੇ ਕਈ ਗੁਣਾਂ ਵੱਧ ਵਾਧਾ ਦਰਜ ਕੀਤਾ ਸੀ। ਸੁਆਲ ਇਹ ਹੈ ਕਿ ਇੱਕ ਦੂਜੇ ’ਤੇ ਦੋਸ਼ ਲਾਉਣ ਦੀ ਥਾਂ ਰਲ਼-ਬੈਠ ਕੇ ਮਸਲੇ ਦਾ ਕੋਈ ਹੱਲ ਕੱਢਣ ਦੀ ਫੌਰੀ ਲੋੜ ਹੈ। ਜਿਸ ਹਵਾ ਵਿੱਚ ਸਾਹ ਲੈਣਾ ਹੈ, ਜੇ ਉਹੀ ਦੂਸ਼ਿਤ ਹੋਵੇਗੀ ਤਾਂ ਵਿਕਾਸ ਦੇ ਸਾਰੇ ਦਾਅਵੇ ਖੌਖਲੇ ਹਨ। ਸ਼ੋਰ ਤਾਂ ਸਾਡੇ ਆਲੇ-ਦੁਆਲੇ ਪਹਿਲਾਂ ਹੀ ਏਨਾ ਤਿੱਖਾ ਹੈ ਕਿ ਕੋਈ ਸਕੂਨ ਨਾਲ ਆਰਾਮ ਵੀ ਨਹੀਂ ਕਰ ਸਕਦਾ। ਕਿਤੇ ਵਾਹਨਾਂ ਦੇ ਡਰਾਉਣੇ ਹੌਰਨਾਂ ਦਾ ਸ਼ੋਰ ਹੈ, ਕਿਤੇ ਗਲੀਆਂ ਵਿੱਚ ਚੀਜ਼ਾਂ-ਵਸਤਾਂ ਵੇਚਣ ਵਾਲਿਆਂ ਦੀਆਂ ਸਪੀਕਰਾਂ ’ਤੇ ਆਉਂਦੀਆਂ ਉੱਚੀਆਂ ਆਵਾਜ਼ਾਂ ਕੁਹਰਾਮ ਮਚਾ ਦਿੰਦੀਆਂ ਹਨ।
ਵਿਆਹ-ਸ਼ਾਦੀਆਂ ਸਮੇਂ ਵੀ ਕੁਝ ਲੋਕ ਰਾਤ ਨੂੰ ਜਾਗੋ ਕੱਢਦੇ ਸਮੇਂ ਗਲੀਆਂ ਵਿੱਚ ਘੁੰਮਦੇ ਪਟਾਕੇ ਚਲਾ ਕੇ ਏਨਾ ਹੁੜਦੁੰਮ ਮਚਾਉਂਦੇ ਹਨ ਕਿ ਕਿਸੇ ਨੂੰ ਕੋਈ ਆਵਾਜ਼ ਸੁਣਾਈ ਨਹੀਂ ਦਿੰਦੀ। ਬੰਦੂਕਾਂ ਦੀਆਂ ਗੋਲੀਆਂ ਚਲਾ ਕੇ ਪਤਾ ਨਹੀਂ ਕਿਹੜੀ ਖ਼ੁਸ਼ੀ ਪ੍ਰਗਟ ਕੀਤੀ ਜਾਂਦੀ ਹੈ। ਅਕਸਰ ਹਾਦਸੇ ਵੀ ਵਾਪਰਦੇ ਹਨ, ਪਰ ਲੋਕ ਇਹੋ ਜਿਹਾ ਮੌਕਾ ਗਵਾਉਂਦੇ ਨਹੀਂ। ਬਹੁਤ ਦੁਖਦਾਈ ਤੇ ਹੈਰਾਨੀਜਨਕ ਗੱਲ ਹੈ ਕਿ ਗੁਰੂ ਸਾਹਿਬਾਨ ਦੇ ਗੁਰਪੁਰਬਾਂ ਸਮੇਂ ਕੱਢੇ ਜਾਂਦੇ ਨਗਰ ਕੀਰਤਨਾਂ ਵਿੱਚ ਵੀ ਕਈ ਸ਼ਰਧਾਲੂ ਪਟਾਕੇ ਚਲਾ ਕੇ ਏਨਾ ਸ਼ੋਰ ਮਚਾਉਂਦੇ ਹਨ ਕਿ ਰਾਗੀ ਸਾਹਿਬਾਨ ਵੱਲੋਂ ਹੋ ਰਿਹਾ ਸ਼ਬਦ-ਕੀਰਤਨ ਵੀ ਸੁਣਾਈ ਨਹੀਂ ਦਿੰਦਾ। ਹੋਰ ਨਹੀਂ ਤਾਂ ਘੱਟੋ ਘੱਟ ਗੁਰਪੁਰਬਾਂ ਨੂੰ ਤਾਂ ਪਟਾਕਿਆਂ ਤੇ ਆਤਿਸ਼ਬਾਜ਼ੀਆਂ ਦੇ ਰੌਲੇ ਤੋਂ ਮੁਕਤ ਕਰ ਲਈਏ। ਕਈ ਪਿੰਡਾਂ ਵਿੱਚ ਤਾਂ ਕੁਝ ਆਪਹੁਦਰੇ ਨੌਜਵਾਨ ਪ੍ਰਭਾਤ-ਫੇਰੀਆਂ ਸਮੇਂ ਵੀ ਪਟਾਕਿਆਂ ਦੇ ਸ਼ੋਰ ਨਾਲ ਸਵੇਰ ਦੀ ਸ਼ਾਂਤ ਫਿਜ਼ਾ ਨੁੰ ਭੰਗ ਕਰਕੇ ਪਤਾ ਨਹੀਂ ਕੀ ਦਰਸਾਉਣਾ ਚਾਹੁੰਦੇ ਹਨ। ਹਰ ਥਾਂ ਹੀ ਆਪਹੁਦਰੇਪਨ ਦਾ ਬੋਲਬਾਲਾ ਹੈ। ਖ਼ੁਸ਼ੀ ਮਨਾਉਣ ਲਈ ਕਿਸੇ ਹੋਰ ਦੇ ਮਨ ਦੀ ਸ਼ਾਂਤੀ ਤੇ ਸਕੂਨ ਭੰਗ ਕਰਨ ਦਾ ਹੱਕ ਸਾਨੂੰ ਕਿਸ ਨੇ ਦਿੱਤਾ ਹੈ। ਸਮੁੱਚੇ ਸਮਾਜ, ਸਾਡੇ ਪਰਿਵਾਰਾਂ ਤੇ ਸਾਡੇ ਬੱਚਿਆਂ ਨੇ ਵੀ ਇਸ ਹਵਾ ਵਿੱਚ ਹੀ ਸਾਹ ਲੈਣਾ ਹੈ, ਇਸ ਨੂੰ ਗੰਧਲੀ ਕਰਕੇ ਅਸੀਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਖ਼ਤਰੇ ਵਿੱਚ ਪਾਉਣ ਦੇ ਦੋਸ਼ੀ ਨਾ ਬਣੀਏ।

Advertisement

ਸੰਪਰਕ: 98153-5608

Advertisement

Advertisement
Author Image

sukhwinder singh

View all posts

Advertisement