For the best experience, open
https://m.punjabitribuneonline.com
on your mobile browser.
Advertisement

ਫੁੱਲਾਂ ਵਰਗੇ ਬਣੋ

11:01 AM Sep 30, 2023 IST
ਫੁੱਲਾਂ ਵਰਗੇ ਬਣੋ
Advertisement
ਅਜੀਤ ਸਿੰਘ ਚੰਦਨ

ਪਿਆਰ ਉਹ ਸ਼ਕਤੀ ਹੈ ਜੋ ਕਮਜ਼ੋਰ, ਬਲਹੀਣ ਅਤੇ ਹਾਰੇ ਹੋਏ ਇਨਸਾਨ ਵਿੱਚ ਵੀ ਜੋਤਾਂ ਜਗਾ ਦਿੰਦੀ ਹੈ। ਬੁਝੇ ਹੋਏ ਮਨ ਵਿੱਚ ਕੋਲੇ ਭਖਣ ਲਾ ਸਕਦੀ ਹੈ ਤੇ ਮਨ ਰੌਸ਼ਨ ਹੋ ਜਾਂਦਾ ਹੈ। ਇੱਕ ਖਾਲੀ ਬੀਆਬਾਨ ਵਰਗੇ ਦਿਲ ਵਿੱਚ ਵੀ ਚਿਰਾਗ ਬਲ ਪੈਂਦੇ ਹਨ। ਪਿਆਰ ਸ਼ਕਤੀ ਨਾਲ ਤਾਂ ਫਰਹਾਦ ਨੇ ਨਹਿਰ ਕੱਢ ਵਿਖਾਈ ਸੀ। ਫਿਰ ਅੱਜ ਦਾ ਕੋਈ ਫਰਹਾਦ ਕਵਿੇਂ ਆਪਣੀ ਸ਼ੀਰੀ ਨੂੰ ਖ਼ੁਸ਼ ਕਰਨ ਲਈ ਉੱਚ ਪਾਏ ਦੀ ਡਿਗਰੀ ਪ੍ਰਾਪਤ ਨਾ ਕਰੇ।
ਪਿਆਰ ਦੀ ਸ਼ਕਤੀ ਸਭ ਸ਼ਕਤੀਆਂ ਤੋਂ ਵੱਧ ਤਾਕਤਵਰ ਹੈ। ਇਸੇ ਲਈ ਕਈ ਇਨਸਾਨ ਜੋ ਜ਼ਿੰਦਗੀ ਖਤਮ ਕਰਨ ਬਾਰੇ ਸੋਚਦੇ ਹਨ, ਪਿਆਰ ਦੀ ਓਟ ਵਿੱਚ ਆ ਕੇ ਭੈੜੇ ਵਿਚਾਰ ਤਿਆਗ ਦਿੰਦੇ ਹਨ। ਖੁਦਕੁਸ਼ੀ ਦੇ ਕਨਿਾਰੇ ਲੱਗੇ ਇਨਸਾਨ ਵੀ ਪਿਆਰ ਕਰਕੇ ਪ੍ਰਫੁੱਲਿਤ ਹੁੰਦੇ ਵੇਖੇ ਗਏ ਹਨ। ਜ਼ਿੰਦਗੀ ਵਿੱਚ ਕੋਈ ਅਜਿਹਾ ਮੁਕਾਮ ਨਹੀਂ ਆਉਂਦਾ, ਜਿੱਥੇ ਪਿਆਰ ਨਾ ਵੱਸਦਾ ਹੋਵੇ। ਬਲਕਿ ਬੁਢਾਪੇ ਵਿੱਚ ਵੀ ਇਹ ਪਿਆਰ ਸ਼ਕਤੀ ਨਿਰਬਲ ਸਰੀਰ ਵਿੱਚ ਜਾਨ ਭਰ ਦਿੰਦੀ ਹੈ। ਇੱਕ ਪਿਆਰ ਭਰੀ ਨਜ਼ਰ ਬਿਮਾਰ ਨੂੰ ਤੰਦਰੁਸਤ ਕਰ ਸਕਦੀ ਹੈ। ਔਝੜ ਰਾਹ ਪਿਆ ਇਨਸਾਨ ਵੀ ਜੇਕਰ ਪਿਆਰ ਦੀ ਓਟ-ਛਾਂ ਵਿੱਚ ਆ ਜਾਵੇ ਤਾਂ ਉਹ ਸਭ ਬੁਰਾਈਆਂ ਤਿਆਗ ਕੇ ਇੱਕ ਚੰਗਾ ਖੁਸ਼ ਰਹਿਣਾ ਇਨਸਾਨ ਬਣ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਕਿਸੇ ਛੜੇ-ਛੜਾਂਗ ਬੰਦੇ ਨੂੰ ਜਦੋਂ ਕੋਈ ਔਰਤ ਪਿਆਰ ਕਰਨ ਲੱਗਦੀ ਹੈ ਤਾਂ ਉਹ ਕੋਮਲ ਚਿੱਤ, ਸੁਹਿਰਦ ਤੇ ਵਧੀਆ ਇਨਸਾਨ ਬਣ ਜਾਂਦਾ ਹੈ।
ਜ਼ਿੰਦਗੀ ਵਿੱਚ ਸੁਹਜ, ਸਲੀਕਾ ਅਤੇ ਮਟਕ ਭਰਨ ਲਈ ਪਿਆਰ ਜ਼ਰੂਰੀ ਹੈ। ਇਹ ਪਿਆਰ ਸ਼ਕਤੀ ਜੇ ਜ਼ਿੰਦਗੀ ਦੀ ਗੱਡੀ ਅੱਗੇ ਜੋੜ ਲਈ ਜਾਵੇ ਤਾਂ ਇਹ ਜ਼ਿੰਦਗੀ ਦੀ ਗੱਡੀ ਨੂੰ ਅੱਗੇ ਹੀ ਅੱਗੇ ਤੋਰੀ ਜਾਵੇਗੀ। ਜਵਿੇਂ ਤਾਰਿਆਂ ਨਾਲ ਜੜੀ ਹਨੇਰੀ ਰਾਤ ਖੂਬਸੂਰਤ ਲੱਗਦੀ ਹੈ, ਇੰਜ ਹੀ ਪਿਆਰ ਦੇ ਚਿਰਾਗ ਨਾਲ ਜਨਿ੍ਹਾਂ ਦਿਲਾਂ ਵਿੱਚ ਪਿਆਰ ਦੇ ਚਸ਼ਮੇ ਫੁੱਟ ਪੈਣ, ਉਹ ਹਮੇਸ਼ਾਂ ਲਈ ਰੌਸ਼ਨ ਹੋ ਜਾਂਦੇ ਹਨ। ਇਨਸਾਨ ਸਾਰੀ ਉਮਰ ਖੁਸ਼ੀ ਲਈ ਤਾਂਘਦਾ ਹੈ, ਇਸ ਦੀ ਭਾਲ ਵਿੱਚ ਹਰ ਥਾਂ ਭਟਕਦਾ ਫਿਰਦਾ ਹੈ, ਪਰ ਖੁਸ਼ੀ ਨਹੀਂ ਮਿਲਦੀ, ਸਗੋਂ ਕਈ ਵਾਰ ਤਾਂ ਖੁਸ਼ੀ ਦੀ ਥਾਂ ਗ਼ਮ ਤੇ ਦੁੱਖ ਮਿਲਦੇ ਹਨ। ਖੁਸ਼ੀ ਦੀ ਚਾਹਨਾ ਤਾਂ ਹਰ ਵਕਤ ਇਨਸਾਨ ਦੇ ਦਿਲ ਵਿੱਚ ਬਰਕਰਾਰ ਰਹਿੰਦੀ ਹੈ। ਕੌਣ ਹੈ ਜੋ ਫਰਹਾਦ ਵਾਂਗ ਖੁਸ਼ੀਆਂ ਖਾਤਰ ਨਹਿਰ ਪੁੱਟਣ ਲਈ ਤਿਆਰ ਨਹੀਂ ਜਾਂ ਪਰਬਤ ਪਹਾੜ ਲੰਘ ਕੇ ਜ਼ਿੰਦਗੀ ਦੇ ਰੂ-ਬ-ਰੂ ਨਹੀਂ ਹੋਣਾ ਚਾਹੁੰਦਾ।
ਜ਼ਿੰਦਗੀ ਮ੍ਰਿਗ-ਤ੍ਰਿਸ਼ਨਾ ਬਣਦੀ ਜਾ ਰਹੀ ਹੈ, ਸੋਨੇ ਦਾ ਮ੍ਰਿਗ ਬਣ ਕੇ ਜ਼ਿੰਦਗੀ ਇਨਸਾਨ ਨੂੰ ਲੁਭਾਉਂਦੀ ਤਾਂ ਹੈ ਪਰ ਉਸ ਦੇ ਹੱਥ ਨਹੀਂ ਆਉਂਦੀ। ਫਿਰ ਵੀ ਇਨਸਾਨ ਨੂੰ ਆਪਣੇ ਸੁਪਨੇ ਸਾਕਾਰ ਕਰਨ ਲਈ ਮਿਹਨਤ, ਮੁਸ਼ੱਕਤ ਤਾਂ ਕਰਨੀ ਹੀ ਪੈਂਦੀ ਹੈ। ਜਿਸ ਨੇ ਮਿਹਨਤ, ਮੁਸ਼ੱਕਤ ਕਰਕੇ ਸਹੀ ਰਾਹ ਅਪਣਾ ਲਿਆ ਹੈ, ਉਸ ਨੂੰ ਵਿਹਲ ਹੀ ਕਿੱਥੇ ਹੈ ਕਿ ਉਹ ਆਪਣੇ ਮਖਮਲੀ ਰਾਹਾਂ ਦੇ ਸੁਪਨੇ ਲਵੇ ਜਾਂ ਕੋਮਲ-ਤਾਂਘ ਦੀ ਉਡੀਕ ਕਰੇ। ਉਹ ਤਾਂ ਸਿਰ ਸੁੱਟ ਕੇ ਮਿਹਨਤ ਵਿੱਚ ਲੱਗਾ ਰਹਿੰਦਾ ਹੈ। ਸਿਆਣੇ ਕਹਿੰਦੇ ਹਨ ਕਿ ਜਿਸ ਨੇ ਪਾਣੀ ਪੀਣ ਲਈ ਖੂਹ ਪੁੱਟ ਲਿਆ, ਉਹ ਕਦੇ ਪਿਆਸਾ ਨਹੀਂ ਰਹਿ ਸਕਦਾ। ਉਸ ਲਈ ਹਰ ਕੰਮ ਕਰਨਾ ਆਸਾਨ ਤੇ ਖੁਸ਼ੀਆਂ ਭਰਿਆ ਹੋ ਨਿੱਬੜਦਾ ਹੈ। ਜ਼ਿੰਦਗੀ ਦਾ ਕਿਹੜਾ ਪਲ ਹੈ ਜੋ ਖੁਸ਼ੀਆਂ ਤੋਂ ਖਾਲੀ ਹੈ? ਕੀ ਜਦੋਂ ਕਿਸਾਨ ਮਿੱਟੀ ਪੋਲੀ ਕਰਕੇ ਕਣਕ ਬੀਜਦਾ ਹੈ, ਉਹ ਖੁਸ਼ੀ ਦਾ ਪਲ ਨਹੀਂ ਹੁੰਦਾ ਜਾਂ ਕੋਈ ਕਲਾਕਾਰ ਕਲਾ ਵਿੱਚ ਲੀਨ ਹੋਇਆ ਸੁੰਦਰ ਕਲਾਕ੍ਰਿਤੀ ਨੂੰ ਜਨਮ ਦਿੰਦਾ ਹੈ, ਉਹ ਖੁਸ਼ੀ ਨਹੀਂ ਹੈ। ਜਿਹੜੀ ਮਾਂ ਸੁੰਦਰ ਤੇ ਗੋਭਲੇ ਜਿਹੇ ਬੱਚੇ ਨੂੰ ਜਨਮ ਦਿੰਦੀ ਹੈ ਕੀ ਉਹ ਖੁਸ਼ੀਆਂ ਤੋਂ ਖਾਲੀ ਹੁੰਦੀ ਹੈ? ਉਸ ਵਕਤ ਤਾਂ ਮਾਂ ਆਪਣੇ ਚੰਨ ਜਿਹੇ ਬਾਲ ਨੂੰ ਵੇਖ ਕੇ ਖੁਸ਼ੀਆਂ ਵਿੱਚ ਖੀਵੀ ਹੋਈ ਪੂਰੇ ਸੰਸਾਰ ਨੂੰ ਭੁੱਲ ਜਾਂਦੀ ਹੈ। ਪੁੱਤਰ ਨੂੰ ਜਨਮ ਦੇ ਕੇ ਮਾਂ ਦਾ ਹਿਰਦਾ ਸਭ ਬਹਿਸ਼ਤਾਂ ਪ੍ਰਾਪਤ ਕਰ ਲੈਂਦਾ ਹੈ। ਉਸ ਲਈ ਧਰਤੀ ਤੇ ਅਸਮਾਨ ਇੱਕ ਹੋਏ ਪ੍ਰਤੀਤ ਹੁੰਦੇ ਹਨ।
ਸਿਆਣੇ ਕਹਿੰਦੇ ਹਨ ਜੇ ਖੁਸ਼ੀ ਲੱਭਣੀ ਹੈ ਤਾਂ ਫੁੱਲਾਂ ਵਰਗੇ ਬਣੋ। ਫੁੱਲਾਂ ਦੀ ਸੰਗਤ ਵਿੱਚ ਰਹੋ ਤੇ ਧਰਤੀ ਦੀ ਕੁੱਖ ਪੋਲੀ ਕਰਕੇ ਤੁਸੀਂ ਵੀ ਆਪਣੇ ਹੱਥੀਂ ਫੁੱਲ ਉਗਾਉਣੇ ਸਿੱਖ ਲਵੋ। ਨਰਮ ਨਰਮ ਧਰਤੀ ਵਿੱਚੋਂ ਜਦੋਂ ਕੋਂਪਲ ਫੁੱਟਦੇ ਹਨ ਤਾਂ ਇਹ ਖੁਸ਼ੀ ਦੇ ਦੁਆਰ ’ਤੇ ਇੱਕ ਪੋਲੀ ਜਿਹੀ ਦਸਤਕ ਹੁੰਦੀ ਹੈ। ਇਨ੍ਹਾਂ ਕੋਂਪਲਾਂ ਨੇ ਫੁੱਟ ਕੇ ਕਦੇ ਬਾਗ਼ ਦੀ ਨੁਹਾਰ ਬਦਲਣੀ ਹੈ। ਇਨ੍ਹਾਂ ਕੋਂਪਲਾਂ ਵਿੱਚੋਂ ਹਜ਼ਾਰਾਂ ਫੁੱਲਾਂ ਨੇ ਖਿੜ ਕੇ ਕਿੰਨੀਆਂ ਅੱਖਾਂ ਦੀ ਸੁੰਦਰਤਾ ਨੂੰ ਜਨਮ ਦੇਣਾ ਹੈ ਤੇ ਕਿੰਨੇ ਚਿਹਰਿਆਂ ’ਤੇ ਖੁਸ਼ੀ ਲਿਆਉਣੀ ਭਰਨੀ ਹੈ। ਖੁਸ਼ੀ ਜੇ ਮੁੱਲ ਵਿਕਦੀ ਹੁੰਦੀ ਤਾਂ ਅਮੀਰ ਇਨਸਾਨ ਇਸ ਨੂੰ ਖਰੀਦਣ ਲਈ ਸਭ ਤੋਂ ਪਹਿਲਾਂ ਖੁਸ਼ੀ ਦੇ ਸਟੋਰਾਂ ’ਤੇ ਪਹੁੰਚ ਜਾਂਦੇ, ਪਰ ਅਜਿਹਾ ਨਹੀਂ ਹੈ। ਅਮੀਰ ਇਨਸਾਨ ਏਸੀ ਕਾਰਾਂ, ਮਹਿੰਗਾ ਫਰਨੀਚਰ, ਮਹਿੰਗੇ ਕੱਪੜੇ ਤਾਂ ਖਰੀਦ ਸਕਦੇ ਹਨ, ਪਰ ਖੁਸ਼ੀ ਨਹੀਂ। ਇਨਸਾਨ ਦੀ ਕਿੰਨੀ ਵੱਡੀ ਭੁੱਲ ਹੈ ਕਿ ਖੁਸ਼ੀ ਨੂੰ ਵਸਤਾਂ ਵਿੱਚੋਂ ਭਾਲਦਾ ਹੈ। ਇਸੇ ਲਈ ਵੱਧ ਤੋਂ ਵੱਧ ਧਨ ਇਕੱਠਾ ਕਰਨ ਵਿੱਚ ਲੱਗਾ ਹੋਇਆ ਹੈ। ਸਿਆਣੇ ਕਹਿੰਦੇ ਹਨ ਕਿ ਜੇ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੁੰਦੇ ਹੋ ਤਾਂ ਪਹਿਲਾਂ ਆਪਣਾ ਹਿਰਦਾ ਸ਼ੁੱਧ ਕਰ ਲਵੋ, ਕਿਉਂਕਿ ਮੈਲੇ ਹਿਰਦੇ ਵਿੱਚ ਖੁਸ਼ੀਆਂ ਨਹੀਂ ਸਮਾ ਸਕਦੀਆਂ। ਜਵਿੇਂ ਮੈਲੇ ਭਾਂਡੇ ਵਿੱਚ ਵਸਤੂ ਸ਼ੁੱਧ ਨਹੀਂ ਰਹਿੰਦੀ। ਇੰਜ ਹੀ ਖੁਸ਼ੀ ਵੀ ਮੈਲੇ ਮਨ ਵਿੱਚ ਤਰੇੜੀ ਜਾਂਦੀ ਹੈ।
ਜਿੰਨਾ ਤੁਸੀਂ ਆਪਣਾ ਪੱਲੂ ਵੱਡਾ ਕਰੀ ਜਾਵੋਗੇ, ਓਨੀਆਂ ਹੀ ਵੱਧ ਖੁਸ਼ੀਆਂ ਇਸ ਵਿੱਚ ਸਮਾਈ ਜਾਣਗੀਆਂ। ਪਰ ਇਹ ਨਾ ਭੁੱਲਣਾ ਕਿ ਜੇ ਤੁਸੀਂ ਖੁਸ਼ੀ ਪ੍ਰਾਪਤ ਕਰਨੀ ਚਾਹੁੰਦੇ ਹੋ ਤਾਂ ਇਸ ਦਾ ਕੁਝ ਨਾ ਕੁਝ ਮੁੱਲ ਵੀ ਤੁਹਾਨੂੰ ਤਾਰਨਾ ਪਵੇਗਾ। ਫੁੱਲ ਪ੍ਰਾਪਤ ਕਰਨ ਲਈ ਕੰਡਿਆਂ ਦੀ ਪੀੜ ਸਹਿਣੀ ਹੀ ਪੈਂਦੀ ਹੈ। ਬੱਚੇ ਨੂੰ ਜਨਮ ਦੇਣ ਵਾਲੀ ਮਾਂ ਨੂੰ ਕਿੰਨੀ ਵੱਡੀ ਪੀੜ ਸਹਿਣੀ ਪੈਂਦੀ ਹੈ। ਸਗੋਂ ਖੁਸ਼ੀਆਂ ਹਾਸਲ ਕਰਨ ਲਈ ਆਪਾ ਵਾਰਨਾ ਪੈਂਦਾ ਹੈ। ਪ੍ਰੇਮਿਕਾ ਦਾ ਦਿਲ ਜਿੱਤਣ ਲਈ ਜ਼ਿੰਦਗੀ ਸਮਰਪਣ ਕਰਨੀ ਪੈਂਦੀ ਹੈ। ਕਈ ਵਾਰੀ ਪੂਰੇ ਪਿਆਰ ਦੀ ਕੀਮਤ ਜ਼ਿੰਦਗੀ ਦੀ ਕੀਮਤ ਤੋਂ ਵੱਧ ਆਂਕੀ ਜਾ ਸਕਦੀ ਹੈ।
ਕਈ ਵਾਰ ਰਾਹ ਜਾਂਦਿਆਂ ਵੀ ਖੁਸ਼ੀਆਂ ਮਿਲ ਜਾਂਦੀਆਂ ਹਨ। ਜਵਿੇਂ ਸਫ਼ਰ ’ਤੇ ਤੁਰੇ ਯਾਤਰੀ ਨੂੰ ਵਗਦੇ ਪਾਣੀਆਂ ਦੇ ਸੰਗੀਤ ਵਿੱਚੋਂ ਖੁਸ਼ੀ ਮਿਲ ਜਾਂਦੀ ਹੈ ਜਾਂ ਸਵੇਰੇ ਸੁਗੰਧ ਸਮੀਰ ਪਹਿਲੇ ਉੱਠੇ ਯਾਤਰੀ ਦਾ ਸੁਆਗਤ ਕਰਦੀ ਹੈ। ਬਾਗ਼ਾਂ, ਫੁੱਲਾਂ, ਤਿਤਲੀਆਂ, ਰੰਗਾਂ, ਸੁਗੰਧਾਂ ਤੇ ਕੁੱਲ ਪ੍ਰਕਿਰਤੀ ਦੀ ਸੁੰਦਰਤਾ ਖੁਸ਼ੀਆਂ ਵੰਡ ਰਹੀ ਹੈ। ਉੱਡਦੇ ਪੰਛੀ ਤੇ ਚਹਿਕਦੇ ਪਰਿੰਦੇ ਤੁਹਾਨੂੰ ਖੁਸ਼ ਕਰਨ ਲਈ ਕੰਮ ਕਰਦੇ ਹਨ। ਝਰਨੇ, ਆਬਸ਼ਾਰਾਂ ਤੇ ਬਹਾਰਾਂ ਸਭ ਖੁਸ਼ੀ ਦੀ ਦਾਅਵਤ ਹਨ। ਆਪਣੇ ਫੁਰਸਤ ਦੇ ਪਲਾਂ ਵਿੱਚ ਇਨ੍ਹਾਂ ਖੁਸ਼ੀਆਂ ਦੇ ਸੋਮਿਆਂ ਵੱਲ ਧਿਆਨ ਧਰੋ ਤੇ ਖੁਸ਼ੀਆਂ ਆਪਣੀ ਝੋਲੀ ਵਿੱਚ ਭਰ ਲਵੋ। ਕੁਦਰਤ ਦੀ ਆਬੇ ਹਿਯਾਤ ਵਿੱਚੋਂ ਮਾਮੂਲੀ ਦਸਤਕ ਦੇਣ ’ਤੇ ਹੀ ਖੁਸ਼ੀ ਮਿਲ ਸਕਦੀ ਹੈ।
ਸੰਪਰਕ: 97818-05861

Advertisement

Advertisement
Author Image

sanam grng

View all posts

Advertisement
Advertisement
×