ਖ਼ੁਸ਼ ਰਹੋ ਤੇ ਖ਼ੁਸ਼ੀਆਂ ਵੰਡੋ
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਇਹ ਸੱਚ ਹੈ ਕਿ ਸੰਸਾਰ ਦਾ ਹਰੇਕ ਜੀਵ ਖ਼ੁਸ਼ ਰਹਿਣਾ ਚਾਹੁੰਦਾ ਹੈ, ਪਰ ਉਸ ਦੇ ਹਾਲਾਤ, ਉਸ ਦਾ ਸੁਭਾਅ ਤੇ ਉਸ ਦੀ ਸੋਚ ਉਸ ਨੂੰ ਖ਼ੁਸ਼ ਰਹਿਣ ਨਹੀਂ ਦਿੰਦੇ। ਜੇਕਰ ਸੰਸਾਰ ਦਾ ਹਰ ਵਿਅਕਤੀ ‘ਆਪ ਖ਼ੁਸ਼ ਰਹੋ ਤੇ ਦੂਜਿਆਂ ਵਿੱਚ ਖ਼ੁਸ਼ੀਆਂ ਵੰਡੋ’ ਦੇ ਸਿਧਾਂਤ ‘ਤੇ ਅਮਲ ਕਰ ਲਏ ਤਾਂ ਸੰਸਾਰ ਦਾ ਮਣਾ ਮੂੰਹੀਂ ਦੁੱਖ-ਦਰਦ ਤੇ ਪਰੇਸ਼ਾਨੀਆਂ ਘੜੀ-ਪਲ ਵਿੱਚ ਕਾਫ਼ੂਰ ਹੋ ਸਕਦੀਆਂ ਹਨ। ਜਿਨ੍ਹਾਂ ਵਿਦਵਾਨਾਂ ਤੇ ਮਹਾਪੁਰਸ਼ਾਂ ਨੇ ਜ਼ਿੰਦਗੀ ਦੇ ਸੱਚ ਨੂੰ ਸਮਝਿਆ ਤੇ ਜਾਣਿਆ ਹੈ ਉਨ੍ਹਾਂ ਨੇ ਦੁੱਖ ਤੇ ਸੁੱਖ ਨੂੰ ਇੱਕ ਸਮਾਨ ਜਾਣ ਕੇ ਅਡੋਲ ਭਾਵ ਨਾਲ ਦੋਵਾਂ ਨੂੰ ਹੰਢਾਉਣ ਦਾ ਉਪਦੇਸ਼ ਦਿੱਤਾ ਹੈ।
ਸਾਨੂੰ ਇਹ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ ਕਿ ਜੇਕਰ ਸਾਡੀ ਜ਼ਿੰਦਗੀ ‘ਚ ਚੰਗੇ ਜਾਂ ਸੁੱਖ ਭਰੇ ਦਿਨ ਨਹੀਂ ਰਹੇ ਹਨ ਤਾਂ ਮਾੜੇ ਤੇ ਦੁੱਖ ਭਰੇ ਦਿਨ ਵੀ ਸਦਾ ਨਹੀਂ ਰਹਿਣਗੇ। ਸੋ ਹਰ ਹਾਲਾਤ ਵਿੱਚ ਖ਼ੁਸ਼ ਰਹਿਣ ਵਾਲਾ ਤੇ ਹਰ ਦੁੱਖ-ਸੁੱਖ ਨੂੰ ਪਰਮਾਤਮਾ ਦਾ ਤੋਹਫ਼ਾ ਜਾਣ ਕੇ ਖਿੜੇ ਮੱਥੇ ਕਬੂਲ ਕਰਨ ਵਾਲਾ ਸ਼ਖ਼ਸ ਹੀ ਇਸ ਦੁਨੀਆ ਵਿੱਚ ਸਫਲ ਜੀਵਨ ਬਿਤਾ ਕੇ ਜਾਂਦਾ ਹੈ, ਜਦੋਂ ਕਿ ਬਾਕੀ ਸਭ ਤਾਂ ਕੇਵਲ ਜੂਨ ਹੀ ਭੋਗਦੇ ਹਨ। ਸੰਯੁਕਤ ਰਾਸ਼ਟਰ ਸੰਘ ਦੀ ਇਹ ਮਾਨਤਾ ਹੈ ਕਿ ਖ਼ੁਸ਼ੀ ਤੇ ਆਨੰਦ ਹਾਸਲ ਕਰਨਾ ਹਰੇਕ ਧਰਤੀਵਾਸੀ ਦਾ ਮੂਲ ਸਰੋਕਾਰ ਹੈ ਜਿਸ ਵਾਸਤੇ ਮੂਲ ਲੋੜਾਂ ਦੀ ਪੂਰਤੀ ਦੇ ਨਾਲ ਨਾਲ ਗ਼ਰੀਬੀ, ਭੁੱਖਮਰੀ, ਬੇਰੁਜ਼ਗਾਰੀ, ਨਾਬਰਾਬਰੀ ਤੇ ਅੱਤਿਆਚਾਰ ਦਾ ਅੰਤ ਕੀਤਾ ਜਾਣਾ ਜ਼ਰੂਰੀ ਹੈ।
ਉੱਧਰ ਦੂਜੇ ਪਾਸੇ ਵਿਦਵਾਨਾਂ ਦਾ ਮਤ ਹੈ ਕਿ ਮਾਨਸਿਕ ਪੱਧਰ ‘ਤੇ ਖ਼ੁਸ਼ ਰਹਿਣ ਲਈ ਹਰੇਕ ਵਿਅਕਤੀ ਨੂੰ ਤਿੰਨ ਨੁਕਤੇ ਜ਼ਰੂਰ ਅਪਣਾਉਣੇ ਚਾਹੀਦੇ ਹਨ। ਇਹ ਤਿੰਨ ਨੁਕਤੇ ਹਨ-ਸ਼ਾਂਤ ਰਹੋ, ਸਿਆਣੇ ਬਣੋ ਤੇ ਦੂਜਿਆਂ ਪ੍ਰਤੀ ਦਇਆ ਵਿਖਾਓ। ਮਨ ਨੂੰ ਸ਼ਾਂਤ ਤੇ ਅਡੋਲ ਰੱਖਣ ਲਈ ਸਾਨੂੰ ਇਹ ਭਾਵਨਾ ਧਾਰਨ ਕਰ ਲੈਣੀ ਚਾਹੀਦੀ ਹੈ ਕਿ ਦੁਨੀਆ ਵਿੱਚ ਅਜਿਹਾ ਬਹੁਤ ਕੁਝ ਹੈ ਜੋ ਸਾਡੇ ਵੱਸ ਤੋਂ ਬਾਹਰ ਹੈ। ਸੋ ਬੇਕਾਰ ਵਿੱਚ ਚਿੰਤਾ, ਫ਼ਿਕਰ ਜਾਂ ਦੁੱਖ ਮਹਿਸੂਸ ਕਰਨ ਦੀ ਬਜਾਇ ਸ਼ਾਂਤ ਚਿੱਤ ਰਹਿ ਕੇ ਉਸਾਰੂ ਭਾਵਨਾ ਨਾਲ ਆਪਣਾ ਫ਼ਰਜ਼ ਅਦਾ ਕਰਦੇ ਰਹਿਣਾ ਚਾਹੀਦਾ ਹੈ। ਸਿਆਣੇ ਬਣਨ ਦਾ ਭਾਵ ਹੈ ਕਿ ਨਕਾਰਾਤਮਕ ਸੋਚ ਦੀ ਥਾਂ ਚੰਗੀ ਤੇ ਉਸਾਰੂ ਸੋਚ ਧਾਰਨ ਕਰ ਕੇ ਆਪਣੇ ਤੇ ਸਰਬੱਤ ਦੇ ਭਲੇ ਲਈ ਕਾਰਜਸ਼ੀਲ ਹੋਣਾ। ਸੱਚੀ ਖ਼ੁਸ਼ੀ ਹਾਸਲ ਕਰਨ ਲਈ ਲੋੜਵੰਦਾਂ ਦੀ ਯਥਾਸ਼ਕਤੀ ਅਨੁਸਾਰ ਮਦਦ ਕਰੋ, ਉਨ੍ਹਾਂ ਦੇ ਭਲੇ ਲਈ ਜੋ ਵੀ ਸੰਭਵ ਹੋਵੇ, ਕਰ ਗੁਜ਼ਰੋ। ਕਿਸੇ ਵਿਦਵਾਨ ਨੇ ਕਿੰਨਾ ਖ਼ੂਬਸੂਰਤ ਕਿਹਾ ਹੈ ਕਿ ”ਖ਼ੁਸ਼ ਰਹਿਣ ਦਾ ਇਹ ਅਰਥ ਹਰਗ਼ਿਜ਼ ਨਹੀਂ ਹੈ ਕਿ ਤੁਹਾਡੀ ਜ਼ਿੰਦਗੀ ‘ਚ ਸਭ ਕੁਝ ਠੀਕ ਹੈ ਸਗੋਂ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਆਪਣੇ ਦੁੱਖਾਂ ਤੋਂ ਉੱਪਰ ਉੱਠ ਕੇ ਜਿਉਣਾ ਸਿੱਖ ਲਿਆ ਹੈ।”
ਮਨੋਵਿਗਿਆਨੀਆਂ ਦਾ ਵਿਚਾਰ ਹੈ ਕਿ ਖ਼ੁਸ਼ੀ ਪਦਾਰਥਾਂ ‘ਚ ਨਹੀਂ ਵਸਦੀ ਹੈ ਸਗੋਂ ਇਹ ਇੱਕ ਮਨੋਅਵਸਥਾ ਹੈ ਭਾਵ ਮਨ ਦੀ ਸਥਿਤੀ ਹੈ। ਲੋਕ ਅਕਸਰ ਪੈਸਾ, ਪਦਾਰਥ, ਪਰਿਵਾਰ, ਪੁੱਤਰ ਜਾਂ ਦੁਨਿਆਵੀ ਸੁੱਖਾਂ ‘ਚੋਂ ਖ਼ੁਸ਼ੀ ਹਾਸਲ ਕਰਨ ਦੀ ਚਾਹਤ ਵਿੱਚ ਸਾਰੀ ਉਮਰ ਭੱਜ-ਨੱਸ ਕਰਦੇ ਰਹਿੰਦੇ ਹਨ ਤੇ ਜੀਵਨ ਦੇ ਅੰਤ ਵਿੱਚ ਇਸ ਸਿੱਟੇ ‘ਤੇ ਪੁੱਜਦੇ ਹਨ ਕਿ ਇਨ੍ਹਾਂ ਵਿੱਚੋਂ ਬਹੁਤੇ ਤਾਂ ਸੁੱਖਾਂ ਦੀ ਥਾਂ ਉਨ੍ਹਾਂ ਦੇ ਜੀਵਨ ਦੇ ਵੱਡੇ ਦੁੱਖਾਂ ਦਾ ਕਾਰਨ ਹੋ ਨਿੱਬੜੇ ਸਨ। ਆਰਥਿਕ, ਸਮਾਜਿਕ, ਰਾਜਨੀਤਕ ਜਾਂ ਸੰਸਾਰਕ ਪੱਧਰ ‘ਤੇ ਸੰਪੰਨ ਹੋ ਜਾਣ ਦਾ ਇਹ ਮਤਲਬ ਵੀ ਨਹੀਂ ਹੈ ਕਿ ਸਬੰਧਿਤ ਸ਼ਖ਼ਸ ਬੇਹੱਦ ਖ਼ੁਸ਼ ਹੋਵੇਗਾ। ਕਾਨ੍ਹਿਆਂ ਦੀ ਛੰਨ ਬਣਾ ਕੇ ਤੇ ਹੱਥ ‘ਤੇ ਰੱਖ ਕੇ ਰੋਟੀ ਖਾਣ ਵਾਲਾ ਗ਼ਰੀਬ ਵਿਅਕਤੀ ਸ਼ਾਇਦ ਮਹਿਲਾਂ ‘ਚ ਬੈਠ ਕੇ ਸੋਨੇ-ਚਾਂਦੀ ਦੇ ਬਰਤਨਾਂ ਵਿੱਚ ਛੱਤੀ ਪ੍ਰਕਾਰ ਦੇ ਭੋਜਨ ਖਾਣ ਵਾਲੇ ਧਨਾਢ ਨਾਲੋਂ ਵੱਧ ਸ਼ਾਂਤ, ਸੰਤੁਸ਼ਟ, ਮਾਨਸਿਕ ਤਲ ‘ਤੇ ਹੌਲਾ ਫੁੱਲ ਤੇ ਖ਼ੁਸ਼ ਹੋਵੇ ਅਤੇ ਚੈਨ ਦੀ ਨੀਂਦ ਸੌਂਦਾ ਹੋਵੇ। ਯਾਦ ਰੱਖੋ ਸੁੱਖ ਜਾਂ ਖ਼ੁਸ਼ੀ ਪਦਾਰਥ ਅੰਦਰ ਨਹੀਂ ਸਗੋਂ ਵਿਅਕਤੀ ਦੀ ਮਨੋਦਸ਼ਾ ਅੰਦਰ ਸਮਾਏ ਹੋਏ ਹਨ। ਸਾਨੂੰ ਇਹ ਗੱਲ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਆਪਣੀ ਚਾਹਤ ਦੀਆਂ ਚੀਜ਼ਾਂ ਨੂੰ ਹਾਸਲ ਕਰਨ ਦੀ ਸ਼ਿੱਦਤ ਦੇ ਨਾਲ ਨਾਲ ਸਾਨੂੰ ਜੋ ਚੀਜ਼ਾਂ ਸਾਡੇ ਕੋਲ ਹਨ, ਉਨ੍ਹਾਂ ਦੇ ਨਾਲ ਵੀ ਖ਼ੁਸ਼ ਰਹਿਣਾ ਸਿੱਖਣਾ ਚਾਹੀਦਾ ਹੈ।
ਬਹੁਤ ਵਚਿੱਤਰ ਗੱਲ ਹੈ ਕਿ ਲੋਕ ‘ਖ਼ਾਲੀ ਹੱਥੀਂ ਗਿਆ ਸਿਕੰਦਰ’ ਜਿਹੇ ਗੀਤ ਤਾਂ ਗਾਉਂਦੇ ਹਨ, ਪਰ ਆਪ ਸਾਰੀ ਉਮਰ ਪੈਸਾ ਤੇ ਪਦਾਰਥ ਇਕੱਠੇ ਕਰਨ ਲਈ ਸਾਮ, ਦਾਮ, ਦੰਡ, ਭੇਦ ਭਾਵ ਹਰ ਹਰਬਾ ਵਰਤਦੇ ਹਨ। ਚੇਤੇ ਰੱਖੋ ਧੋਖੇ, ਝੂਠ, ਪਾਪ ਤੇ ਅਪਰਾਧ ਦੀ ਬੁਨਿਆਦ ‘ਤੇ ਟਿਕੀ ਜ਼ਿੰਦਗੀ ਵਿੱਚ ਸੁੱਖ ਤੇ ਖ਼ੁਸ਼ੀ ਦੀ ਕੋਈ ਥਾਂ ਨਹੀਂ ਹੁੰਦੀ। ਡੇਲ ਕਾਰਨੇਗੀ ਨੇ ਸਹੀ ਕਿਹਾ ਸੀ, ”ਹਰ ਕਿਸੇ ਨੂੰ ਖ਼ੁਸ਼ ਰੱਖਣਾ ਸਾਡੇ ਵੱਸ ‘ਚ ਨਹੀਂ ਹੈ, ਪਰ ਸਾਡੇ ਕਰਕੇ ਕਿਸੇ ਦਾ ਦਿਲ ਨਾ ਦੁਖੇ, ਘੱਟੋ ਘੱਟ ਇਹ ਤਾਂ ਸਾਡੇ ਵੱਸ ‘ਚ ਹੈ।” ਸੋ ਅਖ਼ੀਰ ‘ਚ ਇਹ ਕਹਿਣਾ ਬਣਦਾ ਹੈ ਕਿ ਹਰੇਕ ਮਨੁੱਖ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਹਰ ਹਾਲਤ ਵਿੱਚ ਆਪ ਵੀ ਖ਼ੁਸ਼ ਰਹੇਗਾ ਤੇ ਦੂਜਿਆਂ ਦੀ ਖ਼ੁਸ਼ੀ ਲਈ ਵੀ ਕਾਰਜਸ਼ੀਲ ਤੇ ਸਮਰਪਿਤ ਰਹੇਗਾ। ਇਹ ਸੋਚ ਹੀ ਸੰਸਾਰ ਨੂੰ ਵੱਸਣ ਅਤੇ ਹੱਸਣ ਯੋਗ ਸਥਾਨ ਬਣਾ ਸਕਦੀ ਹੈ, ਨਹੀਂ ਤਾਂ ਇਨਸਾਨ ਨੇ ਝੂਠੀ ਖ਼ੁਸ਼ੀ ਤੇ ਮਿਥਿਆ ਭਾਵ ਝੂਠਾ ਸੁੱਖ ਹਾਸਲ ਕਰਨ ਦੇ ਲਾਲਚਵੱਸ ਇਸ ਸੰਸਾਰ ਨੂੰ ਨਰਕ ਤੋਂ ਵੀ ਬਦਤਰ ਸਥਾਨ ਬਣਾਉਣ ‘ਚ ਕੋਈ ਕਸਰ ਨਹੀਂ ਛੱਡੀ। ਸਾਨੂੰ ਸਭ ਨੂੰ ਇਹ ਸੱਚ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ:
ਉਦਾਸੀਉਂ ਕੀ ਵਜ੍ਹਾ ਤੋ ਬਹੁਤ ਹੈਂ ਇਸ ਜ਼ਮਾਨੇ ਮੇਂ
ਪਰ ਬੇਵਜ੍ਹਾ ਮੁਸਕਰਾਨੇ ਕੀ ਬਾਤ ਕੁਛ ਔਰ ਹੈ।
ਸੰਪਰਕ: 97816-46008