‘ਆਪ’ ਕਾਰਕੁਨ ਵਜੋਂ ਕੰਮ ਰਿਹੈ ਮੁਹਾਲੀ ਦਾ ਬੀਡੀਪੀਓ: ਸਿੱਧੂ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ (ਮੁਹਾਲੀ), 5 ਅਕਤੂਬਰ
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪ੍ਰਸ਼ਾਸਨ ’ਤੇ ਪੰਚਾਇਤੀ ਚੋਣਾਂ ਲੜ ਰਹੇ ਕਾਂਗਰਸ ਪਾਰਟੀ ਦੇ ਸਮਰਥਕਾਂ ਦੀ ਕੋਈ ਵੀ ਸੁਣਵਾਈ ਨਾ ਹੋਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਸਮਰਥਕ ਉਮੀਦਵਾਰਾਂ ਨਾਲ ਪ੍ਰਸ਼ਾਸਨ ਵੱਲੋਂ ਕਥਿਤ ਪੱਖਪਾਤ ਕੀਤਾ ਜਾ ਰਿਹਾ ਹੈ।
ਸ੍ਰੀ ਸਿੱਧੂ ਨੇ ਇੱਕ ਬਿਆਨ ਵਿੱਚ ਕਿਹਾ ਕਿ ਪੰਚਾਇਤੀ ਚੋਣਾਂ ਦੀਆਂ ਨਾਮਜ਼ਦਗੀਆਂ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਅੱਜ ਇਤਰਾਜ਼ ਮੰਗੇ ਗਏ ਸਨ ਪਰ ਕਾਂਗਰਸ ਪਾਰਟੀ ਦੇ ਕਿਸੇ ਵੀ ਸਮਰਥਕ ਦਾ ਇਤਰਾਜ਼ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਨੂੰ ਨਾਮਜ਼ਦਗੀਆਂ ਦੀ ਪੜਤਾਲ ਮੌਕੇ ਦਫ਼ਤਰਾਂ ਵਿਚ ਦਾਖ਼ਲ ਵੀ ਨਹੀਂ ਹੋਣ ਦਿੱਤਾ ਗਿਆ।
ਉਨ੍ਹਾਂ ਦੋਸ਼ ਲਾਇਆ ਕਿ ਮੁਹਾਲੀ ਬਲਾਕ ਦਾ ਬੀਡੀਪੀਓ ਚੋਣ ਅਮਲ ਦੇ ਮੁੱਢ ਤੋਂ ਹੀ ਆਮ ਆਦਮੀ ਪਾਰਟੀ ਦੇ ਵਰਕਰ ਵਾਂਗ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ‘ਪਿਕ ਐਂਡ ਚੂਜ਼’ ਦੀ ਨੀਤੀ ਤਹਿਤ ਸਿਰਫ਼ ਸੱਤਾਧਾਰੀ ਧਿਰ ਦੇ ਸਮਰਥਕਾਂ ਦੇ ਹੀ ਇਤਰਾਜ਼ ਹਾਸਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਬੀਡੀਪੀਓ ਵੱਲੋਂ ਵਾਰ-ਵਾਰ ਫੋਨ ਕੀਤੇ ਜਾਣ ਦੇ ਬਾਵਜੂਦ ਉਨ੍ਹਾਂ ਦਾ ਫੋਨ ਤੱਕ ਚੁਕਣਾ ਮੁਨਾਸਬ ਨਹੀਂ ਸਮਝਿਆ। ਉਨ੍ਹਾਂ ਦੋਸ਼ ਲਾਇਆ ਕਿ ਇਹ ਸਭ ਕੁਝ ਆਮ ਆਦਮੀ ਪਾਰਟੀ ਦੇ ਇਸ਼ਾਰਿਆਂ ’ਤੇ ਕੀਤਾ ਜਾ ਰਿਹਾ ਹੈ ਤਾਂ ਜੋ ਕਾਂਗਰਸੀ ਸਮਰਥਕਾਂ ਨੂੰ ਪੰਚਾਇਤੀ ਚੋਣਾਂ ਲੜਨ ਤੋਂ ਰੋਕਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਧੱਕੇ ਨਾਲ ਪੰਚਾਇਤੀ ਸਿਸਟਮ ’ਤੇ ਕਬਜ਼ਾ ਕਰਨ ’ਤੇ ਤੁਲੀ ਹੋਈ ਹੈ, ਇਸੇ ਕਾਰਨ ਹੀ ਮੁਹਾਲੀ ਦੇ ਵੱਖ ਵੱਖ ਪਿੰਡਾਂ ਅੰਦਰ ਜਿਥੇ ਵੱਡੇ ਪੱਧਰ ’ਤੇ ਨਾਜ਼ਾਇਜ਼ ਵੋਟਾਂ ਬਣਾਈਆਂ ਗਈਆਂ ਉਥੇ ਹੀ ਪ੍ਰਸ਼ਾਸਨ ਨੇ ਸੱਤਾਧਾਰੀਆਂ ਨੂੰ ਲਾਭ ਪਹੁੰਚਾਉਣ ਦੇ ਮਕਸਦ ਨਾਲ ਗਲਤ ਤਰੀਕੇ ਨਾਲ ਵਾਰਡਬੰਦੀ ਬਣਾਈ ਹੈ।
ਬੀਡੀਪੀਓ ਵੱਲੋਂ ਦੋਸ਼ਾਂ ਦਾ ਖੰਡਨ
ਮੁਹਾਲੀ ਬਲਾਕ ਦੇ ਬੀਡੀਪੀਓ ਧਨਵੰਤ ਸਿੰਘ ਰੰਧਾਵਾ ਨੇ ਸੰਪਰਕ ਕਰਨ ’ਤੇ ਕਿਹਾ ਕਿ ਬਲਬੀਰ ਸਿੱਧੂ ਆਪਣੇ ਇੱਕ ਸਹਿਯੋਗੀ ਅਤੇ ਪਿੰਡ ਕੁਰੜਾ ਦੇ ਸਾਬਕਾ ਸਰਪੰਚ ਦਵਿੰਦਰ ਸਿੰਘ ਨੂੰ ਐੱਨਓਸੀ ਦਿਵਾਉਣ ਲਈ ਉਨ੍ਹਾਂ ’ਤੇ ਕਈਂ ਦਿਨਾਂ ਤੋਂ ਦਬਾਅ ਪਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਉਕਤ ਸਾਬਕਾ ਸਰਪੰਚ ਵਿਭਾਗ ਦੇ ਰਿਕਾਰਡ ਵਿੱਚ ਡਿਫ਼ਾਲਟਰ ਹੈ, ਜਿਸ ਨੂੰ ਨਿਯਮਾਂ ਅਨੁਸਾਰ ਐੱਨਓਸੀ ਨਹੀਂ ਦਿੱਤੀ ਜਾ ਸਕਦੀ ਸੀ। ਉਨ੍ਹਾਂ ਕਿਹਾ ਕਿ ਉਹ ਅੱਜ ਆਪਣੇ ਦਫ਼ਤਰ ਵਿਖੇ ਪੂਰੇ ਸਟਾਫ਼ ਨਾਲ ਬੈਠ ਕੇ ਰਿਟਰਨਿੰਗ ਅਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਵੱਲੋਂ ਇਤਰਾਜ਼ਾਂ ਸਬੰਧੀ ਮੰਗੀਆਂ ਜਾਂਦੀਆਂ ਰਿਪੋਰਟਾਂ ਦੇ ਉਤਰ ਦੇਣ ਵਿੱਚ ਵਿਅਸਤ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਸਿੱਧੂ ਉਕਤ ਸਾਬਕਾ ਸਰਪੰਚ ਦੇ ਇਤਰਾਜ਼ ਸਹੀ ਕਰਨ ਲਈ ਦਬਾਅ ਪਾ ਰਹੇ ਸਨ ਤੇ ਉਨ੍ਹਾਂ ਦੀ ਗੱਲ ਨਾ ਮੰਨਣ ਕਰਕੇ ਹੀ ਉਨ੍ਹਾਂ ਤੇ ਅਜਿਹੇ ਦੋਸ਼ ਲਾ ਰਹੇ ਹਨ।