ਬੀਡੀਏ ਨੇ ਬਠਿੰਡਾ ਵਿੱਚ ਚਲਾਇਆ ਪੀਲਾ ਪੰਜਾ
ਮਨੋਜ ਸ਼ਰਮਾ
ਬਠਿੰਡਾ, 22 ਜੁਲਾਈ
ਬਠਿੰਡਾ ਵਿਕਾਸ ਅਥਾਰਿਟੀ (ਬੀਡੀਏ) ਵੱਲੋਂ ਅੱਜ ਬਠਿੰਡਾ ਦੇ ਮਾਡਲ ਟਾਊਨ ਫੇਜ਼-1 ਦੀਆਂ ਕੋਠੀਆਂ ਅੱਗੇ ਨਾਜਾਇਜ਼ ਕਬਜ਼ੇ ਕਰ ਕੇ ਬਣਾਏ ਗਏ ਪਾਰਕਾਂ ਤੇ ਹੋਰ ਕੀਤੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਮਹਿੰਮ ਚਲਾਈ ਗਈ, ਜਿਸ ਦਾ ਅੱਜ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ। ਜ਼ਿਕਰਯੋਗ ਹੈ ਕਿ ਬੀਡੀਏ ਨੇ ਹਾਈ ਕੋਰਟ ਦੇ ਹੁਕਮ ਦਾ ਹਵਾਲਾ ਦਿੰਦੇ ਹੋਏ 20 ਤੋਂ 25 ਜੁਲਾਈ ਤੱਕ ਨਾਜਾਇਜ਼ ਕਬਜ਼ੇ ਹਟਾਉਣ ਲਈ ਵਿਸ਼ੇਸ਼ ਮਹਿੰਮ ਚਲਾਉਣ ਦਾ ਫ਼ੈਸਲਾ ਲਿਆ ਹੈ।
ਬਠਿੰਡਾ ਵਿਕਾਸ ਅਥਾਰਟੀ ਦੇ ਅਧਿਕਾਰੀਆਂ ਮੁਤਾਬਕ ਸ਼ਹਿਰ ਦੇ ਫੇਜ਼-1, ਫੇਜ਼-2, ਫੇਜ਼-3, ਫੇਜ਼-4 ਤੇ ਨਰਵਾਣਾ ਅਸਟੇਟ ਵਿੱਚ ਲੋਕਾਂ ਵੱਲੋਂ ਕੀਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਦੇਖਦੇ ਹੋਏ ਨੋਟਿਸ ਵੀ ਜਾਰੀ ਕੀਤੇ ਗਏ ਸਨ। ਰਾਜਿੰਦਰ ਸਿੰਘ ਸਿੱਧੂ ਅਤੇ ਪਰਮਜੀਤ ਸਿੰਘ ਕੋਟਫੱਤਾ ਦਾ ਕਹਿਣਾ ਕਿ ਬੀਡੀਏ ਵੱਲੋਂ ਪੀਲਾ ਪੰਜਾ ਪਾਰਦਰਸ਼ੀ ਢੰਗ ਨਾਲ ਚਲਾਇਆ ਜਾਵੇ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਵੱਲੋਂ ਆਪਣੇ ਚਹੇਤੇ ਅਤੇ ਸਿਆਸੀ ਲੋਕਾਂ ਨੂੰ ਇਸ ਕਾਰਵਾਈ ਤੋਂ ਛੋਟ ਦਿੱਤੀ ਜਾ ਰਹੀ ਹੈ।
ਅੱਜ ਟੀਮ ਨੇ ਗੁਰਦੁਆਰੇ ਵਾਲੀ ਗਲੀ ਤੋਂ ਸ਼ੁਰੂ ਕਰ ਕਿ ਟੀਵੀ ਟਾਵਰ ਨੇੜਲੀਆਂ ਗਲੀਆਂ ਵਿੱਚ ਪੀਲਾ ਪੰਜਾ ਚਲਾਇਆ ਅਤੇ ਕੋਠੀਆਂ ਮੂਹਰੇ ਜੰਗਲੇ ਲਗਾ ਕਿ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਢਾਹ ਦਿੱਤਾ। ਕਾਰਜਸਾਧਕ ਅਫਸਰ ਅਤੇ ਐੱਸਡੀਓ ਦੀ ਅਗਵਾਈ ਵਾਲੀ ਟੀਮ ਦਾ ਫੇਜ਼-1 ਦੇ ਵਸਨੀਕਾਂ ਵੱਲੋਂ ਵਿਰੋਧ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਸਿਆਸੀ ਲੋਕਾਂ ਪ੍ਰਤੀ ਅਥਾਰਿਟੀ ਵੱਲੋਂ ਨਰਮ ਰੁਖ਼ ਅਪਣਾਇਆ ਜਾ ਰਿਹਾ ਹੈ। ਪੀੜਤਾਂ ਦਾ ਕਹਿਣਾ ਹੈ ਕਿ ਖੇਤਰ ਵਿੱਚ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ, ਸਾਬਕਾ ਮੰਤਰੀ ਚਰੰਜੀ ਲਾਲ ਗਰਗ, ਮਨਪ੍ਰੀਤ ਸਿੰਘ ਬਾਦਲ ਤੇ ਜਨਮੇਜਾ ਸਿੰਘ ਸੇਖੋਂ ਆਦਿ ਦੀਆਂ ਕੋਠੀਆਂ ਹਨ, ਜਨਿ੍ਹਾਂ ਵੱਲ ਪੁੱਡਾ ਅਧਿਕਾਰੀਆਂ ਦੀ ਸਵੱਲੀ ਨਜ਼ਰ ਰਹੀ ਹੈ।
ਬਨਿਾਂ ਪੱਖਪਾਤ ਤੋਂ ਮੁਹਿੰਮ ਚਲਾਈ
ਇਸ ਮੁਹਿੰਮ ਦੌਰਾਨ ਬੀਡੀਏ ਦੀ ਟੀਮ ਦੀ ਅਗਵਾਈ ਕਰ ਰਹੇ ਐੱਸਡੀਓ ਅੰਸ਼ੁਮਨ ਨੇ ਕਿਹਾ ਕਿ ਬਨਿਾਂ ਪੱਖਪਾਤ ਤੋਂ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁੱਡਾ ਦੇ ਉਪ ਪ੍ਰਸ਼ਾਸਕ ਨਵਜੀਤ ਕੌਰ ਕਲਸੀ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਮਾਡਲ ਟਾਊਨ ਫੇਜ਼-1, ਟਾਊਨ ਪਲਾਨਿੰਗ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ ਤੇ ਇਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।