BCCI Diktat ਖਿਡਾਰੀਆਂ ਲਈ ਘਰੇਲੂ ਕ੍ਰਿਕਟ ਖੇਡਣਾ ਲਾਜ਼ਮੀ: ਬੀਸੀਸੀਆਈ
ਨਵੀਂ ਦਿੱਲੀ, 16 ਜਨਵਰੀ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਕੌਮੀ ਟੀਮ ਵਿੱਚ ਅਨੁਸ਼ਾਸਨ ਅਤੇ ਏਕਤਾ ਯਕੀਨੀ ਬਣਾਉਣ ਲਈ 10 ਨੁਕਤਿਆਂ ਵਾਲਾ ਫ਼ਰਮਾਨ ਜਾਰੀ ਕੀਤਾ ਹੈ ਜਿਸ ਤਹਿਤ ਕੌਮੀ ਟੀਮ ਵਿਚ ਸ਼ਾਮਲ ਕ੍ਰਿਕਟਰਾਂ ਲਈ ਘਰੇਲੂ ਮੈਚਾਂ ਵਿੱਚ ਹਿੱਸਾ ਲੈਣਾ ਲਾਜ਼ਮੀ ਹੈ, ਪਰ ਅਸਾਧਾਰਨ ਹਾਲਾਤ ਵਿੱਚ ਛੋਟ ਦਿੱਤੀ ਜਾ ਸਕਦੀ ਹੈ। ਇਨ੍ਹਾਂ ਵਿਚ ਖਿਡਾਰੀਆਂ ਦੇ ਟੂਰ ਦੌਰਾਨ ਨਿੱਜੀ ਸਟਾਫ ਅਤੇ ਪਰਿਵਾਰਾਂ ਦੀ ਮੌਜੂਦਗੀ ’ਤੇ ਪਾਬੰਦੀ ਲਾਉਣਾ ਵੀ ਸ਼ਾਮਲ ਹੈ। ਨਵੀਂ ਨੀਤੀ ਤਹਿਤ ਮੌਜੂਦਾ ਲੜੀ ਜਾਂ ਦੌਰੇ ਦੌਰਾਨ ਖਿਡਾਰੀਆਂ ਦੇ ਵਿਅਕਤੀਗਤ ਫੋਟੋਸ਼ੂਟ ’ਤੇ ਵੀ ਰੋਕ ਲਾ ਦਿੱਤੀ ਗਈ ਹੈ। ਬੀਸੀਸੀਆਈ ਨੇ ਸਾਰੇ ਖਿਡਾਰੀਆਂ ਤੋਂ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਉਮੀਦ ਕੀਤੀ ਹੈ। ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਬੀਸੀਸੀਆਈ ਨੇ ਸਖ਼ਤੀ ਅਜਿਹੇ ਮੌਕੇ ਕੀਤੀ ਹੈ ਜਦੋਂ ਭਾਰਤ ਨੂੰ ਨਿਊਜ਼ੀਲੈਂਡ ਅਤੇ ਆਸਟਰੇਲੀਆ ਖ਼ਿਲਾਫ਼ ਟੈਸਟ ਲੜੀਆਂ ਵਿੱਚ ਖਰਾਬ ਪ੍ਰਦਰਸ਼ਨ ਕਾਰਨ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਇਸ ਕਰਕੇ ਸੀਨੀਅਰ ਖਿਡਾਰੀਆਂ ਦੀ ਵੱਡੇ ਪੱਧਰ ’ਤੇ ਆਲੋਚਨਾ ਹੋਈ ਸੀ। -ਪੀਟੀਆਈ