For the best experience, open
https://m.punjabitribuneonline.com
on your mobile browser.
Advertisement

ਬੀਸੀਸੀਆਈ ਵੱਲੋਂ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ

07:23 AM May 01, 2024 IST
ਬੀਸੀਸੀਆਈ ਵੱਲੋਂ ਟੀ 20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ
Advertisement

ਨਵੀਂ ਦਿੱਲੀ, 30 ਅਪਰੈਲ
ਸੰਜੂ ਸੈਮਸਨ ਅਤੇ ਯੁਜ਼ਵੇਂਦਰ ਚਾਹਲ ਨੂੰ ਆਈਪੀਐਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ 2 ਜੂਨ ਨੂੰ ਸ਼ੁਰੂ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਵਿੱਚ ਜਗ੍ਹਾ ਮਿਲੀ ਹੈ ਪਰ ਸ਼ੁਭਮਨ ਗਿੱਲ ਅਤੇ ਰਿੰਕੂ ਸਿੰਘ ਨੂੰ ਰਿਜ਼ਰਵ ਵਿੱਚ ਰੱਖਿਆ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਅਹਿਮਦਾਬਾਦ ਵਿੱਚ ਸਕੱਤਰ ਜੈ ਸ਼ਾਹ ਅਤੇ ਮੁੱਖ ਚੋਣਕਾਰ ਅਜੀਤ ਅਗਰਕਰ ਦੀ ਮੀਟਿੰਗ ਤੋਂ ਬਾਅਦ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ਦਾ ਐਲਾਨ ਕੀਤਾ। ਰੋਹਿਤ ਅਤੇ ਅਗਰਕਰ ਵੀਰਵਾਰ ਨੂੰ ਮੁੰਬਈ ’ਚ ਮੀਡੀਆ ਨੂੰ ਸੰਬੋਧਨ ਕਰਨਗੇ।
ਆਈਪੀਐਲ ਵਿੱਚ ਮੁੰਬਈ ਇੰਡੀਅਨਜ਼ ਦੇ ਕਪਤਾਨ ਹਰਫਨਮੌਲਾ ਹਾਰਦਿਕ ਪੰਡਿਆ ਨੂੰ ਉਸ ਦੀ ਖਰਾਬ ਲੈਅ ਦੇ ਬਾਵਜੂਦ ਉਪ ਕਪਤਾਨ ਬਣਾਇਆ ਗਿਆ ਹੈ। ਹਮਲਾਵਰ ਬੱਲੇਬਾਜ਼ ਸ਼ਿਵਮ ਦੂਬੇ ਨੂੰ ਵੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਬੋਰਡ ਦੇ ਇਕ ਸੂਤਰ ਨੇ ਕਿਹਾ, ‘‘ਸੈਮਸਨ ਦੀ ਚੋਣ ’ਤੇ ਬਹੁਤੀ ਬਹਿਸ ਨਹੀਂ ਹੋਈ ਪਰ ਹਾਰਦਿਕ ਨੂੰ ਟੀਮ ’ਚ ਰੱਖਣ ’ਤੇ ਕਾਫੀ ਬਹਿਸ ਹੋਈ। ਰਿੰਕੂ ਬਦਕਿਸਮਤ ਰਿਹਾ। ਰਿੰਕੂ, ਦੂਬੇ ਅਤੇ ਹਾਰਦਿਕ ਵਿਚਾਲੇ ਚੋਣ ਹੋਣੀ ਸੀ।’’
ਸੈਮਸਨ ਨੇ ਆਈਪੀਐੱਲ ਵਿੱਚ ਰਾਜਸਥਾਨ ਰੌਇਲਜ਼ ਲਈ ਬੱਲੇਬਾਜ਼ ਅਤੇ ਕਪਤਾਨ ਦੇ ਰੂਪ ’ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਉਸ ਨੂੰ ਰਿਸ਼ਭ ਪੰਤ ਤੋਂ ਬਾਅਦ ਦੂਜੇ ਵਿਕਟਕੀਪਰ ਵਜੋਂ ਚੁਣਿਆ ਗਿਆ ਹੈ। ਇਸੇ ਤਰ੍ਹਾਂ ਅਗਸਤ 2023 ਵਿੱਚ ਭਾਰਤ ਲਈ ਆਖਰੀ ਵਾਰ ਖੇਡਣ ਵਾਲੇ ਯੁਜ਼ਵੇਂਦਰ ਚਾਹਲ ਨੂੰ ਕੁਲਦੀਪ ਯਾਦਵ ਦੇ ਨਾਲ ਦੂਜੇ ਰਿਸਟ ਸਪਿੰਨਰ ਵਜੋਂ ਰੱਖਿਆ ਗਿਆ ਹੈ। ਗੁਜਰਾਤ ਟਾਈਟਨਜ਼ ਦੇ ਕਪਤਾਨ ਗਿੱਲ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਹਮਲਾਵਰ ਬੱਲੇਬਾਜ਼ ਰਿੰਕੂ ਨੂੰ ਰਿਜ਼ਰਵਜ਼ ਵਿੱਚ ਰੱਖਿਆ ਗਿਆ ਹੈ। ਚੋਣਕਾਰਾਂ ਨੇ ਯਸ਼ਸਵੀ ਜੈਸਵਾਲ ’ਤੇ ਭਰੋਸਾ ਕੀਤਾ ਹੈ। ਆਈਪੀਐੱਲ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਰਾਟ ਕੋਹਲੀ ਨੂੰ ਵੀ ਟੀਮ ਵਿੱਚ ਜਗ੍ਹਾ ਮਿਲੀ ਹੈ। ਸਪਿੰਨ ਹਰਫਨਮੌਲਾ ਰਵਿੰਦਰ ਜਡੇਜਾ ਟੀਮ ਵਿੱਚ ਸ਼ਾਮਲ ਹੈ ਜਦਕਿ ਉਸ ਦਾ ਬੈਕਅੱਪ ਅਕਸ਼ਰ ਪਟੇਲ ਹੋਵੇਗਾ। ਤੇਜ਼ ਗੇਂਦਬਾਜ਼ਾਂ ਵਿੱਚ ਜਸਪ੍ਰੀਤ ਬੁਮਰਾਹ ਦੇ ਨਾਲ ਮੁਹੰਮਦ ਸਿਰਾਜ ਅਤੇ ਅਰਸ਼ਦੀਪ ਸਿੰਘ ਨੂੰ ਚੁਣਿਆ ਗਿਆ ਹੈ। ਆਵੇਸ਼ ਖਾਨ ਅਤੇ ਖਲੀਲ ਅਹਿਮਦ ਨੂੰ ਰਿਜ਼ਰਵਜ਼ ਵਿੱਚ ਰੱੱਖਿਆ ਗਿਆ ਹੈ। -ਪੀਟੀਆਈ

Advertisement

Advertisement
Author Image

Advertisement
Advertisement
×