BBMB row ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਬੀਬੀਐੱਮਬੀ ਹਰਿਆਣਾ ਨੂੰ ਪਾਣੀ ਛੱਡਣ ’ਚ ਨਾਕਾਮ
ਬਲਵਿੰਦਰ ਰੈਤ
ਨੰਗਲ, 11 ਮਈ
ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਬੀਬੀਐਮਬੀ ਹਰਿਆਣਾ ਨੂੰ ਪਾਣੀ ਛੱਡਣ ’ਚ ਨਾਕਾਮ ਰਿਹਾ ਹੈ। ਹਾਈਕੋਰਟ ਦੇ ਹੁਕਮਾਂ ’ਤੇ ਬੀਬੀਐਮਬੀ ਹਰਿਆਣਾ ਨੂੰ ਪਾਣੀ ਛੱਡਣ ਦੀ ਤਿਆਰੀ ਵਿੱਚ ਸੀ, ਪਰ 'ਆਪ' ਵਰਕਰਾਂ ਨੇ ਇਸ ਕੋਸ਼ਿਸ਼ ਨੂੰ ਨਾਕਾਮ ਬਣਾ ਦਿੱਤਾ। ‘ਆਪ’ ਵਰਕਰ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਦੇ ਮਾਮਲੇ ਨੂੰ ਲੈ ਕੇ ਇੱਕ ਹਫ਼ਤੇ ਤੋਂ ਨੰਗਲ ਡੈਮ ਗੇਟਾਂ ਦੇ ਲਗਾਤਾਰ ਧਰਨੇ ’ਤੇ ਹਨ। ਇਨ੍ਹਾਂ ਧਰਨਿਆਂ ਦੀ ਅਗਵਾਈ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਕਰ ਰਹੇ ਹਨ।
ਬੀਬੀਐਮਬੀ ਨੰਗਲ ਡੈਮ ਤੋਂ ਪਾਣੀ ਛੱਡਣ ਬਾਰੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਪਤਾ ਲੱਗਾ ਤਾਂ ਉਨ੍ਹਾਂ ਇਹ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿੱਚ ਲਿਆਂਦਾ। ਮੁੱਖ ਮੰਤਰੀ ਆਪਣੇ ਸਾਰੇ ਰੁਝੇਵੇਂ ਛੱਡ ਕੇ ਨੰਗਲ ਡੈਮ ਪਹੁੰਚ ਗਏ, ਜਿੱਥੇ ਉਨ੍ਹਾਂ ਡੈਮ ਦੇ ਗੇਟਾਂ ਦਾ ਨਿਰੀਖਣ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਾਣੀ ਸਾਡਾ ਹੈ ਇਸ ਨੂੰ ਬਾਹਰ ਭੇਜਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਭਾਵੇਂ ਇਸ ਲਈ ਉਨ੍ਹਾਂ ਨੂੰ ਸਪਰੀਮ ਕੋਰਟ ਹੀ ਕਿਉਂ ਨਾ ਜਾਣਾ ਪਵੇ। ਉਨ੍ਹਾਂ ਕਿਹਾ ਕਿ ਇਹ ਪਾਣੀ ਹੁਣ ਪੰਜਾਬ ਦੇ ਖੇਤਾਂ ਨੂੰ ਹੀ ਲੱਗੇਗਾ।
ਮੁੱਖ ਮੰਤਰੀ ਨੇ ਉਨ੍ਹਾਂ ਕਿਸਾਨਾਂ ’ਤੇ ਤਨਜ਼ ਕੱਸਦਿਆਂ ਕਿਹਾ ਕਿ ਹੁਣ ਪਾਣੀਆਂ ਦੇ ਰਾਖੇ ਕਿੱਥੇ ਹਨ ਜਿਹੜੇ ਏਸੀ ਟਰਾਲੀਆਂ ਵਿੱਚ ਜਾ ਕੇ ਧਰਨੇ ਲਾਉਂਦੇ ਸਨ। ਉਨ੍ਹਾਂ ਪਾਣੀਆਂ ਦੇ ਮੁੱਦੇ ’ਤੇ ਪੰਜਾਬੀਆਂ ਨੂੰ ਇੱਕ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਆਪਣੇ ਕੈਬਨਿਟ ਕੁਲੀਗ ਹਰਜੋਤ ਬੈਂਸ ਦੀ ਫ਼ਰਾਕਦਿਲੀ ਦੀ ਸਲਾਘਾ ਕੀਤੀ ਜਿਹੜੇ ਆਪਣੇ ਸਾਥੀਆਂ ਸਮੇਤ ਪਾਣੀ ਹਰਿਆਣਾ ਨੂੰ ਨਾ ਦੇਣ ਨੂੰ ਲੈ ਕੇ ਪੰਜਾਬੀਆਂ ਨਾਲ ਚਟਾਨ ਵਾਂਗ ਖੜ੍ਹੇ ਹਨ।
ਇਸ ਮੌਕੇ ਕੈਬਨਿਟ ਮੰਤਰੀ ਬੈਂਸ ਨੇ ਕਿਹਾ ਕਿ ਇਸ ਮੁੱਦੇ ਉੱਤੇ ਪੂਰਾ ਹਲਕਾ ਉਨ੍ਹਾਂ ਦੇ ਨਾਲ ਖੜਾ ਹੈ। ਉਨ੍ਹਾਂ ਇਸ ਮੌਕੇ ਆਪਣੇ ਹਲਕੇ ਦੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਇਸ ਵਾਰ ਆਪਣੇ ਹਲਕੇ ਦੇ ਪਿੰਡਾਂ ਨੂੰ ਪਾਣੀ ਦੀ ਘਾਟ ਨਹੀਂ ਆਉਣ ਦੇਣਗੇ। ਇਸ ਮੌਕੇ ਸਮੁੱਚੀ ‘ਆਪ’ ਲੀਡਰਸ਼ਿਪ ਹਾਜ਼ਰ ਸੀ।
ਫੋਟੋ ਕੈਪਸ਼ਨ: ਨੰਗਲ ਡੈਮ ਵਿਖੇ ਧਰਨਾਕਾਰੀਆ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ।