‘ਬਾਜ਼ੀਗਰ’ ਦੀ ਪੁੱਠੀ ਬਾਜ਼ੀ ਵਿਵਾਦਾਂ ਵਿੱਚ ਘਿਰੀ
ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਅਕਤੂਬਰ
ਇੱਥੋਂ ਦੇ ਸ਼ੁਤਰਾਣਾ ਹਲਕੇ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੇ ਪਿੰਡ ਕਰੀਮਨਗਰ ਚਿਚੜਵਾਲ ਵਿੱਚ ਉਨ੍ਹਾਂ ਦੇ ਭਰਾ ਜਗੀਰ ਸਿੰਘ ਦਾ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ਦਾ ਮਾਮਲਾ ਹਾਈ ਕੋਰਟ ਪੁੱਜ ਗਿਆ ਹੈ। ਇਸ ਸਬੰਧੀ ਸੁਣਵਾਈ 3 ਅਕਤੂਬਰ ਨੂੰ ਹੋਵੇਗੀ। ਪਿੰਡ ਵਾਸੀ ਗੁਰਚਰਨ ਰਾਮ ਨੇ ਇਹ ਮਾਮਲਾ ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਉਭਾਰਿਆ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਭਾਵੇਂ ਖੁਦ ਸਰਪੰਚੀ ਦਾ ਦਾਅਵੇਦਾਰ ਤਾਂ ਨਹੀਂ, ਪਰ ਉਹ ਚਾਹੁੰਦਾ ਹੈ ਕਿ ਇਹ ਚੋਣ ਪੂਰਨ ਪਾਰਦਰਸ਼ੀ ਢੰਗ ਨਾਲ ਹੋਵੇ। ਉਨ੍ਹਾਂ ਕਿਹਾ ਕਿ ਉਨ੍ਹਾ ਦੇ ਪਿੰਡ ਦੇ ਕਈ ਵਿਅਕਤੀਆਂ ਨੇ ਐੱਨਓਸੀ ਲਈ ਬੀਡੀਪੀਓ ਦਫਤਰ ’ਚ ਪਹੁੰਚ ਕੀਤੀ ਪਰ ਵਿਧਾਇਕ ਦੇ ‘ਹੁਕਮਾਂ’ ਕਾਰਨ ਉਨ੍ਹਾਂ ਨੂੰ ਐੱਨਓਸੀ ਨਾ ਮਿਲ ਸਕੀ। ਉਨ੍ਹਾਂ ਕਿਹਾ ਕਿ ਵਿਧਾਇਕ ਨੇ ਕੁਝ ਨਜ਼ਦੀਕੀਆਂ ਨੂੰ ਘਰ ਸੱਦ ਕੇ ਆਪਣੇ ਭਰਾ ਜਗੀਰ ਸਿੰਘ ਦੇ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ਦਾ ਐਲਾਨ ਕਰਦਿਆਂ, ਉਸ ਨੂੰ ਹਾਰ ਪਹਿਨਾਉਂਦਿਆਂ ਲੱਡੂ ਵੰਡ ਦਿੱਤੇ। ਗੁਰਚਰਨ ਰਾਮ ਨੇ ਸਰਪੰਚ ਦੀ ਇਸ ਚੋਣ ਉੱਤੇ ਇਤਰਾਜ਼ ਜਤਾਇਆ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਜੇ ਕੋਈ ਇਕੱਤਰਤਾ ਕਰਨੀ ਸੀ ਤਾਂ ਪਿੰਡ ਦੀ ਸਾਂਝੀ ਥਾਂ ’ਤੇ ਹੋਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ ਤੇ 3 ਅਕਤੂਬਰ ਨੂੰ ਇਸ ਦੀ ਸੁਣਵਾਈ ਹੋਣੀ ਹੈ। ਗੁਰਚਰਨ ਰਾਮ ਨੇ ਕਿਹਾ ਕਿ ਕਿ ਉਹ ਭਾਵੇਂ ਖੁਦ ਸਰਪੰਚੀ ਦਾ ਦਾਅਵੇਦਾਰ ਤਾਂ ਨਹੀਂ, ਪਰ ਉਹ ਚਾਹੁੰਦਾ ਹੈ ਕਿ ਇਹ ਚੋਣ ਪੂਰਨ ਪਾਰਦਰਸ਼ੀ ਢੰਗ ਨਾਲ ਹੋਵੇ ਤਾਂ ਜੋ ਪਿੰਡ ਵਾਸੀਆਂ ਨੂੰ ਇਤਰਾਜ਼ ਨਾ ਹੋਵੇ।
ਪਿੰਡ ਵਾਲਿਆਂ ਨੇ ਖੁਦ ਸਰਬਸੰਮਤੀ ਨਾਲ ਜਗੀਰ ਸਿੰੰਘ ਨੂੰ ਸਰਪੰਚ ਚੁਣਿਆ: ਵਿਧਾਇਕ
ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਪਿੰਡ ਵਾਲਿਆਂ ਨੇ ਖੁਦ ਸਰਬਸੰਮਤੀ ਕਰ ਕੇ ਜਗੀਰ ਸਿੰਘ ਨੂੰ ਸਰਪੰਚ ਚੁਣਿਆ ਹੈ। ਉਨ੍ਹਾਂ ਕਿਹਾ ਕਿ ਉਸ ਨੇ ਤਾਂ ਕਿਹਾ ਸੀ ਕਿ ਉਹ ਵੀ ਸਰਪੰਚ ਰਹਿ ਚੁੱਕਿਆ ਹੈ ਤੇ ਹੁਣ ਵਿਧਾਇਕ ਵੀ ਹੈ ਪਰ ਪਿੰਡ ਦੇ ਵਿਕਾਸ ਦੇ ਹਵਾਲੇ ਨਾਲ ਪਿੰਡ ਵਾਸੀਆਂ ਨੇ ਉਸ ਦੇ ਭਰਾ ਨੂੰ ਸਰਬਸੰਮਤੀ ਨਾਲ ਸਰਪੰਚੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗੁਰਚਰਨ ਰਾਮ ਦਾ ਮੁੱਖ ਮਕਸਦ ਗੰਨਮੈਨ ਲੈਣਾ ਹੈ।