ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗ਼ਦਰੀ ਫ਼ੌਜ ਤੇ ਅੰਗਰੇਜ਼ਾਂ ਦੀ ਲੜਾਈ

12:03 PM Oct 29, 2023 IST
ਡੀਏਗੋ ਰਿਵੇਰਾ ਦਾ ਬਣਾਇਆ ਕੰਧ-ਚਿੱਤਰ ‘ਸਾਡੀ ਰੋਟੀ’ (1938) ਜਿਸ ਦੇ ਕੇਂਦਰ ਵਿਚ ਪਾਂਡੂਰਾਂਗ ਸਦਾਸ਼ਿਵ ਖ਼ਾਨਖੋਜੇ ਬੈਠਾ ਦਿਖਾਇਆ ਹੈ।

ਗੁਰਚਰਨ ਸਿੰਘ ਸੈਂਸਰਾ

ਦੇਸ਼ਭਗਤੀ

1915-16 ਵਿਚ ਗਦਰ ਪਾਰਟੀ ਦੇ ਆਗੂਆਂ ਪਾਂਡੂਰਾਂਗ ਸਦਾਸ਼ਿਵ ਖ਼ਾਨਖੋਜੇ, ਸੂਫ਼ੀ ਅੰਬਾ ਪ੍ਰਸਾਦ, ਬਿਸ਼ਨਦਾਸ ਕੋਛੜ ਨੂਰਮਹਿਲ ਤੇ ਹੋਰਨਾਂ ਦੀ ਅਗਵਾਈ ਵਿਚ ਤੇ ਜਰਮਨੀ ਦੀ ਸਹਾਇਤਾ ਨਾਲ ਗ਼ਦਰੀ ਫ਼ੌਜ ਬਣਾਈ ਗਈ ਜਿਸ ਦਾ ਨਾਂ ਇੰਡੀਅਨ ਇੰਡੀਪੈਂਡੈਸ ਆਰਮੀ ਰੱਖਿਆ ਗਿਆ। ਇਰਾਨ ਦੇ ਬਲੋਚ ਖੇਤਰ ਬਮਪੁਰ ਦੇ ਸਰਦਾਰ ਬਹਿਰਾਮ ਖ਼ਾਂ ਨੇ ਇਸ ਫ਼ੌਜ ਦੇ ਸਿਰ ’ਤੇ ਅੰਗਰੇਜ਼ਾਂ ਤੋਂ ਆਜ਼ਾਦੀ ਦਾ ਐਲਾਨ ਕਰ ਦਿੱਤਾ।

Advertisement

ਗ਼ਦਰ ਪਾਰਟੀ ਨੇ ਮੈਸੋਪੋਟੇਮੀਆ ਤੇ ਮੱਧ ਏਸ਼ੀਆ ਵਿਚ ਕੰਮ ਕਰਨ ਲਈ ਵੀ ਬਰਲਨਿ ਕਮੇਟੀ ਨੂੰ ਆਪਣੇ ਵਰਕਰ ਦਿੱਤੇ ਜਨਿ੍ਹਾਂ ਨੇ ਅੰਗਰੇਜ਼ੀ ਸਾਮਰਾਜ ਦੀਆਂ ਹਿੰਦੀ ਫ਼ੌਜਾਂ ਵਿਚ ‘ਗ਼ਦਰ’ ਅਖ਼ਬਾਰ ਵੰਡਿਆ ਤੇ ਪਰਚਾਰ ਕੀਤਾ। ਤੁਰਕੀ ਤੇ ਜਰਮਨ ਦੀ ਕੈਦ ਵਿਚ ਹਿੰਦੀ ਸਿਪਾਹੀਆਂ ਨੂੰ ਆਜ਼ਾਦੀ ਦੀ ਲਹਿਰ ਵਿਚ ਸ਼ਾਮਲ ਹੋਣ ਲਈ ਪਰੇਰਿਆ। ਇਨ੍ਹਾਂ ਵਰਕਰਾਂ ਵਿਚੋਂ ਡਾਕਟਰ ਖਾਨਖੋਜੇ, ਸ੍ਰੀ ਬਿਸ਼ਨ ਦਾਸ ਕੋਛੜ ਨੂਰ ਮਹਿਲ, ਸ੍ਰੀ ਕਿਦਾਰ ਨਾਥ ਹਰਿਆਣਾ (ਹੁਸ਼ਿਆਰਪੁਰ), ਭਾਈ ਬਸੰਤ ਸਿੰਘ ਚੋਂਦਾ (ਪਟਿਆਲਾ), ਭਾਈ ਹਰਨਾਮ ਸਿੰਘ, ਸ੍ਰੀ ਰਿਸ਼ੀ ਕੇਸ਼ ਲੱਠਾ ਮਹਾਰਾਸ਼ਟਰ ਤੇ ਸ੍ਰੀ ਅਮੀਨ ਚੰਦ ਚੌਧਰੀ (ਬੰਗਾਲ) ਵਰਣਨਯੋਗ ਹਨ। ਇਹ ਗ਼ਦਰੀ ਯੂਨਾਨ ਥਾਣੀ ਹੋ ਕੇ ਕੁਸਤੁਨਤੁਨੀਆਂ ਗਏ ਤੇ ਹਿੰਦ ਕਮੇਟੀ ਦੀ ਕਮਾਨ ਹੇਠਾਂ ਮੈਸੋਪੋਟੇਮੀਆ (ਇਰਾਕ) ਤੇ ਇਰਾਨ ਦਿਆਂ ਮੋਰਚਿਆਂ ਵਿਚ ਕੁੱਦ ਪਏ।
ਰਾਜਾ ਮਹਿੰਦਰ ਪਰਤਾਪ ਦੀਆਂ ਸਕੀਮਾਂ ਤਾਂ ਦੇਸੀ ਰਾਜਿਆਂ ਨੂੰ ਸੱਦੇ ਦੇਣ ਤੇ ਜ਼ਾਰ ਰੂਸ ਨੂੰ ਦੋਸਤੀ ਦੀ ਚਿੱਠੀ ਭੇਜਣ ਤੱਕ ਹੀ ਸੀਮਤ ਰਹੀਆਂ। ਪਰ ਗ਼ਦਰੀ ਪਾਰਟੀ ਦੀ ਤੁਰਕੀ ਵਿਚ ਆਈ ਇਕਾਈ ਨੇ ਢੇਰ ਨਿੱਗਰ ਕੰਮ ਕੀਤਾ। ਜਿੱਥੋਂ ਤੱਕ ਉਸ ਦੀ ਵਾਹ ਲੱਗੀ, ਉਸ ਨੇ ਅੰਗਰੇਜ਼ੀ ਰਾਜ ਵਿਰੁੱਧ ਲੜਾਈ ਲੜੀ, ਤੇ ਉਸ ਨੇ ਅੰਗਰੇਜ਼ੀ ਰਾਜ ਵਾਸਤੇ ਇਰਾਨ ਤੇ ਬਲੋਚਿਸਤਾਨ ਵਿਚ ਜੰਗ ਦੇ ਸਾਲਾਂ ਸਮੇਂ ਚੰਗਾ ਪੁਆੜਾ ਪਾਈ ਰੱਖਿਆ। ਇਸ ਇਕਾਈ ਵਿਚ ਨਾਗਪੁਰ ਦੇ ਡਾਕਟਰ ਪਾਂਡੂਰਾਂਗ ਸਦਾਸ਼ਿਵ ਖਾਨਖੋਜੇ ਆਗੂ ਸਨ, ਜੋ ਹਿੰਦ ਵਿਚ ਤਿਲਕ ਦੀ ਇਨਕਲਾਬੀ ਸੁਸਾਇਟੀ ਦੇ ਮੈਂਬਰ ਰਹੇ ਸਨ ਤੇ ਅਮਰੀਕਾ ਦੀਆਂ ਕੈਲੀਫੋਰਨੀਆ, ਵਾਸ਼ਿੰਗਟਨ ਤੇ ਮਨਿੀਸੋਟਾ ਦੀਆਂ ਯੂਨੀਵਰਸਿਟੀਆਂ ਵਿਚ ਪੜ੍ਹਾਈਆਂ ਕਰਕੇ ਖੇਤੀਬਾੜੀ ਦੀ ਡਾਕਟਰ ਡਿਗਰੀ ਪ੍ਰਾਪਤ ਕਰ ਚੁੱਕੇ ਸਨ। ਆਪ ਗ਼ਦਰ ਆਸ਼ਰਮ ਵਿਚ ਆ ਕੇ ਕੰਮ ਕਰਦੇ ਤੇ ਪਾਰਟੀ ਦੇ ਸਰਗਰਮ ਮੈਂਬਰ ਸਨ। ਦੂਸਰੇ ਪੰਜਾਬ ਦੇ ਬਿਸ਼ਨ ਦਾਸ ਕੋਛੜ ਨੂਰ ਮਹਿਲ (ਜਲੰਧਰ) ਜੋ ਬਿਜਲੀ ਦੀ ਇੰਜਨੀਅਰਿੰਗ ਪਾਸ ਸਨ ਤੇ ਤੀਸਰੇ ਮਨਮਥ ਨਾਥ ਦੱਤ ਸਨ। ਇਹ ਤਿੰਨੇ ਅਮਰੀਕਾ ਤੋਂ ਇਰਾਨੀ ਨਾਵਾਂ ਉੱਤੇ ਇਰਾਨੀ ਪਾਸਪੋਰਟ ਲੈ ਕੇ ਆਏ ਸਨ। ਡਾਕਟਰ ਖਾਨਖੋਜੇ ਦਾ ਨਾਂ ਮੁਹੰਮਦ ਖਾਂ, ਕੋਛੜ ਦਾ ਪਾਰਟੀ ਨਾਂ ਅਗਾਸੇ ਤੇ ਇਰਾਨੀ ਨਾਂ ਮਿਰਜ਼ਾ ਮੁਹੰਮਦ ਅਲੀ ਸੀ ਤੇ ਦੱਤ ਦਾ ਮਹਿਮੂਦ ਖਾਂ।


ਕੁਸਤੁਨਤੁਨੀਆ ਵਿਚ ਜਰਮਨ ਰਾਜਦੂਤ ਤੇ ਤੁਰਕੀ ਫ਼ੌਜੀ ਹਾਈ ਕਮਾਂਡ ਨਾਲ ਇਹ ਤੈਅ ਹੋਇਆ ਕਿ ਉਹ ਦੱਖਣੀ ਇਰਾਨ ਦੇ ਕਬੀਲਿਆਂ ਵਿਚ ਜਾਣ ਤੇ ਉੱਥੇ ਇਰਾਨੀ ਕਬੀਲਿਆਂ ਦੇ ਸਰਦਾਰਾਂ ਤੇ ਲੋਕਾਂ ਨੂੰ ਅੰਗਰੇਜ਼ ਪੂਜ ਇਰਾਨ ਦੀ ਹਕੂਮਤ ਵਿਰੁੱਧ ਉਠਾਉਣ ਤੇ ਬਗ਼ਾਵਤ ਖੜ੍ਹੀ ਕਰ ਦੇਣ ਤੇ ਇਸ ਬਗ਼ਾਵਤ ਵਿਚੋਂ ਫ਼ੌਜ ਭਰਤੀ ਕਰਕੇ ਬਲੋਚਿਸਤਾਨ ਵੱਲ ਵਧਣ, ਇਸ ਉੱਤੇ ਹਮਲਾ ਕਰਕੇ ਅਗਾਂਹ ਪੰਜਾਬ ਨੂੰ ਜਾਣ ਤੇ ਇਸ ਮੋਰਚੇ ਨੂੰ ਪੰਜਾਬ ਦੀ ਗ਼ਦਰ ਲਹਿਰ ਨਾਲ ਜੋੜ ਦੇੇਣ। ਬਲੋਚਿਸਤਾਨ ਵੱਲ ਉਦੋਂ ਅੰਗਰੇਜ਼ੀ ਫ਼ੌਜ ਤਕਰੀਬਨ ਹੈ ਹੀ ਨਹੀਂ ਸੀ। ਇਸ ਸਾਰੇ ਮੋਰਚੇ ਨੂੰ ਤੁਰਕੀ ਤੇ ਜਰਮਨੀ ਹਥਿਆਰਾਂ, ਗੋਲੀ ਸਿੱਕੇ, ਮਾਲੀ ਤੇ ਪ੍ਰਚਾਰ ਦੀ ਸਹਾਇਤਾ ਦੇਣਗੇ। ਮੁਸਲਮਾਨਾਂ ਵਿਚ ਉਨ੍ਹੀਂ ਦਿਨੀਂ ਸਰਬ ਇਸਲਾਮੀ ਜਜ਼ਬਾ ਬਹੁਤ ਕੰਮ ਕਰਦਾ ਸੀ। ਇਸ ਇਸਲਾਮੀ ਜਾਗਰਤੀ ਨੇ ਇਨ੍ਹਾਂ ਗ਼ਦਰੀਆਂ ਵਾਸਤੇ ਬੜੇ ਯੋਗ ਹਾਲਾਤ ਪੈਦਾ ਕਰ ਦਿੱਤੇ। ਇਨ੍ਹਾਂ ਗ਼ਦਰੀਆਂ ਦੀ ਇਕੱਠੀ ਕੀਤੀ ਤੇ ਜੋੜੀ ਜਾਣ ਵਾਲੀ ਫ਼ੌਜ ਨੂੰ ਆਜ਼ਾਦ ਹਿੰਦ ਫ਼ੌਜ ਮੰਨੇ ਜਾਣਾ ਪਰਵਾਨ ਹੋਇਆ। ਇਸ ਮੁਹਿੰਮ ਨੂੰ ਚਲਾਉਣ ਲਈ ਬਰਲਨਿ ਕਮੇਟੀ ਕਰਤਾ ਧਰਤਾ ਸੀ। ਹਰਦਿਆਲ ਕੁਸਤੁਨਤੁਨੀਆ ਵਿਚ ਹੁੰਦੇ ਹੋਏ ਵੀ ਇਸ ਕਮੇਟੀ ਜਾਂ ਕੰਮ ਵਿਚ ਨਹੀਂ ਆਏ। ਰਾਜਾ ਮਹਿੰਦਰ ਪਰਤਾਪ ਤੇ ਮੌਲਵੀ ਬਰਕਤ ਉੱਲਾ ਵੀ ਕਾਬਲ ਨੂੰ ਜਾਂਦੇ ਹੋਏ ਏਥੇ ਆਏ ਹੋਏ ਸਨ। ਇਸ ਸਕੀਮ ਵਿਚ ਉਨ੍ਹਾਂ ਨੂੰ ਅਫ਼ਗ਼ਾਨਿਸਤਾਨ ਵਾਸਤੇ ਭੇਜਿਆ ਗਿਆ ਅਤੇ ਇਨ੍ਹਾਂ ਗ਼ਦਰੀਆਂ ਨੂੰ ਇਰਾਨ ਵੱਲ।
ਇਹ ਤਿੰਨ ਜਣੇ ਜਦ ਬਗ਼ਦਾਦ ਆ ਗਏ ਤਾਂ ਅੰਗਰੇਜ਼ੀ ਫ਼ੌਜਾਂ ਇਰਾਨ ਦੀ ਖਾੜੀ ਵੱਲੋਂ ਹਮਲਾ ਕਰਕੇ ਇਰਾਕ ਦੇ ਸ਼ਹਿਰ ਬਸਰੇ ਤੇ ਇਰਾਨ ਦੇ ਬੂਸ਼ਹਿਰ ਉੱਤੇ ਕਬਜ਼ਾ ਕਰ ਚੁੱਕੀਆਂ ਸਨ। ਇਨ੍ਹਾਂ ਨੇ ਬੂਸ਼ਹਿਰ ਆ ਕੇ ਅੰਗਰੇਜ਼ਾਂ ਦੀਆਂ ਹਿੰਦੀ ਫ਼ੌਜਾਂ ਵਿਚ ਪ੍ਰਚਾਰ ਸ਼ੁਰੂ ਕਰ ਦਿੱਤਾ। ਇਰਾਨੀ ਲੋਕਾਂ ਤੇ ਇਲਾਕੇ ਦੇ ਕਬਾਇਲੀ ਸਰਦਾਰਾਂ ਨਾਲ ਗੱਲਬਾਤ ਕੀਤੀ। ਇਰਾਨੀ ਲੋਕਾਂ ਤੇ ਖ਼ਾਸਕਰ ਕਬਾਇਲੀ ਸਰਦਾਰਾਂ ਵਿਚ ਇਰਾਨੀ ਹਕੂਮਤ ਦੀ ਤੁਰਕੀ ਦੀ ਇਸਲਾਮੀ ਹਕੂਮਤ ਦਾ ਸਾਥ ਦੇਣ ਦੀ ਥਾਂ ਅੰਗਰੇਜ਼ੀ ਰਾਜ ਦੀ ਸਹਾਇਤਾ ਕਰਨ ਵਿਰੁੱਧ ਬੜਾ ਰੋਸ ਸੀ। ਇਸ ਲਈ ਇਨ੍ਹਾਂ ਗ਼ਦਰੀਆਂ ਦਾ ਪ੍ਰਚਾਰ ਅਸਰ ਕਰਨ ਲੱਗਾ ਤੇ ਇਹ ਰੋਸ ਲਾਮਬੰਦੀ ਦਾ ਸਾਕਾਰ ਰੂਪ ਧਾਰਨ ਲੱਗ ਪਿਆ। ਇੱਥੋਂ ਸਰਕਰਦਾ ਇਰਾਨੀ ਅਨਸਰ ਜੋੜ ਕੇ ਇਰਾਨੀ ਜਮਹੂਰੀ ਪਾਰਟੀ ਜਥੇਬੰਦ ਕਰਨ ਦੀ ਨੀਂਹ ਰੱਖੀ ਗਈ। ਉਨ੍ਹਾਂ ਨੂੰ ਸਮਝਾਇਆ ਗਿਆ ਕਿ ਅੰਗਰੇਜ਼ਾਂ ਦੀ ਇਰਾਨ ਅਤੇ ਹੋਰ ਇਸਲਾਮੀ ਦੇਸ਼ਾਂ ਉੱਤੋਂ ਗ਼ੁਲਾਮੀ ਦੀ ਛਟ ਤਦੇ ਉੱਤਰ ਸਕਦੀ ਹੈ, ਜੇ ਹਿੰਦੋਸਤਾਨ ਉਨ੍ਹਾਂ ਪਾਸੋਂ ਖੋਹਿਆ ਜਾਏ, ਜਿੱਥੋਂ ਉਹ ਫ਼ੌਜਾਂ ਲਿਆ ਕੇ ਇਸਲਾਮੀ ਦੇਸ਼ਾਂ ਉੱਤੇ ਹਮਲਾਵਰ ਹੁੰਦੇ ਅਤੇ ਆਪਣੀ ਸਰਦਾਰੀ ਨੂੰ ਇਨ੍ਹਾਂ ਦੇਸ਼ਾਂ ਉੱਤੇ ਠੋਸਦੇ ਹਨ। ਇਸ ਲਈ ਅੰਗਰੇਜ਼ਾਂ ਦੇ ਪੰਜੇ ਵਿਚੋਂ ਹਿੰਦੋਸਤਾਨ ਨੂੰ ਕੱਢਣ ਲਈ ਇਰਾਨੀਆਂ ਤੇ ਹਿੰਦੀਆਂ ਨੂੰ ਰਲ ਕੇ ਲੜਨਾ ਚਾਹੀਦਾ ਹੈ। ਇਰਾਨੀ ਲੋਕ ਤੇ ਸਰਦਾਰ ਇਹ ਗੱਲ ਸਮਝ ਕੇ ਹਿੰਦੋਸਤਾਨ ਉੱਤੇ ਹਮਲਾਵਰ ਹੋਣ ਲਈ ਗ਼ਦਰੀ ਝੰਡੇ ਹੇਠ ਇਕੱਠੇ ਹੋਣ ਲੱਗ ਪਏ। ਇਸ ਕੰਮ ਲਈ ਹਿੰਦੀ ਗ਼ਦਰੀ ਫ਼ੌਜ ਖੜ੍ਹੀ ਹੋਣੀ ਸ਼ੁਰੂ ਹੋਈ, ਜਿਸ ਦਾ ਅੰਗਰੇਜ਼ੀ ਨਾਂ ਇੰਡੀਅਨ ਇੰਡੀਪੈਂਡੈਂਸ ਆਰਮੀ ਰੱਖਿਆ ਗਿਆ।
Advertisement

ਡੀਏਗੋ ਰਿਵੇਰਾ ਦਾ ਬਣਾਇਆ ਕੰਧ-ਚਿੱਤਰ ‘ਸਾਡੀ ਰੋਟੀ’ (1938) ਜਿਸ ਦੇ ਕੇਂਦਰ ਵਿਚ ਪਾਂਡੂਰਾਂਗ ਸਦਾਸ਼ਿਵ ਖ਼ਾਨਖੋਜੇ ਬੈਠਾ ਦਿਖਾਇਆ ਹੈ।

ਇਰਾਨ ਦੇ ਬੂਸ਼ਹਿਰ ਇਲਾਕੇ ਵਿਚ ਡੇਰਾ ਪਾਈ ਬੈਠੇ ਅੰਗਰੇਜ਼ੀ ਹਾਕਮਾਂ ਨੂੰ ਇਨ੍ਹਾਂ ਗ਼ਦਰੀਆਂ ਦੇ ਕੰਮ ਦਾ ਪਤਾ ਲੱਗਾ। ਇਨ੍ਹਾਂ ਦੀ ਭਾਲ ਸ਼ੁਰੂ ਹੋ ਗਈ। ਪਰ ਇਸ ਇਲਾਕੇ ਵਿਚ ਇਸਲਾਮੀ ਭਾਈਚਾਰੇ ਦੇ ਨਾਂ ਉੱਤੇ ਅੰਗਰੇਜ਼ੀ ਗ਼ਲਬੇ ਤੇ ਇਰਾਨੀ ਹਕੂਮਤ ਵਿਰੁੱਧ ਚੰਗਾ ਵਿਰੋਧ ਉੱਠ ਖੜ੍ਹਾ ਹੋਇਆ। ਗ਼ਦਰੀਆਂ ਨੇ ਇਸ ਵਿਰੋਧ ਵਿੱਚੋਂ ਫ਼ੌਜ ਜੜਨੀ ਸ਼ੁਰੂ ਕੀਤੀ ਤੇ ਕੁਝ ਬੰਦੇ ਜੋੜ ਕੇ ਉਹ ਜ਼ਦਾਮਾਰੀ ਕਬੀਲੇ ਵਿਚ ਗਏ। ਇੱਥੋਂ ਕਸ਼ਮਰ ਤੇ ਫੇਰ ਗਰਮਸ਼ੀਰ (Garmsir) ਦੇ ਲੋਕਾਂ ਵਿਚ ਪ੍ਰਚਾਰ ਕਰਦੇ ਬਗ਼ਾਵਤ ਉਠਾਉਂਦੇ, ਆਪਣੇ ਉਦਾਲੇ ਲਸ਼ਕਰ ਇਕੱਠਾ ਕਰਦੇ ਹਿੰਦੋਸਤਾਨ ਵੱਲ ਵਧੀ ਗਏ ਤੇ ਸ਼ਿਰਾਜ਼ ਆ ਪਹੁੰਚੇ। ਸ਼ਿਰਾਜ਼ ਵਿਚ ਉਹ 1907-09 ਦੀ ਪੰਜਾਬ ਵਿਚ ਅੰਗਰੇਜ਼ ਵਿਰੁੱਧ ਚੱਲੀ ਲਹਿਰ ਦੇ ਲੀਡਰ ਸੂਫੀ ਅੰਬਾ ਪਰਸ਼ਾਦ ਨੂੰ ਮਿਲੇ। ਉਹ ਸ਼ਿਰਾਜ਼ ਵਿਚ ਗ਼ਦਰ ਪਾਰਟੀ ਦਾ ਨੁਮਾਇੰਦਾ ਬਣਨਾ ਤਾਂ ਮੰਨ ਗਏ, ਪਰ ਫ਼ੌਜ ਦਾ ਸਾਥ ਦੇ ਕੇ ਬਲੋਚਿਸਤਾਨ ਵੱਲ ਜਾਣ ਲਈ ਤਿਆਰ ਨਾ ਹੋਏ। ਏਥੋਂ ਮੌਲਵੀ ਬਰਕਤ ਉੱਲਾ ਨਾਲ ਜੋੜ ਜੋੜਨ ਦੀ ਕੋਸ਼ਿਸ਼ ਕੀਤੀ ਗਈ, ਪਰ ਸਫ਼ਲਤਾ ਨਾ ਹੋਈ। ਸ਼ਿਰਾਜ਼ ਵਿਚ ਗ਼ਦਰ ਪਾਰਟੀ ਦੇ ਹੋਰ ਤਿੰਨ ਸਾਥੀ ਆ ਮਿਲੇ, ਸ੍ਰੀ ਕਿਦਾਰ ਨਾਥ ਹਰਿਆਣਾ (ਹੁਸ਼ਿਆਰਪੁਰ), ਸ੍ਰੀ ਰਿਸ਼ੀ ਕੇਸ਼ ਲੱਠਾ ਤੇ ਸ੍ਰੀ ਅਮੀਨ ਚੌਧਰੀ। ਇਹ ਵੀ ਅਮਰੀਕਾ ਵਿਚ ਗ਼ਦਰ ਪਾਰਟੀ ਦੇ ਹੈੱਡਕੁਆਰਟਰ ਸਾਂ ਫਰਾਂਸਿਸਕੋ ਤੋਂ ਭੇਜੇ ਗਏ ਸਨ। ਏਥੋਂ ਹੋਰ ਬੰਦੇ ਫ਼ੌਜ ਵਿਚ ਲੈ ਕੇ ਬਲੋਚਿਸਤਾਨ ਵੱਲ ਵਧਣਾ ਸ਼ੁਰੂ ਕੀਤਾ ਗਿਆ। ਸ੍ਰੀ ਬਿਸ਼ਨ ਦਾਸ ਕੋਛੜ ਨੂੰ ਪੰਜਾਬ ਦੀ ਗ਼ਦਰ ਲਹਿਰ ਨਾਲ ਸਬੰਧ ਜੋੜਨ ਤੇ ਉਨ੍ਹਾਂ ਨੂੰ ਆਪਣੀ ਕਾਰਗੁਜ਼ਾਰੀ ਦਾ ਪਤਾ ਦੱਸਣ ਲਈ ਬਲੋਚਿਤਸਾਨ ਦੇ ਰਸਤੇ ਪੰਜਾਬ ਨੂੰ ਭੇਜਿਆ ਗਿਆ। ਉਹ ਪੰਜਾਬ ਜਾ ਕੇ ਫੜੇ ਗਏ ਤੇ ਜੇਲ੍ਹ ਵਿਚ ਬੰਦ ਕਰ ਦਿੱਤੇ ਗਏ ਜਿਸ ਕਰਕੇ ਪੰਜਾਬ ਦੀ ਗ਼ਦਰ ਲਹਿਰ ਨਾਲ ਫਰੰਟ ਦਾ ਜੋੜ ਨਾ ਜੁੜ ਸਕਿਆ।
ਇਹ ਗ਼ਦਰੀ ਫ਼ੌਜ ਬਲੋਚਿਸਤਾਨ ਦੀ ਹੱਦ ਲਾਗੇ ਪਹੁੰਚ ਗਈ। ਇਸ ਫ਼ੌਜੀ ਆਮਦ ਦੀਆਂ ਖ਼ਬਰਾਂ ਅੰਗਰੇਜ਼ੀ ਰਾਜ ਨੂੰ ਲੱਗ ਚੁੱਕੀਆਂ ਸਨ। ਹਿੰਦੋਸਤਾਨ ਵਿਚੋਂ ਬਹੁਤ ਸਾਰੀਆਂ ਫ਼ੌਜਾਂ ਜੰਗ ਵਿਚ ਭੇਜ ਦਿੱਤੀਆਂ ਗਈਆਂ ਸਨ। ਬਹੁਤ ਥੋੜ੍ਹੀਆਂ ਫ਼ੌਜਾਂ ਬਾਕੀ ਸਨ। ਉਹ ਵੀ ਅਫ਼ਗਾਨਿਸਤਾਨ ਦੀ ਸਰਹੱਦ ਉੱਤੇ ਪਠਾਣਾਂ ਦੇ ਹਮਲੇ ਨੂੰ ਰੋਕੀ ਰੱਖਣ ਵਾਸਤੇ ਹੀ ਸਨ। ਬਲੋਚਿਸਤਾਨ ਵਿਚ ਕੋਈ ਫ਼ੌਜ ਨਹੀਂ ਸੀ। ਇਲਾਕੇ ਦੀ ਪਛਾੜ ਤੇ ਖਾਨਾਂ ਦੇ ਅੰਗਰੇਜ਼ਾਂ ਦੇ ਹੱਥਾਂ ਉੱਤੇ ਪਏ ਹੋਣ ਕਰਕੇ ਅੰਗਰੇਜ਼ੀ ਰਾਜ ਨੂੰ ਇਸ ਤੋਂ ਕੋਈ ਖ਼ਤਰਾ ਨਹੀਂ ਸੀ। ਜਦ ਇਹ ਹਿੰਦੀ ਆਜ਼ਾਦੀ ਦੀ ਗ਼ਦਰੀ ਫ਼ੌਜ ਆਉਂਦੀ ਦਾ ਪਤਾ ਲੱਗਾ ਤਾਂ ਜਨਰਲ ਸਾਈਕਸ ਨੇ ਬਲੋਚਿਸਤਾਨ ਵਿਚ ਬਲੋਚ ਸਰਦਾਰਾਂ ਨੂੰ ਇਕੱਠਿਆਂ ਕਰਕੇ ਫ਼ੌਜ ਬਣਾਉਣੀ ਸ਼ੁਰੂ ਕੀਤੀ।
ਇਹ ਗ਼ਦਰੀ ਫ਼ੌਜ ਬਲੋਚਿਸਤਾਨ ਦੀ ਹੱਦ ਉਤਲੇ ਕਰਮਨ ਸ਼ਹਿਰ ਉੱਤੇ ਹਮਲਾਵਰ ਹੋਈ ਤੇ ਅੰਗਰੇਜ਼ੀ ਕੌਂਸਲ ਨੂੰ ਕੈਦ ਕਰਕੇ ਇਸ ਉੱਤੇ ਆਪਣਾ ਅਧਿਕਾਰ ਜਮਾ ਲਿਆ। ਕਰਮਨ ਨੂੰ ਗ਼ਦਰੀ ਫ਼ੌਜ ਦਾ ਹੈੱਡਕੁਆਰਟਰ ਬਣਾ ਲਿਆ ਗਿਆ। ਅੰਗਰੇਜ਼ਾਂ ਨੇ ਗ਼ਦਰੀਆਂ ਨਾਲ ਰਲੇ ਹੋਏ ਤੇ ਅੰਗਰੇਜ਼ੀ ਜਫੇ ਵਿਰੁੱਧ ਉੱਠ ਖੜ੍ਹੇ ਹੋਏ ਇਰਾਨੀਆਂ ਵਿਚ ਉਲਟਾ ਪ੍ਰਚਾਰ ਕਰਨ ਲਈ ਮੁਸਲਮਾਨ ਭਾਈਚਾਰੇ ਦੇ ਧਾਰਮਿਕ ਆਗੂ ਆਗਾ ਖਾਂ ਦੇ ਭਾਈ ਨੂੰ ਭੇਜਿਆ। ਗ਼ਦਰੀ ਇਰਾਨੀ ਉਸ ਨੂੰ ਗ੍ਰਿਫ਼ਤਾਰ ਕਰਕੇ ਗ਼ਦਰੀ ਹਾਈ ਕਮਾਂਡ ਪਾਸ ਲੈ ਆਏ। ਉਸ ਨੂੰ ਹਿੰਦੀ ਦੀ ਆਜ਼ਾਦੀ ਨਾਲ ਦੁਸ਼ਮਣੀ ਕਮਾਉਣ ਤੇ ਦੇਸ਼ ਨਾਲ ਗ਼ਦਾਰੀ ਕਰਨ ਦੇ ਅਪਰਾਧ ਵਿਚ ਗੋਲੀ ਮਾਰ ਕੇ ਨਰਕ ਨੂੰ ਭੇਜ ਦਿੱਤਾ ਗਿਆ।
ਅਫ਼ਗਾਨਿਸਤਾਨ ਦੇ ਸੂਬੇ ਸੀਸਤਾਨ ਤੇ ਹਿੰਦੋਸਤਾਨ ਦੇ ਬਲੋਚਿਸਤਾਨ ਥਾਣੀ ਜਨਰਲ ਸਾਈਕਸ ਦੀਆਂ ਫ਼ੌਜਾਂ ਇਸ ਗ਼ਦਰੀ ਫ਼ੌਜ ਦਾ ਮੁਕਾਬਲਾ ਕਰਨ ਤੇ ਇਰਾਨੀ ਬਗ਼ਾਵਤ ਨੂੰ ਦਬਾਉਣ ਲਈ ਵਧੀਆਂ ਚਲੀਆਂ ਆ ਰਹੀਆਂ ਸਨ। ਇਹ ਅੰਗਰੇਜ਼ੀ ਫ਼ੌਜ ਪਹਿਲਾਂ ਦਾਊਦ ਅਲੀ (ਮਨਮਥ ਨਾਥ ਦੱਤ ਨੇ ਆਪਣਾ ਨਾਂ ਦਾਊਦ ਅਲੀ ਰੱਖਿਆ ਹੋਇਆ ਸੀ) ਦੀ ਫ਼ੌਜੀ ਟੁਕੜੀ ਉੱਤੇ ਹਮਲਾਵਰ ਹੋਈ। ਇਸ ਲੜਾਈ ਵਿਚ ਦਾਊਦ ਅਲੀ ਗੋਲੀ ਨਾਲ ਜ਼ਖ਼ਮੀ ਹੋ ਕੇ ਡਿੱਗ ਪਿਆ ਤੇ ਉਸ ਨੂੰ ਚੁੱਕ ਕੇ ਹੈੱਡਕੁਆਰਟਰ ਕਰਮਨ ਲਿਆਂਦਾ ਗਿਆ ਜਿੱਥੇ ਉਹ ਆ ਕੇ ਸ਼ਹੀਦ ਹੋ ਗਿਆ। ਪਰ ਇਸ ਲੜਾਈ ਵਿਚ ਗ਼ਦਰੀ ਫ਼ੌਜ ਦੀ ਜਿੱਤ ਹੋਈ ਤੇ ਅੰਗਰੇਜ਼ੀ ਫ਼ੌਜ ਨੂੰ ਪਿੱਛੇ ਹਟਣਾ ਪਿਆ। ਇੱਥੇ ਹੈੱਡਕੁਆਰਟਰ ਵਿਚ ਖ਼ਬਰ ਆਈ ਕਿ ਇਕ ਹਰਨਾਮ ਸਿੰਘ ਨਾਮ ਦਾ ਹੋਰ ਗ਼ਦਰੀ ਆ ਰਿਹਾ ਸੀ। ਜਦ ਉਹ ਦਾਦਾਭਾਈ ਕਰਸਾਸ ਦੇ ਪਾਰਸੀ ਕਬੀਲੇ ਵਿਚ ਆ ਕੇ ਪ੍ਰਚਾਰ ਕਰ ਰਿਹਾ ਸੀ ਤਾਂ ਉਸ ਕਬੀਲੇ ਵਿਚਲੇ ਅੰਗਰੇਜ਼ੀ ਏਜੰਟਾਂ ਨੇ ਉਸ ਨੂੰ ਜਾਨੋਂ ਮਾਰ ਦਿੱਤਾ।
ਇਹ ਗ਼ਦਰੀ ਫ਼ੌਜ ਅੰਗਰੇਜ਼ੀ ਫ਼ੌਜ ਦਾ ਪਿੱਛਾ ਕਰਦੀ ਹੋਈ ਬਲੋਚਿਸਤਾਨ ਅੰਦਰ ਬਮ (ਬਮਪੁਰ) ਕਰਮਸ਼ੀਰ ਦੇ ਇਲਾਕੇ ਵਿਚ ਜਾ ਵੜੀ। ਬਲੋਚ ਜਵਾਨ ਤੇ ਛੋਟੇ ਖਾਨ ਇਸ ਫ਼ੌਜ ਨਾਲ ਮਿਲਣ ਲੱਗ ਪਏ। ਏਥੇ ਕਾਬਲ ਵਿਚ ਸਥਾਪਤ ਹੋਈ ਰਾਜਾ ਮਹਿੰਦਰ ਪਰਤਾਪ ਦੀ ‘ਕੰਮ ਚਲਾਊ ਹਕੂਮਤ’ ਵੱਲੋਂ ਪ੍ਰਧਾਨ ਮੰਤਰੀ ਮੌਲਵੀ ਬਰਕਤ ਉੱਲਾ ਦੇ ਦਸਤਖਤਾਂ ਹੇਠ ਹਿੰਦ ਦੀ ਆਜ਼ਾਦੀ ਦਾ ਐਲਾਨ ਗ਼ਦਰੀਆਂ ਪਾਸ ਪੁੱਜ ਗਿਆ। ਇਨ੍ਹਾਂ ਨੂੰ ਤੇ ਇਨ੍ਹਾਂ ਦੀ ਫ਼ੌਜ ਨੂੰ ਵੀ ਖੁਸ਼ੀਆਂ ਹੋਈਆਂ। ਡਾਕਟਰ ਖ਼ਾਨਖੋਜੇ ਨੇ ਇਹ ਐਲਾਨ ਬਲੋਚਿਸਤਾਨ ਦੇ ਇਸ ਇਲਾਕੇ ਦੇ ਵੱਡੇ ਸਰਦਾਰ ਜੀਹਾਨ ਖਾਂ ਨੂੰ ਪੜ੍ਹ ਕੇ ਸੁਣਾਇਆ ਤੇ ਆਖਿਆ ਕਿ ਇਹ ਇਲਾਕਾ ਹੁਣ ਗ਼ਦਰੀ ਫ਼ੌਜ ਦਾ ਹੈ, ਅੰਗਰੇਜ਼ਾਂ ਦਾ ਇਸ ਉੱਤੇ ਕੋਈ ਅਧਿਕਾਰ ਨਹੀਂ। ਉਸ ਇਹ ਐਲਾਨ ਪੜ੍ਹ ਕੇ ਗ਼ਦਰੀ ਫ਼ੌਜ ਦੀ ਤਾਬਿਆਦਾਰੀ ਮੰਨ ਲਈ ਤੇ ਇਨ੍ਹਾਂ ਦੇ ਨਾਲ ਹੋ ਗਿਆ। ਗ਼ਦਰੀ ਫ਼ੌਜ ਸਮੁੰਦਰ ਦੇ ਕੰਢੇ-ਕੰਢੇ ਕਰਾਚੀ ਵੱਲ ਵਧੀ ਤੇ ਉਹਨੇ ਅਰਬ ਸਾਗਰ ਦੇ ਕਨਿਾਰੇ ਗਵਾਦਰ ਤੇ ਦਾਵਰ ਦੇ ਸ਼ਹਿਰਾਂ ਤੇ ਘਾਟਾਂ ਉੱਤੇ ਕਬਜ਼ਾ ਕਰ ਲਿਆ। ਇਸ ਕਬਜ਼ੇ ਤੋਂ ਬਾਅਦ ਬਮਪੁਰ ਦੇ ਬਲੋਚ ਸਰਦਾਰ ਬਹਿਰਾਮ ਖਾਂ ਨੇ ਅੰਗਰੇਜ਼ਾਂ ਤੋਂ ਆਜ਼ਾਦੀ ਦਾ ਐਲਾਨ ਕਰ ਦਿੱਤਾ ਤੇ ਗ਼ਦਰੀ ਫ਼ੌਜ ਦੀ ਸਹਾਇਤਾ ਲਈ ਤਿਆਰ ਹੋ ਗਿਆ।
ਏਨੇ ਚਿਰ ਨੂੰ ਯੋਰਪ ਵਿਚ ਜੰਗ ਦਾ ਪਾਸਾ ਪਰਤਣ ਲੱਗ ਪਿਆ। ਤੁਰਕੀ ਨੂੰ ਹਾਰ ਹੋ ਗਈ ਤੇ ਬਗ਼ਦਾਦ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ। ਗ਼ਦਰੀ ਫ਼ੌਜ ਦੀਆਂ ਜਿੱਤਾਂ ਏਥੇ ਹੀ ਰਹਿ ਗਈਆਂ। ਇਸ ਗ਼ਦਰੀ ਫ਼ੌਜ ਦਾ ਪਿੱਛਾ ਟੁੱਟ ਗਿਆ। ਗੋਲੀ ਗਠਾ ਤੇ ਹਥਿਆਰ ਪਤਾ ਆਉਣਾ ਬੰਦ ਹੋ ਗਿਆ। ਅੰਗਰੇਜ਼ੀ ਫ਼ੌਜ ਦਾ ਦਬਾਅ ਵਧ ਗਿਆ। ਅੰਗਰੇਜ਼ਾਂ ਨੇ ਸਿੰਧੀ ਸੌਦਾਗਰਾਂ ਨੂੰ ਭੇਜ ਕੇ ਬਲੋਚ ਸਰਦਾਰ ਬਹਿਰਾਮ ਖਾਂ ਨੂੰ ਗ਼ਦਰੀਆਂ ਨਾਲੋਂ ਤੋੜ ਲਿਆ। ਉਹ ਅੰਗਰੇਜ਼ਾਂ ਵੱਲ ਹੋ ਕੇ ਗ਼ਦਰੀ ਫ਼ੌਜ ਨਾਲ ਲੜਨ ਲੱਗ ਪਿਆ। ਗ਼ਦਰੀ ਫ਼ੌਜ ਨੂੰ ਪਿੱਛੇ ਹਟਣਾ ਪਿਆ ਤੇ ਉਸ ਨੇ ਸਰਾਏ ਡਗਰ ਤੱਕ ਦਾ ਸਾਰਾ ਇਲਾਕਾ ਖਾਲੀ ਕਰ ਦਿੱਤਾ। ਸਰਾਏ ਡਗਰ ਨੂੰ ਬਹਿਰਾਮ ਖਾਂ ਦੀ ਫ਼ੌਜ ਨੇ ਘੇਰਾ ਪਾ ਲਿਆ। ਚੰਗੀ ਗਹਿਗੱਚ ਲੜਾਈ ਹੋਈ। ਗ਼ਦਰੀ ਫ਼ੌਜ ਹਥਿਆਰਾਂ ਤੇ ਗੋਲੀ ਸਿੱਕੇ ਦੀ ਘਾਟ ਕਰਕੇ ਹਾਰ ਗਈ। ਇਸ ਹਾਰ ’ਤੇ ਬਲੋਚ ਜਵਾਨ ਵੀ ਗ਼ਦਰੀ ਫ਼ੌਜ ਨੂੰ ਛੱਡ ਕੇ ਚਲੇ ਗਏ।
ਗ਼ਦਰੀ ਸਰਾਏ ਡਗਰ ਤੋਂ ਨਿਕਲ ਕੇ ਬਮ ਆ ਗਏ, ਜਿੱਥੇ ਜੀਹਾਨ ਖਾਂ ਅੰਗਰੇਜ਼ੀ ਫ਼ੌਜ ਨਾਲ ਲੜ ਰਿਹਾ ਸੀ। ਅੰਗਰੇਜ਼ੀ ਫ਼ੌਜ ਨੇ ਗ਼ਦਰੀਆਂ ਦਾ ਰਾਹ ਕੱਟ ਦਿੱਤਾ ਤੇ ਜੀਹਾਨ ਖਾਂ ਨਾਲ ਨਾ ਰਲਣ ਦਿੱਤਾ। ਗ਼ਦਰੀ ਪਿਛਾਂਹ ਹਟੇ ਤੇ ਸ਼ਿਰਾਜ਼ ਵੱਲ ਵਧੇ, ਅੱਗੋਂ ਅੰਗਰੇਜ਼ੀ ਅਫ਼ਸਰਾਂ ਦੀ ਕਮਾਨ ਹੇਠ ਇਰਾਨੀ ਫ਼ੌਜ ਰਸਤਾ ਰੋਕ ਖਲੋਤੀ, ਮੋਰਚੇ ਬੰਨ੍ਹ ਕੇ ਲੜਾਈ ਹੋਈ। ਗ਼ਦਰੀ ਹਾਰ ਗਏ ਤੇ ਜਿੱਧਰ ਕਿਸੇ ਤੋਂ ਜਾਇਆ ਗਿਆ, ਖਿੰਡ-ਪੁੰਡ ਕੇ ਚਲੇ ਗਏ। ਗ਼ਦਰੀਆਂ ਦੀ ਜਥੇਬੰਦ ਸਤਿਆ ਟੁੱਟ ਗਈ। ਡਾਕਟਰ ਖ਼ਾਨਖੋਜੇ ਦਾ ਘੋੜਾ ਮਰ ਕੇ ਡਿੱਗ ਪਿਆ। ਡਾਕਟਰ ਵੀ ਲੱਤ ਵਿਚ ਗੋਲੀ ਖਾ ਕੇ ਫੱਟੜ ਹੋ ਕੇ ਗ੍ਰਿਫ਼ਤਾਰ ਹੋ ਗਏ। ਉਨ੍ਹਾਂ ਨੂੰ ਇਰਾਨੀ ਸਿਪਾਹੀ ਕੈਦੀ ਦੀ ਹੈਸੀਅਤ ਵਿਚ ਕਿਤੇ ਦੂਰ ਲੈ ਜਾ ਰਹੇ ਸਨ ਕਿ ਰਾਹ ਵਿਚ ਡਾਕਟਰ ਨੂੰ ਕੈਆਂ ਆਈਆਂ। ਇਰਾਨੀਆਂ ਨੇ ਸਮਝਿਆ ਕਿ ਹੈਜ਼ਾ ਹੋ ਗਿਆ, ਉਹ ਡਰਦੇ ਮਾਰੇ ਛੱਡ ਕੇ ਚਲੇ ਗਏ ਤੇ ਮਰ ਗਏ ਦੀ ਰਿਪੋਰਟ ਕਰ ਦਿੱਤੀ।
ਉਨ੍ਹਾਂ ਦੇ ਜਾਣ ਤੋਂ ਬਾਅਦ ਡਾਕਟਰ ਉੱਠੇ ਤੇ ਕਾਫ਼ ਪਹਾੜ ਪਾਰ ਕਰਕੇ ਮੱਧ ਇਰਾਨ ਨੂੰ ਚਲੇ ਗਏ। ਉਹ ਇਕ ਨਰੀਸ ਕਬੀਲੇ ਦੇ ਸਰਦਾਰ ਦੀ ਸਹਾਇਤਾ ਨਾਲ ਨਰੀਸ ਪਹੁੰਚ ਗਏ। ਓਥੋਂ ਪਤਾ ਲੱਗਾ ਕਿ ਸਭ ਗ਼ਦਰੀ ਫੜੇ ਗਏ ਸਨ। ਨਰੀਸ ਦੇ ਇਰਾਨੀ ਗਵਰਨਰ ਦੀ ਸਹਾਇਤਾ ਨਾਲ ਡਾਕਟਰ ਸ਼ਿਰਾਜ਼ ਚਲੇ ਗਏ। ਸੂਫ਼ੀ ਅੰਬਾ ਪਰਸ਼ਾਦ ਨੂੰ ਮਿਲੇ। ਏਥੇ ਸ੍ਰੀ ਕਿਦਾਰ ਨਾਥ ਹਰਿਆਣਾ ਵੀ ਆ ਮਿਲੇ। ਅੰਗਰੇਜ਼ੀ ਫ਼ੌਜ ਨੇ ਇਰਾਨ ਦੇ ਬਾਕੀ ਦੇ ਬਾਗ਼ੀ ਦੱਖਣੀ ਇਲਾਕੇ ਨੂੰ ਸਰ ਕਰਕੇ ਸ਼ਿਰਾਜ਼ ਉੱਤੇ ਹਮਲਾ ਕੀਤਾ। ਗ਼ਦਰੀ ਤੇ ਸੂਫ਼ੀ ਇਰਾਨੀਆਂ ਨਾਲ ਹੋ ਕੇ ਲੜੇ। ਸੂਫ਼ੀ ਅੰਬਾ ਪ੍ਰਸਾਦ ਦੀ ਇਸ ਲੜਾਈ ਵਿਚ ਬਾਂਹ ਕੱਟੀ ਗਈ। ਅੰਗਰੇਜ਼ਾਂ ਦੀ ਜਿੱਤ ਹੋਈ। ਗ਼ਦਰੀ ਭੱਜ ਕੇ ਕਾਸ਼ਗਾਈ ਆ ਗਏ। ਏਥੇ ਇਰਾਨੀਆਂ ਨੂੰ ਜੋੜ ਕੇ ਸ਼ਿਰਾਜ਼ ਉੱਤੇ ਹਮਲਾਵਰ ਹੋਏ। ਪਰ ਅੰਗਰੇਜ਼ੀ ਫ਼ੌਜ ਦੀ ਤਾਕਤ ਅੱਗੇ ਪਿਛਾਂਹ ਹਟਣਾ ਪਿਆ।
ਸ੍ਰੀ ਕਿਦਾਰ ਨਾਥ ਹਰਿਆਣਾ ਤੇ ਸ੍ਰੀ ਬਸੰਤ ਸਿੰਘ ਚੌਂਦਾ ਵੀ ਇਸੇ ਮੁਹਿੰਮ ਵਿਚ ਅੰਗੇਰਜ਼ੀ ਸਾਮਰਾਜੀ ਹਾਕਮਾਂ ਦੇ ਹੱਥ ਆ ਗਏ ਤੇ ਉਨ੍ਹਾਂ ਨੂੰ ਜਾਨੋਂ ਮਾਰ ਦਿੱਤਾ ਗਿਆ। ਇਸ ਤਰ੍ਹਾਂ ਆਪਣਾ ਜ਼ੋਰ ਪਿਆ ਤਾਂ ਲੜ ਪਏ, ਦੁਸ਼ਮਣ ਦਾ ਜ਼ੋਰ ਪਿਆ ਤਾਂ ਪਿਛਾਂਹ ਹਟ ਗਏ, ਦੀ ਦੌੜ 1918 ਤੱਕ ਲੱਗੀ ਰਹੀ। ਪਰ ਹਥਿਆਰ ਨਹੀਂ ਸੁੱਟੇ, ਹੌਸਲੇ ਨਹੀਂ ਛੱਡੇ।
ਅੰਗਰੇਜ਼ੀ ਫ਼ੌਜਾਂ ਦੀ ਜਿੱਤ ਤੇ ਤੁਰਕੀ ਤੇ ਜਰਮਨ ਦੇ ਹਥਿਆਰ ਸੁੱਟ ਦੇਣ ਅਤੇ ਜੰਗ ਦੀ ਸੁਲਾਹ ਹੋ ਜਾਣ ਬਾਅਦ ਇਰਾਨੀ ਦਿਲ ਛੱਡ ਗਏ। ਉਨ੍ਹਾਂ ਨੇ ਹਥਿਆਰ ਸੁੱਟ ਦਿੱਤੇ। ਗ਼ਦਰੀ ਉੱਥੋਂ ਬੁਖ਼ਤਿਆਰੀ ਕਬੀਲੇ ਵਿਚ ਆ ਗਏ। 1919 ਦੇ ਅਖੀਰ ’ਤੇ ਉਹ ਇਰਾਨ ਛੱਡ ਗਏ।

 

1915 ਵਿਚ ਗ਼ਦਰ ਪਾਰਟੀ ਆਗੂਆਂ ਤੇ ਰਾਜਾ ਮਹਿੰਦਰ ਪਰਤਾਪ ਦੀ ਅਗਵਾਈ ਵਿਚ ਤੁਰਕੀ, ਇਰਾਕ, ਇਰਾਨ ਤੇ ਅਫ਼ਗ਼ਾਨਿਸਤਾਨ ਵਿਚ ਦੇਸ਼ ਦੀ ਆਜ਼ਾਦੀ ਲਈ ਵੱਡੇ ਯਤਨ ਹੋਏ। ਕਾਬੁਲ ਵਿਚ ਭਾਰਤ ਦੀ ਪਹਿਲੀ ਕੰਮ ਚਲਾਊ ਸਰਕਾਰ (ਪਰੋਵਿਜ਼ਨਲ ਗਵਰਨਮੈਂਟ ਆਫ਼ ਇੰਡੀਆ) ਦੀ ਕਾਇਮੀ ਕੀਤੀ ਗਈ ਜਿਸ ਦਾ ਰਾਸ਼ਟਰਪਤੀ ਰਾਜਾ ਮਹਿੰਦਰ ਪਰਤਾਪ ਸੀ ਤੇ ਮੌਲਵੀ ਬਰਕਤ ਉੱਲਾ ਪ੍ਰਧਾਨ ਮੰਤਰੀ। ਹੋਰ ਵਜ਼ੀਰ ਇਹ ਸਨ: ਗ਼ਦਰੀ ਮਥਰਾ ਸਿੰਘ, ਮੌਲਾਨਾ ਉਬੈਦ ਉੱਲਾਹ ਸਿੰਧੀ, ਮੌਲਵੀ ਮੁਹੰਮਦ ਬਸ਼ੀਰ, ਚੰਪਾਕਰਨ ਪਿੱਲੈ। ਇਸ ਸਰਕਾਰ ਦਾ ਕੰਮ ਤਾਂ ਸੀਮਤ ਸੀ ਪਰ ਤੁਰਕੀ, ਇਰਾਕ ਤੇ ਇਰਾਨ ਵਿਚ ਕੰਮ ਕਰ ਰਹੇ ਗ਼ਦਰੀਆਂ ਨੇ ਵੱਡਾ ਹੰਭਲਾ ਮਾਰਿਆ। ਇਰਾਨ ਵਿਚ ਜਰਮਨੀ ਦੀ ਸਹਾਇਤਾ ਨਾਲ ਹਿੰਦੀ ਗ਼ਦਰੀ ਫ਼ੌਜ ਖੜ੍ਹੀ ਕੀਤੀ ਜਿਸ ਦਾ ਨਾਂ ਇੰਡੀਅਨ ਇੰਡੀਪੈਂਡੈਂਸ ਆਰਮੀ ਰੱਖਿਆ। ਇਸ ਦੇ ਆਗੂ ਸਨ: ਡਾ. ਪਾਂਡੂਰਾਂਗ ਸਦਾਸ਼ਿਵ ਖ਼ਾਨਖੋਜੇ, ਸੂਫ਼ੀ ਅੰਬਾ ਪਰਸ਼ਾਦ, ਬਿਸ਼ਨ ਦਾਸ ਕੋਛੜ ਨੂਰ ਮਹਿਲ (ਜਲੰਧਰ), ਮਨਮਥ ਨਾਥ ਦੱਤ, ਕਿਦਾਰ ਨਾਥ ਹਰਿਆਣਾ (ਹੁਸ਼ਿਆਰਪੁਰ), ਬਸੰਤ ਸਿੰਘ ਚੌਂਦਾ, ਰਿਸ਼ੀ ਕੇਸ਼ ਲੱਠਾ, ਅਮੀਨ ਚੌਧਰੀ, ਜੀਹਾਨ ਖ਼ਾਨ ਆਦਿ। ਇਸ ਫ਼ੌਜ ਨੇ ਬਲੋਚਿਸਤਾਨ ਵੱਲ ਵਧਣਾ ਸ਼ੁਰੂ ਕੀਤਾ ਅਤੇ ਇਰਾਨ ਦੇ ਬਲੋਚੀ ਇਲਾਕੇ (ਇਰਾਨ ਵਿਚ ਸਿਸਤਾਨ-ਬਲੋਚਿਸਤਾਨ ਬਲੋਚੀ ਇਲਾਕਾ) ਵਿਚ ਆਪਣਾ ਪ੍ਰਭਾਵ ਵਧਾਇਆ ਅਤੇ ਕਰਮਾਨ (ਕਿਰਮਨਸ਼ਾਹ) ਸ਼ਹਿਰ ਉੱਤੇ ਕਬਜ਼ਾ ਕਰ ਕੇ ਉਸ ਨੂੰ ਹੈੱਡਕੁਆਰਟਰ ਬਣਾ ਲਿਆ। ਇਸ ਫ਼ੌਜ ਨੇ ਅੰਗਰੇਜ਼ ਫ਼ੌਜ ਨੂੰ ਹਰਾਇਆ ਅਤੇ ਬਮ (ਬਮਪੁਰ) ਦੇ ਇਲਾਕੇ ਵਿਚ ਇਸ ਇਲਾਕੇ ਦੇ ਆਜ਼ਾਦ ਹੋਣ ਦਾ ਐਲਾਨ ਕਰ ਦਿੱਤਾ। ਇਸ ਫ਼ੌਜ ਨੇ ਗਵਾਦਰ ਦੀ ਬੰਦਰਗਾਹ (ਜਿਹੜੀ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਸਥਿਤ ਹੈ) ’ਤੇ ਵੀ ਕਬਜ਼ਾ ਕਰ ਲਿਆ। ਬਾਅਦ ਵਿਚ ਹੋਈਆਂ ਲੜਾਈਆਂ ਵਿਚ ਗ਼ਦਰੀ ਫ਼ੌਜ ਹਾਰ ਗਈ। ਇਨ੍ਹਾਂ ਲੜਾਈਆਂ ਵਿਚ ਮਨਮਥ ਨਾਥ ਦੱਤ (ਜਿਸ ਨੇ ਆਪਣਾ ਨਾਂ ਦਾਊਦ ਅਲੀ ਰੱਖ ਲਿਆ ਸੀ), ਕਿਦਾਰ ਨਾਥ ਹਰਿਆਣਾ, ਬਸੰਤ ਸਿੰਘ ਚੌਂਦਾ ਆਦਿ ਸ਼ਹੀਦ ਹੋ ਗਏ। ਹਾਰੇ ਹੋਏ ਗ਼ਦਰੀ ਇਰਾਨ ਦੇ ਸ਼ਹਿਰ ਸ਼ਿਰਾਜ਼ ਵਿਚ ਪਰਤੇ ਅਤੇ ਉੱਥੇ ਅੰਗਰੇਜ਼ਾਂ ਵਿਰੁੱਧ ਲੜੇ। ਇਸ ਲੜਾਈ ਵਿਚ ਹੀ ਸੂਫ਼ੀ ਅੰਬਾ ਪਰਸ਼ਾਦ ਦੀ ਸ਼ਹਾਦਤ ਹੋਈ।

Advertisement