ਬਠਿੰਡਾ ਵਿੱਚ ਕੌਮੀ ਮਾਰਗ ’ਤੇ ਰਾਤ ਵੇਲੇ ਬੱਤੀ ਗੁੱਲ
ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਬਠਿੰਡਾ, 14 ਨਵੰਬਰ
ਬਠਿੰਡਾ ਨੂੰ ਵਾਇਆ ਬਾਜਾਖਾਨਾ ਫ਼ਰੀਦਕੋਟ ਨਾਲ ਜੋੜਨ ਵਾਲੇ ਕੌਮੀ ਸ਼ਾਹ ਰਾਹ ’ਤੇ ਲਾਈਟਾਂ ਬੰਦ ਹਨ। ਰਾਤਾਂ ਲੰਮੀਆਂ ਹੋਣ ਕਾਰਨ ਅਤੇ ਆਗ਼ਾਮੀ ਧੁੰਦ ਦੇ ਮੌਸਮ ਦੇ ਮੱਦੇਨਜ਼ਰ ਲੋਕਾਂ ਵੱਲੋਂ ਖੰਭਿਆਂ ’ਤੇ ਲੱਗੀਆਂ ਇਨ੍ਹਾਂ ਲਾਈਟਾਂ ਨੂੰ ਠੀਕ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਬਠਿੰਡਾ ਦੇ ਆਰਟੀਆਈ ਕਾਰਕੁਨ ਸੰਜੀਵ ਗੋਇਲ ਨੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ, ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ, ਮੁੱਖ ਮੰਤਰੀ ਪੰਜਾਬ, ਪ੍ਰਮੁੱਖ ਸਕੱਤਰ ਪੰਜਾਬ, ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਅਤੇ ਲੋਕ ਨਿਰਮਾਣ ਵਿਭਾਗ ਨੂੰ ਸ਼ਿਕਾਇਤ ਇਸ ਸਬੰਧ ’ਚ ਸ਼ਿਕਾਇਤ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੰਮੇ ਸਮੇਂ ਤੋਂ ਬੰਦ ਹਾਈਵੇਅ ਦੀਆਂ ਲਾਈਟਾਂ ਕਾਰਨ ਰਾਤ ਨੂੰ ਸੰਘਣਾ ਹਨੇਰਾ ਪਸਰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਈ ਖੰਭਿਆਂ ਦੀ ਮੁਰੰਮਤ ਵੀ ਕੀਤੀ ਜਾਣੀ ਹੈ, ਜਿਸ ਬਾਰੇ ਸ਼ਾਇਦ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਅਤੇ ਲੋਕ ਨਿਰਮਾਣ ਵਿਭਾਗ ਦੇ ਸਬੰਧਤ ਅਧਿਕਾਰੀ ਅਤੇ ਅਧਿਕਾਰੀ ਪੂਰੀ ਤਰ੍ਹਾਂ ਅਣਜਾਣ ਹਨ ਜਾਂ ਉਹ ਜਾਣ-ਬੁੱਝ ਕੇ ਇਨ੍ਹਾਂ ਦੀ ਮੁਰੰਮਤ ਨਹੀਂ ਕਰਵਾਉਣਾ ਚਾਹੁੰਦੇ।
ਉਨ੍ਹਾਂ ਕਿਹਾ ਕਿ ਇਨ੍ਹੀਂ ਦਿਨੀਂ ਧੁੰਦ ਦੇ ਮੌਸਮ ਦੀ ਸ਼ੁਰੂਆਤ ਹੋਣ ਵਾਲੀ ਹੈ। ਅਜਿਹੇ ’ਚ ਆਵਾਰਾ ਪਸ਼ੂ ਹਾਈਵੇਅ ’ਤੇ ਨਜ਼ਰ ਨਹੀਂ ਆਉਂਦੇ, ਜਿਸ ਕਰਕੇ ਕਈ ਵਾਹਨ ਸਵਾਰਾਂ ਦਾ ਜਾਨੀ-ਮਾਲੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਦੱਸਿਆ ਕਿ ਇਸ ਨੈਸ਼ਨਲ ਹਾਈਵੇ ’ਤੇ ਲਾਏ ਗਏ ਦਿਸ਼ਾ ਸੂਚਕ ਬੋਰਡਾਂ ਦੀ ਹਾਲਤ ਵੀ ਤਰਸਯੋਗ ਹੈ। ਇਨ੍ਹਾਂ ’ਚੋਂ ਕਈ ਚਿਰਾਂ ਤੋਂ ਟੁੱਟੇ ਹੋਏ ਹਨ, ਜਿਸ ਦੇ ਫ਼ਲਸਰੂਪ ਸੜਕ ’ਤੇ ਸਫ਼ਰ ਕਰਨ ਵਾਲੇ ਦੂਰ-ਦੁਰੇਡੇ ਤੋਂ ਆਉਂਦੇ ਲੋਕਾਂ ਨੂੰ ਬੇ-ਵਜ੍ਹਾ ਪ੍ਰੇਸ਼ਾਨੀ ਹੁੰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਨੈਸ਼ਨਲ ਹਾਈਵੇਅ ਨਾਲ ਸਬੰਧਿਤ ਸਰਕਾਰੀ ਵਿਭਾਗਾਂ ਨੂੰ ਸਮੇਂ-ਸਿਰ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨਾ ਚਾਹੀਦਾ ਹੈ, ਤਾਂ ਕਿ ਕਿਸੇ ਸੰਭਾਵਿਤ ਅਣਸੁਖਾਵੀਂ ਘਟਨਾ ਤੋਂ ਬਚਾਅ ਹੋ ਸਕੇ।