ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਠਿੰਡੇ ਵਾਲੀ ਪੱਗ

12:32 PM Feb 04, 2023 IST

ਲਾਲ ਚੰਦ ਸਿਰਸੀਵਾਲਾ

Advertisement

ਕੁਝ ਘਟਨਾਵਾਂ ਬੜੀਆਂ ਡਰਾਵਣੀਆਂ ਹੁੰਦੀਆਂ ਨੇ, ਮਨੁੱਖ ਉਨ੍ਹਾਂ ਨੂੰ ਚਿਤਵਣਾ ਵੀ ਨਹੀਂ ਚਾਹੁੰਦਾ ਪਰ ਜਿ਼ੰਦਗੀ ਆਪਣੀ ਤੋਰੇ ਤੁਰਦੀ ਰਹਿੰਦੀ ਹੈ ਤੇ ਸਮਾਂ ਪਾ ਕੇ ਉਹ ਘਟਨਾਵਾਂ ਤੁਹਾਡੇ ਲਈ ਯਾਦਗਾਰੀ ਪਲ ਸਾਬਤ ਹੋ ਜਾਂਦੀਆਂ ਨੇ। ਅਜਿਹੀ ਆਪ ਬੀਤੀ ਸਾਲ 1986 ਦੀ ਹੈ।

ਬਤੌਰ ਵੈਟਨਰੀ ਫਾਰਮਾਸਿਸਟ (ਹੁਣ ਵੈਟਨਰੀ ਇੰਸਪੈਕਟਰ) ਜਲੰਧਰ ਜਿ਼ਲ੍ਹੇ ਦੇ ਵਿਚ ਨਿਯੁਕਤ ਹੋਇਆ ਸੀ। ਬਠਿੰਡਾ ਜਿ਼ਲ੍ਹੇ (ਹੁਣ ਮਾਨਸਾ) ਦੇ ਪੱਛੜੇ, ਛੋਟੇ ਜਿਹੇ ਪਿੰਡ ਤੋਂ ਆ ਕੇ ਪੜ੍ਹੇ ਲਿਖੇ ਅਤੇ ਅਗਾਂਹ ਵਧੂ ਲੋਕਾਂ ਨਾਲ ਰਾਬਤਾ ਬਣਾਉਣ ਲਈ ਬਹੁਤ ਜ਼ਿੰਮੇਵਾਰੀ ਤੇ ਸ਼ਰਾਫਤ ਨਾਲ ਵਿਚਰਿਆ। ਸੱਤ-ਅੱਠ ਮਹੀਨਿਆਂ ਵਿਚ ਮੋਹਤਬਰਾਂ ਅਤੇ ਪਸ਼ੂ ਪਾਲਕਾਂ ਨਾਲ ਚੰਗੀ ਜਾਣ-ਪਛਾਣ ਹੋ ਗਈ।

Advertisement

ਉਨ੍ਹਾਂ ਦਿਨਾਂ ਵਿਚ ਪੰਜਾਬ ਅਤਿਵਾਦ ਦੀ ਦਹਿਸ਼ਤ ਵਿਚੋਂ ਲੰਘ ਰਿਹਾ ਸੀ। ਉਸ ਸਮੇਂ ਮਾਲਵਾ ਤਾਂ ਘੱਟ ਪਰ ਮਾਝਾ ਤੇ ਦੁਆਬਾ ਦਹਿਸ਼ਤੀ ਕਾਰਵਾਈਆਂ ਦਾ ਗੜ੍ਹ ਸੀ। ਨਿੱਤ ਦਿਨ ਮੁਕਾਬਲੇ, ਕਾਲਜਾਂ ‘ਚ ਪੜ੍ਹਦੇ ਨੌਜਵਾਨਾਂ ਦੀ ਫੜੋ-ਫੜੀ ਜੋ ਹੌਲੀ ਹੌਲੀ ਨਾਮਵਰ ਬਣ ਜਾਂਦੇ ਜਾਂ ਖਾਕ ਵਿਚ ਮਿਲ ਜਾਂਦੇ। ਘਰੋਂ ਗਿਆ ਆਦਮੀ ਘਰ ਸਲਾਮਤ ਆਵੇ ਜਾਂ ਨਾ, ਕੋਈ ਭਰੋਸਾ ਨਹੀਂ ਸੀ। ਕਿੰਨੀਆਂ ਹੀ ਬੇਗੁਨਾਹ ਜਿ਼ੰਦਗੀਆਂ ਇਸ ਦੀ ਭੇਂਟ ਚੜ੍ਹੀਆਂ ਅਤੇ ਹਜ਼ਾਰਾਂ ਪਰਿਵਾਰਾਂ ਨੇ ਇਸ ਦਾ ਦਰਦ ਆਪਣੇ ਪਿੰਡਿਆਂ ‘ਤੇ ਹੰਢਾਇਆ। ਗੁਨਾਹਗਾਰ ਦੀ ਛੱਡੋ, ਥੋੜ੍ਹੇ ਜਿਹੇ ਸ਼ੱਕ ਵਿਚ ਪੁਲੀਸ ਅੜਿੱਕੇ ਆਏ ਆਦਮੀ ਦੀ ਛੇਤੀ ਕਿਤੇ ਬੰਦ-ਖਲਾਸੀ ਨਹੀਂ ਹੁੰਦੀ ਸੀ। ਕੁਝ ਸਿਆਣੇ ਤੇ ਜਿ਼ੰਮੇਵਾਰ ਅਫਸਰ ਹੀ ਸ਼ਿਕਾਇਤ ਦੀ ਪੜਤਾਲ ਕਰ ਕੇ ਤਹਿ ਤੱਕ ਜਾਂਦੇ ਸਨ; ਬਾਕੀਆਂ ਨੇ ਤਾਂ ਲਾਲਚ ਅਤੇ ਤਰੱਕੀਆਂ ਖ਼ਾਤਰ ਮਾਵਾਂ ਦੇ ਕਿੰਨੇ ਪੁੱਤ ਘਰੋਂ ਬੇਘਰ ਕਰ ਦਿੱਤੇ ਜੋ ਮੁੜ ਕੇ ਪਰਤੇ ਨਹੀਂ।

ਇੱਕ ਦਿਨ ਸਵੇਰੇ ਡਿਊਟੀ ‘ਤੇ ਪਹੁੰਚਿਆ ਹੀ ਸੀ ਕਿ ਤਿੰਨ ਪੁਲੀਸ ਵਾਲੇ ਗੱਡੀ ‘ਚ ਆਏ ਤੇ ਮੈਨੂੰ ਆਦਮਪੁਰ ਥਾਣੇ ਚੱਲਣ ਲਈ ਕਹਿਣ ਲੱਗੇ। ਮੈਂ ਕਾਰਨ ਪੁੱਛਿਆ ਤਾਂ ਕਹਿਣ ਲੱਗੇ- ‘ਪਤਾ ਨਹੀਂ ਸਾਹਬ ਦਾ ਹੁਕਮ ਐ’ ਤੇ ਮੈਂ ਇੱਕ ਪਸ਼ੂ ਪਾਲਕ ਰਾਹੀਂ ਪਿੰਡ ਦੇ ਸਰਪੰਚ ਕੋਲ ਸਨੇਹਾ ਭੇਜ ਉਨ੍ਹਾਂ ਨਾਲ ਥਾਣੇ ਚਲਾ ਗਿਆ।

ਘੰਟੇ ਕੁ ਬਾਅਦ ਤਫਤੀਸ਼ੀ ਅਫਸਰ ਨੇ ਮੈਨੂੰ ਸਾਹਮਣੇ ਕੁਰਸੀ ‘ਤੇ ਬਿਠਾਉਂਦਿਆਂ ਜਾਂਚ ਸ਼ੁਰੂ ਕੀਤੀ। ਮੈਂ ਉਨ੍ਹਾਂ ਨੂੰ ਥਾਣੇ ਲਿਆਉਣ ਦਾ ਕਾਰਨ ਪੁੱਛਿਆ ਪਰ ਬਿਨਾ ਜਵਾਬ ਦਿੱਤਿਆਂ ਪੁੱਛਗਿੱਛ ਜਾਰੀ ਰੱਖੀ। ਮੇਰਾ ਪਰਿਵਾਰਕ ਪਿਛੋਕੜ, ਭੈਣ ਭਰਾ, ਪੜ੍ਹਾਈ, ਮਾਤਾ-ਪਿਤਾ, ਪਿੰਡ, ਇਲਾਕਾ, ਦੋਸਤ ਮਿੱਤਰਾਂ ਬਾਰੇ ਬਹੁਤ ਹੀ ਬਾਰੀਕੀ ਨਾਲ ਪੁੱਛਗਿੱਛ ਕੀਤੀ। ਇਸ ਦੌਰਾਨ ਪਿੰਡ ਦਾ ਸਰਪੰਚ ਅਤੇ ਦੋ ਤਿੰਨ ਮੁਹਤਬਰ ਵੀ ਪਹੁੰਚ ਗਏ। ਰਹਿੰਦੀ ਪੁੱਛਗਿੱਛ ਪੂਰੀ ਕਰ ਕੇ ਉਹ ਸਰਪੰਚ ਨੂੰ ਮੁਖਾਤਿਬ ਹੁੰਦਿਆਂ ਬੋਲੇ, “ਮੁੰਡੇ ਖਿਲਾਫ ਸ਼ਿਕਾਇਤ ਹੈ ਕਿ ਇਸ ਨੇ ਤੁਹਾਡੇ ਪਿੰਡ ਦੇ ਫਲਾਣਿਆਂ ਦਾ ਸਕੂਟਰ ਖੋਹਿਆ ਹੈ ਪਰ ਮੈਨੂੰ ਲੱਗਦੈ ਮੁੰਡਾ ਸ਼ਰੀਫ ਤੇ ਮਿਹਨਤਕਸ਼ ਪਰਿਵਾਰ ‘ਚੋਂ ਹੈ ਤੇ ਹੈ ਵੀ ਬੇਗੁਨਾਹ। ਤੁਸੀਂ ਦੋਵਾਂ ਧਿਰਾਂ ਨੂੰ ਬਿਠਾ ਕੇ ਪੈਦਾ ਹੋਈ ਗਲਤ ਫਹਿਮੀ ਦੂਰ ਕਰੋ; ਜੇ ਉਹ ਮੰਨਦੇ ਤਾਂ ਠੀਕ, ਨਹੀਂ ਫਿਰ ਕਾਰਵਾਈ ਕਰਨੀ ਪਊ।” ਫਿਰ ਪੰਚਾਇਤ ਮੈਨੂੰ ਆਪਣੀ ਜਿ਼ੰਮੇਵਾਰੀ ‘ਤੇ ਪਿੰਡ ਲੈ ਆਈ।

ਅਗਲੇ ਦਿਨ ਸਰਪੰਚ ਦੇ ਘਰ ਇੱਕਠ ਹੋਇਆ, ਉਸ ਪਰਿਵਾਰ ‘ਚੋਂ ਮੁੰਡੇ ਕੁੜੀ ਨੂੰ ਵੀ ਬੁਲਾਇਆ ਗਿਆ ਜੋ ਖੋਹੇ ਜਾਣ ਸਮੇਂ ਸਕੂਟਰ ‘ਤੇ ਸਵਾਰ ਸਨ। ਗੱਲ ਸ਼ੁਰੂ ਕਰਦਿਆਂ ਸਰਪੰਚ ਨੇ ਆਖਿਆ, “ਦੱਸੋ ਭਾਈ ਤੁਹਾਡੇ ਕੋਲ ਕੀ ਸਬੂਤ ਐ ਕਿ ਤੁਹਾਡਾ ਸਕੂਟਰ ਇਸ ਮੁੰਡੇ ਨੇ ਖੋਹਿਐ?”

ਮੁੰਡਾ ਤਾਂ ਨਹੀਂ ਬੋਲਿਆ, ਕੁੜੀ ਨੇ ਆਖਿਆ, “ਅੰਕਲ ਜੀ ਮੂੰਹ ਤਾਂ ਢਕਿਆ ਹੋਇਆ ਸੀ, ਪੱਗ ਬਿਲਕੁਲ ਇਨ੍ਹਾਂ ਵਾਂਗ ਬੰਨ੍ਹੀ ਸੀ ਉੱਚੀ ਜਿਹੀ ਬਠਿੰਡੇ ਵਾਲੀ ਤੇ ਕਮੀਜ਼ ਵੀ ਪੈਂਟ ਤੋਂ ਬਾਹਰ ਸੀ। ਪੱਕਾ ਇਹੀ ਸੀ। ਮੈਂ ਹੋਰ ਪਛਾਣ ਕਰਨ ਦੇ ਬਹਾਨੇ ਫੋਕਲ ਪੁੁਆਇੰਟ (ਜੋ ਪਿੰਡੋਂ ਬਾਹਰ ਸੁੰਨਸਾਨ ਜਗ੍ਹਾ ‘ਤੇ ਸੀ) ਦੇ ਪਸ਼ੂਆਂ ਵਾਲੇ ਹਸਪਤਾਲ ਦੁਪਹਿਰ ਸਮੇਂ ਇਕੱਲੀ ਸਾਇਕਲ ‘ਤੇ ਦਵਾਈ ਲੈਣ ਗਈ। ਇਹਨੇ ਨਾ ਤਾਂ ਮੇਰੇ ਕੋਲੋਂ ਪਰਚੀ ਦੇ ਪੈਸੇ ਮੰਗੇ, ਨਾ ਹੀ ਮੇਰੇ ਵੱਲ ਦੇਖਿਆ। ਬੱਸ ਦਵਾਈ ਦੇ ਦਿੱਤੀ। ਮੇਰਾ ਸ਼ੱਕ ਯਕੀਨ ‘ਚ ਬਦਲ ਗਿਆ ਕਿ ਇਹ ਪਛਾਣੇ ਜਾਣ ਦੇ ਡਰੋਂ ਹੀ ਅੱਖ ਚੁੱਕ ਕੇ ਨਹੀਂ ਦੇਖਦਾ।” ਸਰਪੰਚ ਹੱਸਿਆ ਤੇ ਮੈਨੂੰ ਪੁੱਛਣ ਲੱਗਾ, “ਕਾਕਾ ਤੈਂ ਖੋਹਿਆ ਸਕੂਟਰ? ਪਰਚੀ ਫੀਸ ਕਿਉਂ ਨਹੀਂ ਮੰਗੀ? ਤੇ ਅੱਖ ਚੱਕ ਕੇ ਕਿਉਂ ਨਹੀਂ ਦੇਖਿਆ?”

ਮੈਂ ਆਪਣਾ ਪੱਖ ਸਪੱਸ਼ਟ ਕੀਤਾ, “ਸਰਪੰਚ ਸਾਹਿਬ ਪਹਿਲੀ ਗੱਲ ਮੈਨੂੰ ਸਕੂਟਰ ਚਲਾਉਣਾ ਹੀ ਨਹੀਂ ਆਉਂਦਾ। ਦੂਜੀ ਗੱਲ, ਸਿਖਰ ਦੁਪਹਿਰੇ, ਸੁੰਨਸਾਨ ਜਗ੍ਹਾ ‘ਤੇ ਇਕੱਲੀ ਕੁੜੀ ਮਜਬੂਰੀ ਵਸ ਦਵਾਈ ਲੈਣ ਆਵੇ ਤੇ ਸਰਕਾਰੀ ਮੁਲਾਜ਼ਮ ਜਿ਼ੰਮੇਵਾਰ ਅਹੁਦੇ ‘ਤੇ ਕੰਮ ਕਰਦਾ ਹੋਵੇ, ਜੇ ਇਹ ਪ੍ਰਭਾਵ ਨਾ ਜਾਵੇ ਕਿ ਕਿਸੇ ਵੇਲੇ ਵੀ ਆਈਏ ਸਾਡੀ ਪੱਤ ਸੁਰੱਖਿਅਤ ਹੈ ਤੇ ਅਸੀਂ ਬਿਨਾ ਡਰ ਭੈਅ ਦੇ ਦਵਾਈ ਲੈਣ ਆ ਸਕਦੇ ਹਾਂ ਤਾਂ ਧ੍ਰਿਗ ਐ ਸਾਡੇ ਡਿਊਟੀ ਕਰਨ ਦੇ, ਪਰ ਅਫਸੋਸ! ਜਿਸ ਵਰਤਾਅ ਵਾਸਤੇ ਮੈਂ ਸ਼ਾਬਾਸ਼ ਦਾ ਹੱਕਦਾਰ ਸੀ, ਉਸ ਕਾਰਨ ਮੈਂ ਸ਼ੱਕ ਦੇ ਘੇਰੇ ‘ਚ ਹਾਂ।… ਰਹੀ ਗੱਲ ਮੇਰੇ ਪਹਿਰਾਵੇ ਦੀ, ਪੰਡਤਾਂ ਦਾ ਮੁੰਡਾ ਹਾਂ, ਸ੍ਰੀ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਦੇ ਸਤਿਕਾਰ ‘ਚ ਪੱਗ ਬੰਨ੍ਹੀ ਹੈ। ਜਦੋਂ ਬਠਿੰਡੇ ਜਿ਼ਲ੍ਹੇ ਦੇ ਪਿੰਡ ਤੋਂ ਹਾਂ, ਪਹਿਰਾਵਾ ਵੀ ਤਾਂ ਉਹੀ ਹੋਵੇਗਾ।”

ਮੇਰੀ ਗੱਲ ਸੁਣਨ ਤੋਂ ਬਾਅਦ ਪਤਵੰਤੇ ਸੱਜਣਾਂ ਨੇ ਉਸ ਪਰਿਵਾਰ ਨੂੰ ਸਮਝਾਇਆ ਕਿ ਸਰਕਾਰੀ ਮੁਲਾਜ਼ਮ ਹੈ। ਵੇਲੇ ਕੁਵੇਲੇ ਘਰਾਂ ‘ਚ ਜਾਂਦੈ, ਕਦੇ ਕਿਸੇ ਨਾਲ ਉੱਚਾ-ਨੀਵਾਂ ਵੀ ਨਹੀਂ ਬੋਲਿਆ। ਐਵੇਂ ਨਾ ਬਠਿੰਡੇ ਵਾਲੀ ਪੱਗ ਦੀ ਪਛਾਣ ਨੂੰ ਬਦਨਾਮ ਕਰੋ। ਮੁੰਡਾ ਇੱਥੇ ਹੀ ਹੈ, ਤੁਸੀਂ ਸਕੂਟਰ ਦੀ ਭਾਲ ਕਰੋ। ਬਹੁਤੇ ਮਿਲ ਹੀ ਜਾਂਦੇ ਹਨ।

ਖ਼ੈਰ! ਸਮਝਾਉਣ ‘ਤੇ ਪਰਿਵਾਰ ਮੰਨ ਗਿਆ, ਸ਼ਿਕਾਇਤ ਵਾਪਸ ਲੈ ਲਈ। ਮਹੀਨੇ ਕੁ ਬਾਅਦ ਉਨ੍ਹਾਂ ਦਾ ਸਕੂਟਰ ਵੀ ਮਿਲ ਗਿਆ।

ਉਸ ਦੌਰ ਬਾਰੇ ਜਿੰਨੀਆਂ ਕਿਤਾਬਾਂ ਪੜ੍ਹੀਆਂ, ਨਾਟਕ ਤੇ ਫਿਲਮਾਂ ਦੇਖੀਆਂ, ਇਹ ਤੱਥ ਉਜਾਗਰ ਕਰਦੀਆਂ ਕਿ ਬਹੁਤੇ ਪੁਲੀਸ ਅਫਸਰਾਂ ਨੇ ਲਾਲਚ ਅਤੇ ਆਪਣੇ ਅਕਾਵਾਂ ਦੇ ਹੁਕਮਾਂ ‘ਤੇ ਕਿੰਨੀਆਂ ਹੀ ਬੇਕਸੂਰ ਜਿ਼ੰਦਗੀਆਂ ਤੇ ਘਰ ਬਰਬਾਦ ਕੀਤੇ। ਜਿਨ੍ਹਾਂ ਕਦੀ ਕੁੱਤੇ ਦੇ ਡੰਡਾ ਨਹੀਂ ਸੀ ਮਾਰਿਆ, ਉਨ੍ਹਾਂ ਦੇ ਹੱਥਾਂ ਵਿਚ ਅਸਾਲਟਾਂ ਫੜਾ ਦਿੱਤੀਆਂ ਪਰ ਕੁਝ ਅਫਸਰ ਜਿਨ੍ਹਾਂ ਦੀ ਸਿਆਣਪ ਨੇ ਜਿ਼ੰਮੇਵਾਰ ਨਾਗਰਿਕਾਂ ਨੂੰ ਆਂਚ ਨਹੀਂ ਆਉਣ ਦਿੱਤੀ, ਆਪਣੀ ਬਣਦੀ ਡਿਊਟੀ ਕਰਨ ਦਿੱਤੀ ਤੇ ਮੇਰੇ ਵਰਗਿਆਂ ਨੂੰ ਭੇਸ ਬਦਲ ਕੇ ਜੀਣ ਦੀ ਥਾਂ ਬਠਿੰਡੇ ਵਾਲੀ ਪੱਗ ਦੀ ਪਛਾਣ ਬਰਕਰਾਰ ਰੱਖਣ ਦਾ ਹੌਸਲਾ ਦਿੱਤਾ। ਉਹ ਵੀ ਇਤਿਹਾਸ ‘ਚੋਂ ਮਨਫੀ ਨਹੀਂ ਹੋਣੇ ਚਾਹੀਦੇ।

ਸੰਪਰਕ: 98144-24896

Advertisement
Advertisement