ਬਠਿੰਡਾ: ਮੇਅਰ ਨੂੰ ਗੱਦੀ ਤੋਂ ਲਾਹੁਣ ਲਈ ਜੋੜ-ਤੋੜ ਸ਼ੁਰੂ
ਮਨੋਜ ਸ਼ਰਮਾ
ਬਠਿੰਡਾ, 14 ਨਵੰਬਰ
ਬਠਿੰਡਾ ਨਗਰ ਨਿਗਮ ਦੇ ਮੇਅਰ ਰਮਨ ਗੋਇਲ ਦੀ ਕੁਰਸੀ ਖ਼ਤਰੇ ਵਿੱਚ ਜਾਪ ਰਹੀ ਹੈ ਕਿਉਂਕਿ ਭਲਕੇ ਬੁੱਧਵਾਰ ਨੂੰ ਨਗਰ ਨਿਗਮ ਦੀ ਹੋਣ ਵਾਲੀ ਮੀਟਿੰਗ ਵਿਚ ਬੇ-ਭਰੋਸਗੀ ਮਤਾ ਲਿਆਂਦਾ ਜਾ ਰਿਹਾ ਹੈ। ਇਸ ਮੀਟਿੰਗ ਨੂੰ ਲੈ ਕਿ ਕੁੱਝ ਦਿਨ ਤੋਂ ਬਠਿੰਡਾ ਵਿਚ ਸਿਆਸੀ ਜੋੜ-ਤੋੜ ਦੀ ਰਾਜਨੀਤੀ ਚੱਲ ਰਹੀ ਹੈ। ਗੌਰਤਲਬ ਹੈ ਕਿ ਬਠਿੰਡਾ ਨਗਰ ਨਿਗਮ ਤੇ ਮਨਪ੍ਰੀਤ ਸਿੰਘਬਾਦਲ ਦੇ ਖੇਮੇ ਨਾਲ ਸਬੰਧਤ ਮੇਅਰ ਕਾਬਜ਼ ਹੈ ਜਿਸ ਦਾ ਵਿਰੋਧ ਲਗਾਤਾਰ ਕੀਤਾ ਜਾ ਰਿਹਾ ਹੈ। ਮਨਪ੍ਰੀਤ ਸਿੰਘ ਬਾਦਲ ਵੱਲੋਂ ਕਾਂਗਰਸ ਨੂੰ ਅਲਵਿਦਾ ਕਹਿਣ ਤੋਂ ਬਾਅਦ ਵੀ ਸਾਬਕਾ ਵਿੱਤ ਸ੍ਰੀਬਾਦਲ ਨਾਲ ਨੇੜਤਾ ਰੱਖਣ ਵਾਲੇ ਕਾਂਗਰਸੀ ਕੌਂਸਲਰਾਂ ਵੱਲੋਂ ਹਰ ਵਾਰ ਤਰ੍ਹਾਂ ਬਠਿੰਡਾ ਦੀ ਪਹਿਲੀ ਮਹਿਲਾ ਮੇਅਰ ਰਮਨ ਗੋਇਲ ਦੀ ਕੁਰਸੀ ਨੂੰ ਬਚਾਉਣ ਵਿਚ ਵੱਡੀ ਭੂਮਿਕਾ ਨਿਭਾਈ ਜਾਂਦੀ ਰਹੀ ਹੈ ਪਰ ਹੁਣ ਮਨਪ੍ਰੀਤ ਸਿੰਘ ਬਾਦਲ ਦੀ ਬਠਿੰਡਾ ਹਲਕੇ ਵਿਚ ਪਕੜ ਢਿੱਲੀ ਪੈਣ ਤੋਂ ਬਾਅਦ ਇੱਕ ਵਾਰ ਫਿਰ ਕਾਂਗਰਸ ਵੱਲੋਂ ਮੇਅਰ ਰਮਨ ਗੋਇਲ ਨੂੰ ਗੱਦੀ ਤੋਂ ਉਤਾਰਨ ਲਈ ਜ਼ੋਰ ਅਜ਼ਮਾਈ ਸ਼ੁਰੂ ਕਰ ਦਿੱਤੀ ਹੈ। ਭਲਕੇ ਬੁੱਧਵਾਰ ਨੂੰ ਬਠਿੰਡਾ ਕਾਰਪੋਰੇਸ਼ਨ ਦਫ਼ਤਰ ਵਿਚ ਹੋਣ ਵਾਲੀ ਮੀਟਿੰਗ ਤੇ ਸਿਆਸੀ ਨਜ਼ਰ ਟਿਕੀਆਂ ਹੋਈਆਂ ਹਨ। ਇਸ ਮੀਟਿੰਗ ਦੌਰਾਨ ਇੱਕ-ਦੂਜੇ ਨੂੰ ਮਾਤ ਦੇਣ ਲਈ ਮੇਅਰ ਧੜਾ ਅਤੇ ਕਾਂਗਰਸੀਆ ਵੱਲੋਂ ਜ਼ੋਰ ਅਜ਼ਮਾਈ ਸ਼ੁਰੂ ਕਰ ਦਿੱਤੀ ਹੈ। ਕਾਂਗਰਸੀ ਪਾਰਟੀ ਲਈ ਜਿੱਥੇ ਲੋਕਲ ਕਾਂਗਰਸੀ ਲੀਡਰ ਆਪਣੀ ਲਾਮਬੰਦੀ ਚਲਾ ਰਹੇ ਹਨ ਉੱਥੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਆਪਣੇ ਲੀਡਰਾਂ ਨੂੰ ਥਾਪੜਾ ਦੇਣ ਦੀਆ ਖ਼ਬਰਾਂ ਹਨ। ਉੱਥੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਮੇਅਰ ਰਮਨ ਗੋਇਲ ਦੀ ਕੁਰਸੀ ਬਚਾਉਣ ਲਈ ਸਰਗਰਮ ਭੂਮਿਕਾ ਨਿਭਾਉਣ ਦੀਆਂ ਖ਼ਬਰਾਂ ਹਨ। ਇਸ ਮਾਮਲੇ ਅਕਾਲੀ ਦਲ ਕਿਸ ਤਰਫ਼ ਫ਼ੈਸਲਾ ਲੈਂਦਾ ਹੈ, ਇਹ ਵੀ ਅਹਿਮ ਸਵਾਲ ਹੈ। ਜ਼ਿਕਰਯੋਗ ਹੈ ਕਿ ਨਗਰ ਨਿਗਮ ਦੀ ਇਸ ਅਹਿਮ ਮੀਟਿੰਗ ਵਿਚ ਕੀ ਫ਼ੈਸਲਾ ਹੋਵੇਗਾ? ਇਹ ਭਲਕੇ ਹੋਣ ਵਾਲੀ ਮੀਟਿੰਗ ਤੋਂ ਬਾਅਦ ਪਤਾ ਲੱਗੇਗਾ। ਇਸ ਮੀਟਿੰਗ ਮੌਕੇ ਡਿਪਟੀ ਕਮਿਸ਼ਨਰ ਕਮ ਕਮਿਸ਼ਨਰ ਨਗਰ ਨਿਗਮ ਬਠਿੰਡਾ ਸ੍ਰੀ ਸ਼ੌਕਤਅਹਿਮਦ ਪਰੇ ਵੀ ਹਾਜ਼ਰ ਰਹਿਣਗੇ। ਦੱਸਣਯੋਗ ਹੈ ਕਿ ਮੇਅਰ ਨੂੰ ਉਤਾਰਨ ਲਈ ਦੋ ਤਿਹਾਈ ਮੈਂਬਰਾਂ ਦੀ ਸਹਿਮਤੀ ਜ਼ਰੂਰੀ ਹੈ। ਮੀਟਿੰਗ ਦੌਰਾਨ ਕਿੰਨੇ ਮੈਂਬਰ ਸ਼ਾਮਿਲ ਹੁੰਦੇ ਹਨ ਇਹ ਸਵੇਰ ਹੋਣ ਵਾਲੀਮੀਟਿੰਗ ਵਿਚ ਪਤਾ ਲੱਗੇਗਾ ਜੋ ਸ਼ਾਮ 3.30 ਹੋਣ ਜਾ ਰਹੀ ਹੈ।