For the best experience, open
https://m.punjabitribuneonline.com
on your mobile browser.
Advertisement

ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਭਾਵ ਵਾਲੇ ਹਲਕੇ ’ਚ ਪਵੇਗਾ ਪੇਚਾ

08:25 AM Apr 01, 2024 IST
ਬਠਿੰਡਾ  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਭਾਵ ਵਾਲੇ ਹਲਕੇ ’ਚ ਪਵੇਗਾ ਪੇਚਾ
Advertisement

ਸ਼ਗਨ ਕਟਾਰੀਆ
ਬਠਿੰਡਾ, 31 ਮਾਰਚ
ਪੰਜਾਬ ਵਿੱਚ ਬਠਿੰਡਾ ਦੀ ਲੋਕ ਸਭਾ ਸੀਟ ਹਮੇਸ਼ਾ ਰੌਚਕ ਰਹੀ ਹੈ। ਇਤਿਹਾਸ ਪੱਖੋਂ ਤਾਂ ਹੁਣ ਤੱਕ ਇਸ ਸੀਟ ’ਤੇ ਜ਼ਿਆਦਾ ਸਮਾਂ ਸ਼੍ਰੋਮਣੀ ਅਕਾਲੀ ਦਲ ਕਾਬਜ਼ ਰਿਹਾ ਹੈ। ਇਸ ਹਲਕੇ ’ਚ ਕਮਿਊਨਿਸਟ ਵਿਚਾਰਾਂ ਦਾ ਵੀ ਚੋਖਾ ਪ੍ਰਭਾਵ ਹੈ। ਇਸ ਕਰਕੇ ਸੀਪੀਆਈ ਨੂੰ ਵੀ ਦੋ ਦਫ਼ਾ ਇਥੋਂ ਜਿੱਤਣ ਦਾ ਮੌਕਾ ਮਿਲਿਆ ਹੈ। ਮੌਜੂਦਾ ਚੋਣਾਂ ’ਚ ਬਠਿੰਡਾ ਸੀਟ ਦੇ 16,39,160 ਵੋਟਰ ਹਨ ਜੋ ਕਿ ਇਤਿਹਾਸ ਸਿਰਜਣਗੇ। ਦੇਸ਼ ਦੀ ਆਜ਼ਾਦੀ ਤੋਂ ਬਾਅਦ 1951 ਅਤੇ 1957 ਦੀਆਂ ਚੋਣਾਂ ਦੌਰਾਨ ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਅਜੀਤ ਸਿੰਘ ਦੋ ਵਾਰ ਜੇਤੂ ਰਹੇ। 1962 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਧੰਨਾ ਸਿੰਘ ਗੁਲਸ਼ਨ, 1971 ਵਿੱਚ ਅਕਾਲੀ ਦਲ (ਸੰਤ ਗਰੁੱਪ) ਦੇ ਕਿੱਕਰ ਸਿੰਘ ਅਤੇ 1977 ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੇ ਕਾਮਰੇਡ ਭਾਨ ਸਿੰਘ ਭੌਰਾ ਜੇਤੂ ਰਹੇ। 1980 ਦੀਆਂ ਲੋਕ ਸਭਾ ਚੋਣਾਂ ’ਚ ਬਠਿੰਡਾ ਤੋਂ ਕਾਂਗਰਸ ਦੇ ਹਾਕਮ ਸਿੰਘ ਸਫ਼ਲ ਰਹੇ। ਇਸੇ ਦੌਰ ਸਮੇਂ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਲਗਾਤਾਰ ਬਦ ਤੋਂ ਬਦਤਰ ਹੋਣ ਲੱਗੀ। ਨਿੱਤ ਦੀ ਕਤਲੋਗਾਰਤ ਨੇ ਸਿਰ ਚੁੱਕ ਲਿਆ ਅਤੇ ਪੰਜਾਬ ਕਾਲੇ ਦੌਰ ਵਿੱਚ ਦਾਖ਼ਲ ਹੋ ਗਿਆ। 1984 ’ਚ ਹੋਈਆਂ ਲੋਕ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦੇ ਤੇਜਾ ਸਿੰਘ ਦਰਦੀ ਨੇ ਚੋਣ ਜਿੱਤੀ। 1989 ਵਿੱਚ ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਬਾਬਾ ਸੁੱਚਾ ਸਿੰਘ ਜੇਤੂ ਰਹੇ। ਦੋ ਸਾਲਾਂ ਬਾਅਦ 1991 ’ਚ ਫਿਰ ਚੋਣ ਹੋਈ ਤਾਂ ਕਾਂਗਰਸ ਦੇ ਕੇਵਲ ਸਿੰਘ ਜਿੱਤ ਗਏ। ਪੰਜਾਬ ਦੀ ਫ਼ਿਜ਼ਾ ’ਚ ਸ਼ਾਂਤੀ ਪਰਤਣ ਮਗਰੋਂ ਪਹਿਲੀ ਦਫ਼ਾ 1996 ਵਿੱਚ ਹੋਈ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਹਰਿੰਦਰ ਸਿੰਘ ਖਾਲਸਾ ਜੇਤੂ ਰਹੇ। 1998 ਦੌਰਾਨ ਹੋਈ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹੀ ਚਤਿੰਨ ਸਿੰਘ ਸਮਾਓ ਕਾਮਯਾਬ ਹੋਏ। 1999 ਦੀਆਂ ਚੋਣਾਂ ’ਚ ਭਾਰਤੀ ਕਮਿਊਨਿਸਟ ਪਾਰਟੀ ਦੇ ਕਾਮਰੇਡ ਭਾਨ ਸਿੰਘ ਭੌਰਾ ਦੂਜੀ ਵਾਰ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਬਣੇ। 2004 ਦੀਆਂ ਚੋਣਾਂ ’ਚ ਇਸੇ ਹਲਕੇ ਤੋਂ ਇਕ ਵਾਰ ਐਮਪੀ ਰਹੇ ਧੰਨਾ ਸਿੰਘ ਗੁਲਸ਼ਨ ਦੀ ਧੀ ਪਰਮਜੀਤ ਕੌਰ ਗੁਲਸ਼ਨ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਟਿਕਟ ਦਿੱਤੀ ਗਈ। ਇਹ ਚੋਣ ਫ਼ਤਵਾ ਬੀਬੀ ਗੁਲਸ਼ਨ ਦੇ ਹੱਕ ਵਿੱਚ ਆਇਆ। ਇਸ ਤੋਂ ਅੱਗੇ ਜਦੋਂ 2009 ਵਿੱਚ ਚੋਣਾਂ ਹੋਈਆਂ ਤਾਂ ਬਠਿੰਡਾ ਹਲਕੇ ਦਾ ਰਾਖ਼ਵਾਂਕਰਨ ਖ਼ਤਮ ਕਰਕੇ ਗੁਆਂਢੀ ਹਲਕੇ ਫ਼ਰੀਦਕੋਟ ਨੂੰ ਰਿਜ਼ਰਵ ਕਰ ਦਿੱਤਾ ਗਿਆ। ਹੋਇਆ ਇਹ ਕਿ ਫ਼ਰੀਦਕੋਟ (ਜਨਰਲ) ਹਲਕੇ ਤੋਂ ਚੋਣ ਲੜਦੇ ਰਹੇ ਬਾਦਲ ਪਰਿਵਾਰ ਨੇ ਬਠਿੰਡਾ ਦਾ ਰੁਖ਼ ਕਰ ਲਿਆ। ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਲਗਾਤਾਰ 2009, 2014 ਅਤੇ 2019 ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੋਣਾਂ ਲੜੇ ਅਤੇ ਹਮੇਸ਼ਾ ਜੇਤੂ ਰਹੇ।

Advertisement

ਲੰਬੀ ਹਲਕੇ ’ਤੇ ਰਹੇਗੀ ਲੋਕਾਂ ਦੀ ਨਜ਼ਰ

ਬਠਿੰਡਾ ਲੋਕ ਸਭਾ ਹਲਕੇ ’ਚ ਕੁੱਲ 9 ਵਿਧਾਨ ਸਭਾ ਹਲਕੇ ਆਉਂਦੇ ਹਨ। ਇਨ੍ਹਾਂ ’ਚ ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ (ਰਾਖ਼ਵਾਂ), ਭੁੱਚੋ (ਰਾਖ਼ਵਾਂ), ਮੌੜ ਅਤੇ ਤਲਵੰਡੀ ਸਾਬੋ ਹਲਕੇ ਬਠਿੰਡਾ ਜ਼ਿਲ੍ਹੇ ਵਿੱਚ ਹਨ ਜਦਕਿ ਮਾਨਸਾ, ਬੁਢਲਾਡਾ ਅਤੇ ਸਰਦੂਲਗੜ੍ਹ (ਰਾਖ਼ਵਾਂ) ਹਲਕੇ ਮਾਨਸਾ ਜ਼ਿਲ੍ਹੇ ਅੰਦਰ ਹਨ। ਸਭ ਤੋਂ ਰੌਚਿਕ ਲੰਬੀ ਹਲਕਾ ਵੀ ਬਠਿੰਡਾ ਲੋਕ ਸਭਾ ਹਲਕੇ ’ਚ ਆਉਂਦਾ ਹੈ। ਆਮ ਆਦਮੀ ਪਾਰਟੀ ਵੱਲੋਂ ਐਲਾਨੇ ਜਾ ਚੁੱਕੇ ਉਮੀਦਵਾਰ ਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੋਂ ਇਲਾਵਾ ਪਿੰਡ ਬਾਦਲ ਵੀ ਲੰਬੀ ਹਲਕੇ ’ਚ ਪੈਂਦਾ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਗੁਰਮੀਤ ਸਿੰਘ ਖੁੱਡੀਆਂ ਨੇ ਹੀ ਪੰਜਾਬ ਦੇ ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਉਸ ਦੇ ਘਰੇਲੂ ਹਲਕੇ ’ਚ ਹਰਾ ਕੇ, ‘ਆਪ’ ਦੀ ਟਿਕਟ ’ਤੇ ਚੋਣ ਜਿੱਤੀ ਸੀ ਹਾਲਾਂਕਿ 2017 ਦੀ ਚੋਣ ’ਚ ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ ਹੱਥੋਂ ਹਾਰ ਕੇ ਵੀ ਪੰਜਾਬ ਦੇ ਮੁੱਖ ਮੰਤਰੀ ਬਣਨ ’ਚ ਜ਼ਰੂਰ ਕਾਮਯਾਬ ਹੋ ਗਏ ਸਨ।

ਬਠਿੰਡਾ ਸ਼ਹਿਰ ਵਿੱਚ ਹੋਵੇਗਾ ਸਖ਼ਤ ਮੁਕਾਬਲਾ

ਸਾਲ 2019 ਦੀਆਂ ਲੋਕ ਸਭਾ ਚੋਣਾਂ ’ਚ ਬਠਿੰਡਾ ਸੀਟ ਤੋਂ ਹਰਸਿਮਰਤ ਕੌਰ ਬਾਦਲ ਨੇ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਰੀਬ 22 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਹਰਾ ਕੇ, ਬੜੀ ਮੁਸ਼ਕਿਲ ਨਾਲ ਜਿੱਤੀ ਸੀ। ਉਦੋਂ ਹਰਸਿਮਰਤ ਨੂੰ ਰਾਜਾ ਵੜਿੰਗ ਦੀਆਂ 4,71,052 (39.23 ਫੀਸਦੀ) ਵੋਟਾਂ ਦੇ ਮੁਕਾਬਲੇ 4,92,824 (41.04 ਫੀਸਦੀ) ਵੋਟਾਂ ਪ੍ਰਾਪਤ ਹੋਈਆਂ ਸਨ। ‘ਆਪ’ ਦੇ ਪ੍ਰੋ. ਬਲਜਿੰਦਰ ਕੌਰ 1,34,398 (11.19 ਫੀਸਦੀ) ਵੋਟਾਂ ਲੈ ਕੇ ਤੀਜੇ ਅਤੇ ਪੀਈਪੀ ਦੇ ਸੁਖਪਾਲ ਖਹਿਰਾ 38,199 (3.18 ਫੀਸਦੀ) ਵੋਟ ਲੈ ਕੇ ਚੌਥੇ ਨੰਬਰ ’ਤੇ ਰਹੇ ਸਨ। ਹਰਸਿਮਰਤ ਬਾਦਲ ਹਲਕੇ ਤੋਂ ਇਕ ਵਾਰ ਫਿਰ ਚੋਣਾਵੀ ਪਿੜ ’ਚ ਹਨ, ਸਿਰਫ ਸ਼੍ਰੋਮਣੀ ਅਕਾਲੀ ਦਲ ਤਰਫ਼ੋਂ ਐਲਾਨ ਹੋਣਾ ਬਾਕੀ ਹੈ। ਉਧਰ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਵੱਲੋਂ ਵੀ ਚਿਰਾਂ ਤੋਂ ਹਲਕੇ ’ਚ ਚੋਣ ਮਸ਼ਕਾਂ ਜਾਰੀ ਹਨ, ਸਿਰਫ ਕਾਂਗਰਸ ਹਾਈ ਕਮਾਂਡ ਦੀ ਹਰੀ ਝੰਡੀ ਦੀ ਉਡੀਕ ਹੈ।

Advertisement
Author Image

sukhwinder singh

View all posts

Advertisement
Advertisement
×