ਬਠਿੰਡਾ: ਲੜਕੀ ਨੇ ਲੁਟੇਰੇ ਦੇ ਘਰ ਜਾ ਕੇ ਵਾਪਸ ਲਿਆਂਦਾ ਮੋਬਾਈਲ
ਸ਼ਗਨ ਕਟਾਰੀਆ
ਬਠਿੰਡਾ, 8 ਫਰਵਰੀ
ਸਥਾਨਕ ਸ਼ਹਿਰ ਦੀ ਇੱਕ ਲੜਕੀ ਨੇ ਆਪਣੇ ਲੁੱਟੇ ਗਏ ਫੋਨ ਦੀ ਲੋਕੇਸ਼ਨ ਦਾ ਪਿੱਛਾ ਕਰਕੇ ਲੁਟੇਰਿਆਂ ਦੇ ਘਰ ਦਾ ਪਤਾ ਲਗਾਇਆ ਤੇ ਉਨ੍ਹਾਂ ਨਾਲ ਲੜਾਈ ਕਰਕੇ ਆਪਣਾ ਫੋਨ ਵਾਪਸ ਲੈਣ ਦੀ ਬਹਾਦਰੀ ਦਿਖਾਈ ਹੈ। ਇਹ ਘਟਨਾ ਹੰਸ ਰੋਡ ਬਠਿੰਡਾ ਦੀ ਹੈ, ਜਿਥੇ ਚਾਰ ਦਿਨ ਪਹਿਲਾਂ ਲੜਕੀ ਦਾ ਮੋਬਾਈਲ ਫੋਨ ਖੋਹਿਆ ਗਿਆ ਸੀ।
ਲੜਕੀ ਦੇ ਪਿਤਾ ਨੇ ਇਸ ਦੀ ਐੱਸਐੱਸਪੀ ਨੂੰ ਦਿੱਤੀ ਸੀ, ਪਰ ਪੁਲੀਸ ਵੱਲੋਂ ਫ਼ੋਨ ਦੀ ਬਰਾਮਦਗੀ ਨਾ ਕਰਵਾ ਸਕਣ ’ਤੇ ਲੜਕੀ ਨੇ ਆਪਣੇ ਪੱਧਰ ’ਤੇ ਫੋਨ ਦੀ ਲੋਕੇਸ਼ਨ ਪਤਾ ਲਗਾਈ। ਪ੍ਰਾਪਤ ਜਾਣਕਾਰੀ ਅਨੁਸਾਰ ਅਪੋਲੋ ਹਸਪਤਾਲ ਦਿੱਲੀ ’ਚ ਤਾਇਨਾਤ 24 ਸਾਲਾ ਨਿਕਿਤਾ ਸ਼ਰਮਾ ਕਿਸੇ ਦੀ ਕਾਲ ਸੁਣਨ ਮਗਰੋਂ ਜਦੋਂ ਫੋਨ ਆਪਣੇ ਪਰਸ ਵਿੱਚ ਪਾਉਣ ਲੱਗੀ ਤਾਂ ਉਸ ਵੇਲੇ ਦਾਅ ਲਾ ਕੇ ਬੈਠਾ ਲੁਟੇਰਾ ਉਸ ਦਾ ਫੋਨ ਝਪਟ ਕੇ ਫਰਾਰ ਹੋ ਗਿਆ। ਨਿਕਿਤਾ ਨੇ ਫੌਰੀ 112 ਨੰਬਰ ’ਤੇ ਕਾਲ ਕੀਤੀ ਤੇ ਨੇੜਲੀ ਕੈਨਾਲ ਕਲੋਨੀ ਥਾਣੇ ’ਚ ਵੀ ਗਈ। ਨਿਕਿਤਾ ਦੇ ਪਿਤਾ ਤੇ ਹਿੰਦੀ ਅਖਬਾਰ ਦੇ ਪੱਤਰਕਾਰ ਪ੍ਰਦੀਪ ਸ਼ਰਮਾ ਅਨੁਸਾਰ ਨਿਕਿਤਾ ਆਪਣੇ ਪੱਧਰ ’ਤੇ ਆਧੁਨਿਕ ਤਕਨੀਕ ਦੇ ਸਹਾਰੇ ਲੁਟੇਰੇ ਦੀ ਪਛਾਣ ਕਰਕੇ ਉਸ ਦੇ ਘਰ ਤੱਕ ਪੁੱਜ ਗਈ ਪਰ ਉਨ੍ਹਾਂ ਕਿਸੇ ਟਕਰਾਅ ਤੋਂ ਬਚਦਿਆਂ ਆਪਣੀ ਬੇਟੀ ਨੂੰ ਕਾਨੂੰਨ ਹੱਥ ਵਿੱਚ ਲੈਣ ਤੋਂ ਰੋਕਿਆ। ਇਸ ਮਗਰੋਂ ਪ੍ਰਦੀਪ ਸ਼ਰਮਾ ਆਪਣੇ ਪੱਤਰਕਾਰ ਸਾਥੀਆਂ ਨਾਲ ਐਸਐਸਪੀ ਦਫ਼ਤਰ ਪੁੱਜੇ ਤੇ ਸ਼ਿਕਾਇਤ ਦਰਜ ਕਰਵਾਈ। ਇਸ ਮੌਕੇ ਪੁਲੀਸ ਅਧਿਕਾਰੀ ਨੇ ਕਾਰਵਾਈ ਦਾ ਭਰੋਸਾ ਦਿਵਾ ਕੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ। ਲੰਬਾ ਸਮਾਂ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਨਿਕਿਤਾ ਅੱਜ ਸਵੇਰੇ ਲੁਟੇਰੇ ਦੇ ਘਰ ਪਹੁੰਚੀ ਤੇ ਉਸ ਨੇ ਲੁਟੇਰੇ ਨਾਲ ਝਗੜ ਕੇ ਆਪਣਾ ਮੋਬਾਈਲ ਫੋਨ ਉਸ ਤੋਂ ਲੈ ਲਿਆ। ਗੌਰਤਲਬ ਹੈ ਕਿ ਸ਼ਰਮਾ ਪਰਿਵਾਰ ਨੇ ਲੁਟੇਰੇ ਦੀ ਲੁਕੇਸ਼ਨ ਵੀ ਪੁਲੀਸ ਨੂੰ ਦਿੱਤੀ ਸੀ, ਪਰ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ।