ਮਨੋਜ ਸ਼ਰਮਾਬਠਿੰਡਾ, 31 ਜਨਵਰੀਸੀਵਰੇਜ ਵਿਭਾਗ ਵੱਲੋਂ ਬਠਿੰਡਾ ਦੀਆਂ ਅੱਧੀ ਦਰਜਨ ਕਲੋਨੀਆਂ ਦੀ ਸੀਵਰੇਜ ਪਾਈਪ ਲਾਈਨ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਗੰਦਾ ਪਾਣੀ ਚੰਦਭਾਨ ਡਰੇਨ ਵਿੱਚ ਛੱਡ ਦਿੱਤਾ ਗਿਆ ਹੈ। ਹਾਲਾਂਕਿ, ਪਿੰਡਾਂ ਦੇ ਲੋਕਾਂ ਨੇ ਇਸ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਉਨ੍ਹਾਂ ਆਖਿਆ ਕਿ ਪ੍ਰਸ਼ਾਸਨ ਨੇ ਪਾਣੀ ਸੋਧ ਕੇ ਛੱਡਣ ਦਾ ਭਰੋਸਾ ਦਿੱਤਾ ਸੀ ਪਰ ਬਗੈਰ ਸੋਧਿਆਂ ਹੀ ਛੱਡ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਪਾਈਪ ਲਾਈਨ ਲੀਕ ਹੋ ਰਹੀ ਜਿਸ ਕਾਰਨ ਇਸ ਪ੍ਰਾਜੈਕਟ ਦੀ ਜਾਂਚ ਕੀਤੀ ਜਾਵੇ। ਜ਼ਿਕਰਯੋਗ ਹੈ ਬਠਿੰਡਾ ਦੇ ਆਦਰਸ਼ ਨਗਰ, ਕਰਤਾਰ ਕਲੋਨੀ, ਹਰਦੇਵ ਨਗਰ, ਖੇਤਾ ਸਿੰਘ ਬਸਤੀ ਅਤੇ ਕੇਂਦਰੀ ਜੇਲ੍ਹ ਤੋਂ ਨਿਕਲਣ ਵਾਲਾ ਗੰਦਾ ਪਾਣੀ ਹੁਣ ਪਿੰਡ ਅਬਲੂ ਅਤੇ ਕੋਠੇ ਲਾਲ ਸਿੰਘ ਵਾਲਾ ਵਿਚਕਾਰ ਬਹਿੰਦੀ ਚੰਦਭਾਨ ਡਰੇਨ ਵਿੱਚ ਸੁੱਟਿਆ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਪ੍ਰਾਜੈਕਟ ਜਨਵਰੀ ਦੇ ਪਹਿਲੇ ਹਫ਼ਤੇ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੁਕੰਮਲ ਕੀਤਾ ਸੀ। ਪ੍ਰਿਤਪਾਲ ਸਿੰਘ ਪਾਲੂ ਅਤੇ ਗੁਰਜੀਤ ਸਿੰਘ ਕਾਲਾ ਨੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਪਾਈਪ ਲਾਈਨ ਵਿੱਚ ਹੋਏ ਘਪਲੇ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ। ਜਾਣਾਕਰੀ ਅਨੁਸਾਰ ਇਹ ਪ੍ਰਾਜੈਕਟ ਪਹਿਲਾਂ ਤ੍ਰਿਵੇਣੀ ਕੰਪਨੀ ਕੋਲ ਸੀ ਪਰ ਕਿਸਾਨਾਂ ਦੇ ਵਿਰੋਧ ਕਾਰਨ ਦੋ ਸਾਲ ਪਹਿਲਾਂ ਕੰਪਨੀ ਕੰਮ ਨੂੰ ਅਧੂਰਾ ਛੱਡ ਕੇ ਭੱਜ ਗਈ ਸੀ। ਪਿੰਡ ਮਹਿਮਾ ਸਰਕਾਰੀ ਦੇ ਸਰਪੰਚ ਜਗ੍ਹਾ ਸਿੰਘ ਅਤੇ ਬਲਾਕ ਸਮਿਤੀ ਦੇ ਸਾਬਕਾ ਚੇਅਰਮੈਨ ਲਖਵਿੰਦਰ ਸਿੰਘ ਨੇ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮਿਲਣਗੇ।ਇਸ ਮਾਮਲੇ ਵਿੱਚ ਸੀਵਰੇਜ ਵਿਭਾਗ ਦੇ ਐੱਸਡੀਓ ਸੁਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੇਵਲ ਨਿਰੀਖਣ ਲਈ ਪਾਣੀ ਛੱਡਿਆ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪਾਣੀ ਨੂੰ ਸੋਧ ਕੇ ਹੀ ਛੱਡਿਆ ਗਿਆ ਹੈ। ਦੂਜੇ ਪਾਸੇ ਪਿੰਡ ਦੇ ਲੋਕਾਂ ਨੇ ਉਨ੍ਹਾਂ ਦੇ ਦਾਅਵੇ ਨੂੰ ਝੂਠ ਕਰਾਰ ਦਿੰਦਿਆਂ ਕਿਹਾ ਕਿ ਗੰਦੇ ਪਾਣੀ ਦੀ ਲੀਕੇਜ ਸਾਫ਼ ਦਿੱਖ ਰਹੀ ਹੈ।