ਬਠਿੰਡਾ: ਡੀਸੀ ਨਾਲ ਮੀਟਿੰਗ ਰੱਦ ਹੋਣ ਮਗਰੋਂ ਕਿਸਾਨਾਂ ਵੱਲੋਂ ਰੋਸ ਮਾਰਚ
ਮਨੋਜ ਸ਼ਰਮਾ
ਬਠਿੰਡਾ, 6 ਨਵੰਬਰ
ਝੋਨੇ ਦੀ ਖਰੀਦ, ਡੀਏਪੀ ਦੀ ਘਾਟ ਅਤੇ ਪਰਾਲੀ ਦੀ ਸਮੱਸਿਆ ਨੂੰ ਲੈ ਕੇ ਬੀਤੇ ਦਿਨ ਤੋਂ ਬਠਿੰਡਾ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਵੱਲੋਂ ਚੱਲ ਰਹੇ ਧਰਨੇ ਦੌਰਾਨ ਮਾਹੌਲ ਉਸ ਵੇਲੇ ਗਰਮਾ ਗਿਆ ਜਦੋਂ ਡਿਪਟੀ ਕਮਿਸ਼ਨਰ ਬਠਿੰਡਾ ਨਾਲ ਮੀਟਿੰਗ ਰੱਦ ਹੋਣ ਤੋਂ ਬਾਅਦ ਕਿਸਾਨ ਲੋਹੇ-ਲਾਖੇ ਹੋ ਗਏ। ਗੌਰਤਲਬ ਹੈ ਪੰਜਾਬ ਸਰਕਾਰ ਅਤੇ ਡੀਸੀ ਬਠਿੰਡਾ ਵੱਲੋਂ ਬੀਤੇ ਦਿਨ ਕਿਸਾਨ ਆਗੂਆਂ ਨਾਲ ਮੀਟਿੰਗ ਦੌਰਾਨ ਕੀਤੇ ਸਮਝੌਤੇ ਤਹਿਤ ਖੁਦ ਡੀਸੀ ਨੇ ਟੀਮਾਂ ਬਣਾ ਕੇ ਮੰਡੀਆਂ ਦਾ ਦੌਰਾ ਕਰਨਾ ਸੀ, ਪਰ ਡੀਸੀ ਬਠਿੰਡਾ ਵੱਲੋਂ ਅਚਾਨਕ ਮੀਟਿੰਗ ਰੱਦ ਕਰਨ ਖਿਲਾਫ਼ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ। ਇਕੱਠ ਦੌਰਾਨ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਹਰਿੰਦਰ ਬਿੰਦੂ ਨੇ ਕਿਹਾ ਕਿ ਬੀਤੇ ਦਿਨ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਸੀ ਕਿ ਭਲਕੇ ਡੀਸੀ ਬਠਿੰਡਾ ਖੁਦ ਜਾ ਕੇ ਮੰਡੀਆਂ ਦਾ ਦੌਰਾ ਕਰ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਨਗੇ। ਉਨ੍ਹਾਂ ਕਿਹਾ ਕਿ ਸਵੇਰੇ 11 ਵਜੇ ਜਥੇਬੰਦੀ ਦੇ ਆਗੂਆਂ ਨਾਲ ਇਕਰਾਰ ਕਰ ਕੇ ਪੰਜਾਬ ਸਰਕਾਰ ਦੇ ਨੁਮਾਇੰਦੇ ਡੀਸੀ ਬਠਿੰਡਾ ਨੂੰ ਪਿੰਡਾਂ ਦੀਆਂ ਮੰਡੀਆਂ ਵਿੱਚ ਭੇਜਣ ਤੋਂ ਮੁੱਕਰ ਗਏ। ਕਿਸਾਨ ਆਗੂਆਂ ਨੇ ਕਿਹਾ ਕਿ ਅਸਲ ਵਿੱਚ ਕਿਸਾਨ ਆਗੂਆਂ ਨਾਲ ਡਿਪਟੀ ਕਮਿਸ਼ਨਰ ਦੇ ਖੁਦ ਜਾ ਕੇ ਮੰਡੀਆਂ ਚ ਪੜਤਾਲ ਕਰਨ ਤੋਂ ਪ੍ਰਸ਼ਾਸਨ ਦਾ ਝੂਠ ਨੰਗਾ ਹੋ ਜਾਣਾ ਸੀ। ਉਨ੍ਹਾਂ ਕਿਹਾ ਕਿ ਅੱਜ ਕੁੱਝ ਮੰਡੀਆਂ ਤੋਂ ਲਈ ਰਿਪੋਰਟ ਮੁਤਾਬਕ ਝੋਨੇ ਦੀ 50% ਤੋਂ ਜਿਆਦਾ ਖਰੀਦ ਜਾਂ ਲਿਫਟਿੰਗ ਨਹੀਂ ਹੋਈ। ਕਿਸਾਨ ਆਗੂਆਂ ਨੇ ਕਿਸਾਨਾਂ-ਮਜ਼ਦੂਰਾਂ ਨੂੰ ਚੱਲ ਰਹੇ ਮੋਰਚੇ ਵਿੱਚ ਵੱਧ ਤੋਂ ਵੱਧ ਗਿਣਤੀ ’ਚ ਪਹੁੰਚਣ ਦਾ ਸੱਦਾ ਦਿੱਤਾ।
ਇਸ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਬਸੰਤ ਸਿੰਘ ਕੋਠਾ ਗੁਰੂ ਨੇ ਨਿਭਾਈ। ਅੱਜ ਧਰਨੇ ਨੂੰ ਬਸੰਤ ਸਿੰਘ ਕੋਠਾਗੁਰੂ, ਜਗਸੀਰ ਸਿੰਘ ਝੁੰਬਾ, ਨਛੱਤਰ ਸਿੰਘ ਢੱਡੇ, ਮਾਲਣ ਕੌਰ ਕੋਠਾ ਗੁਰੂ, ਕਰਮਜੀਤ ਕੌਰ ਲਹਿਰਾ ਖਾਨਾ, ਸੁਖਜੀਤ ਕੌਰ ਚੱਕ ਫਤਿਹ ਸਿੰਘ ਵਾਲਾ, ਹਰਪ੍ਰੀਤ ਕੌਰ ਜੇਠੂਕੇ, ਗੁਲਾਬ ਸਿੰਘ ਜਿਉਂਦ, ਬਲਦੇਵ ਸਿੰਘ ਚੌਕੇ, ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ, ਬਲਜੀਤ ਸਿੰਘ ਪੂਹਲਾ, ਤੇਜਿੰਦਰ ਸਿੰਘ ਕੋਠਾਗੁਰੂ, ਗੁਰਪਾਲ ਸਿੰਘ ਦਿਉਣ, ਰਾਮ ਸਿੰਘ ਕੋਟਗੁਰੂ ਅਤੇ ਰਾਜਵਿੰਦਰ ਸਿੰਘ ਰਾਜੂ ਰਾਮਨਗਰ ਨੇ ਵੀ ਸੰਬੋਧਨ ਕੀਤਾ।
ਹਾਈਬ੍ਰਿਡ ਤੇ ਪੀਆਰ 126 ਝੋਨੇ ਦੀ ਖਰੀਦ ਨਾ ਹੋਣ ’ਤੇ ਧਰਨਾ
ਸਾਦਿਕ:
ਹਾਈਬ੍ਰਿਡ ਅਤੇ ਪੀਆਰ 126 ਝੋਨੇ ਦੀ ਖਰੀਦ ਨੂੰ ਲੈ ਕੇ ਬੀਕੇਯੂ ਸਿੱਧੂਪੁਰ ਵੱਲੋਂ ਇੱਥੇ ਮੁੱਖ ਚੌਕ ਵਿੱਚ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਆਖਿਆ ਕਿ ਹਾਈਬ੍ਰਿਡ ਅਤੇ ਪੀਆਰ 126 ਝੋਨੇ ਦੀ ਸਰਕਾਰ ਵੱਲੋਂ ਮਨਾਹੀ ਨਹੀਂ ਹੈ ਸਗੋਂ ਪੀਆਰ 126 ਝੋਨਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੁਦ ਕਿਸਾਨਾਂ ਨੂੰ ਹੱਲਾਸ਼ੇਰੀ ਦੇ ਕੇ ਲਵਾਇਆ ਗਿਆ ਹੈ ਪਰ ਹੁਣ ਇਸੇ ਕਿਸਮ ਨੂੰ ਲੈ ਕੇ ਕਿਸਾਨਾਂ ਨੂੰ ਧਰਨੇ ਦੇਣੇ ਪੈ ਰਹੇ ਹਨ। ਇਸ ਮੌਕੇ ਆੜ੍ਹਤੀਆਂ ਨੇ ਗਿਲਾ ਕੀਤਾ ਕਿ ਜੇਕਰ ਉਨ੍ਹਾਂ ਵੱਲੋਂ ਇਹ ਝੋਨਾ ਭਰਿਆ ਜਾਂਦਾ ਹੈ ਤਾਂ ਸ਼ੈਲਰਾਂ ਵਾਲੇ ਉਤਰਵਾ ਨਹੀਂ ਰਹੇ। ਜਥੇਬੰਦੀ ਨੇ ਆਖਿਆ ਕਿ ਉਨ੍ਹਾਂ ਦੀ ਸੁਣਵਾਈ ਨਾ ਹੋਣ ’ਤੇ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। -ਪੱਤਰ ਪ੍ਰੇਰਕ