ਬਠਿੰਡਾ ਪੁਲੀਸ ਵੱਲੋਂ ਸੱਤ ਮੁਲਜ਼ਮ ਅਸਲੇ ਸਮੇਤ ਗ੍ਰਿਫ਼ਤਾਰ
ਸ਼ਗਨ ਕਟਾਰੀਆ
ਬਠਿੰਡਾ, 6 ਫਰਵਰੀ
ਬਠਿੰਡਾ ਪੁਲੀਸ ਨੇ ਤਿੰਨ ਵੱਖ-ਵੱਖ ਅਪਰਾਧਿਕ ਮਾਮਲਿਆਂ ਨੂੰ ਸੁਲਝਾਉਣ ਜਾਣ ਦਾ ਦਾਅਵਾ ਕੀਤਾ ਹੈ। ਇਨ੍ਹਾਂ ਕੇਸਾਂ ਨਾਲ ਕਥਿਤ ਤੌਰ ’ਤੇ ਸਬੰਧਤ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਅਸਲਾ ਅਤੇ ਵਾਹਨ ਵੀ ਬਰਾਮਦ ਕੀਤੇ ਹਨ।
ਐੱਸਐੱਸਪੀ ਬਠਿੰਡ ਅਮਨੀਤ ਕੌਂਡਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸੀਆਈਏ ਸਟਾਫ-2 ਬਠਿੰਡਾ ਵੱਲੋਂ ਚਾਰ ਵਿਅਕਤੀਆਂ ਕੋਲੋਂ .32 ਬੋਰ ਦੇ 2 ਪਿਸਤੌਲ, 9 ਜ਼ਿੰਦਾ ਰੌਂਦ ਅਤੇ 2 ਮੋਬਾਈਲ ਫ਼ੋਨਾਂ ਸਮੇਤ ਇੱਕ ਸਵਿਫ਼ਟ ਕਾਰ ਬਰਾਮਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੇ ਲੰਘੀ 29 ਜਨਵਰੀ ਨੂੰ ਗੰਨ ਪੁਆਇੰਟ ’ਤੇ ਖਰੜ ਤੋਂ ਸਵਿਫ਼ਟ ਕਾਰ ਖੋਹਣ ਦੀ ਵਾਰਦਾਤ ਅੰਜਾਮ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਚਾਰ ਮੁਲਜ਼ਮਾਂ ’ਚੋਂ ਇੱਥੇ ਜਸਪਾਲ ਸਿੰਘ ਜੱਸੀ ਖ਼ਿਲਾਫ਼ ਪਹਿਲਾਂ ਵੀ 11 ਸੰਗੀਨ ਮਾਮਲੇ ਦਰਜ ਹਨ।
ਦੂਜੇ ਮਾਮਲੇ ਬਾਰੇ ਜ਼ਿਲ੍ਹਾ ਪੁਲੀਸ ਕਪਤਾਨ ਨੇ ਦੱਸਿਆ ਕਿ ਪੁਲੀਸ ਨੇ 2 ਫਰਵਰੀ ਨੂੰ ਪਿੰਡ ਬੱਲੂਆਣਾ ਵਿੱਚ ਆਪਣੇ ਪੁੱਤਰ ਨੂੰ ਪਤੰਗ ਦੁਆਉਣ ਦੁਕਾਨ ’ਤੇ ਗਏ ਵਿਅਕਤੀ ਦਾ ਬੇਰਹਿਮੀ ਨਾਲ ਮਾਰੂ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉੁਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਉਨ੍ਹਾਂ ਪਾਸੋਂ ਇੱਕ ਪਿਸਤੌਲ .32 ਬੋਰ 5 ਜ਼ਿੰਦਾ ਕਾਰਤੂਸ, ਇੱਕ ਤਲਵਾਰ, ਕਾਪਾ ਅਤੇ ਮੋਟਰਸਾਈਕਲ ਵੀ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ’ਚੋਂ ਇੱਕ ਕੁਲਦੀਪ ਸਿੰਘ ਕਾਲਾ ਦੇ ਖ਼ਿਲਾਫ਼ ਪਹਿਲਾਂ ਵੀ ਪੰਜ ਸੰਗੀਨ ਮਾਮਲੇ ਦਰਜ ਹਨ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਜ਼ਮੀਨੀ ਵਿਵਾਦ ਦੇ ਚੱਲਦਿਆਂ, ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ।
ਤੀਜੇ ਮਾਮਲੇ ਵਿੱਚ ਬਠਿੰਡਾ ਪੁਲੀਸ ਨੇ ਬੀਤੇ ਦਿਨ ਪਿੰਡ ਭਾਈ ਰੂਪਾ ਵਿਖੇ ਹੋਏ ਕਤਲ ਵਿੱਚ ਇੱਕ ਵਿਅਕਤੀ ਨੂੰ ਕਾਬੂ ਕਰਨ ਦਾ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਦੋਵੇਂ ਧਿਰਾਂ ਵਿੱਚ ਪੁਰਾਣੀ ਰੰਜਿਸ਼ ਚੱਲ ਰਹੀ ਸੀ, ਜਿਸ ਦੇ ਚੱਲਦਿਆਂ ਉਕਤ ਵਿਅਕਤੀ, ਮੁਲਜ਼ਮ ਦੇ ਘਰ ਗਿਆ ਸੀ ਅਤੇ ਮੁਲਜ਼ਮ ਨੇ ਉਸ ਦੇ ਫ਼ਾਇਰ ਮਾਰ ਕੇ, ਉਸ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲੀਸ ਇਸ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਮੁਲਜ਼ਮ ਪਾਸੋਂ ਇੱਕ 12 ਬੋਰ ਰਾਈਫ਼ਲ, 5 ਜ਼ਿੰਦਾ ਕਾਰਤੂਸ ਅਤੇ ਇੱਕ .32 ਬੋਰ ਦਾ ਰਿਵਾਲਵਰ ਬਰਾਮਦ ਕੀਤਾ ਹੈ।