For the best experience, open
https://m.punjabitribuneonline.com
on your mobile browser.
Advertisement

ਬਠਿੰਡੇ ਵਾਲਿਆਂ ਦੀ ‘ਇੰਡੀਆ’ ਸਰਕਾਰ ਵਿੱਚ ਹੋਵੇਗੀ ਇਤਿਹਾਸਕ ਸ਼ਮੂਲੀਅਤ: ਖੁੱਡੀਆਂ

10:42 AM Apr 30, 2024 IST
ਬਠਿੰਡੇ ਵਾਲਿਆਂ ਦੀ ‘ਇੰਡੀਆ’ ਸਰਕਾਰ ਵਿੱਚ ਹੋਵੇਗੀ ਇਤਿਹਾਸਕ ਸ਼ਮੂਲੀਅਤ  ਖੁੱਡੀਆਂ
ਬਠਿੰਡਾ ਜ਼ਿਲ੍ਹੇ ਦੇ ਪਿੰਡਾਂ ’ਚ ਲੋਕ ਮਿਲਣੀਆਂ ਦੌਰਾਨ ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ।
Advertisement

ਸ਼ਗਨ ਕਟਾਰੀਆ
ਬਠਿੰਡਾ, 29 ਅਪਰੈਲ
‘ਕੇਂਦਰ ਵਿੱਚ ਅਗਲੀ ਸਰਕਾਰ ‘ਇੰਡੀਆ’ ਮਹਾ-ਗੱਠਜੋੜ ਦੀ ਬਣਨੀ ਤੈਅ ਹੈ। ਸਰਕਾਰ ਵਿੱਚ ਮੁੱਖ ਭਾਗੀਦਾਰੀ ਆਮ ਆਦਮੀ ਪਾਰਟੀ ਦੀ ਹੋਵੇਗੀ। ਇਹ ਵੀ ਯਕੀਨੀ ਹੈ ਕਿ ਬਠਿੰਡਾ ਦੇ ਸੂਝਵਾਨ ਵੋਟਰ ਕੇਂਦਰ ਵਿੱਚ ਆਪਣੀ ਸ਼ਮੂਲੀਅਤ ਦਰਜ ਕਰਵਾ ਕੇ ਇਤਿਹਾਸਕ ਭੂਮਿਕਾ ਨਿਭਾਉਣਗੇ।’ ਇਹ ਵਿਚਾਰ ਬਠਿੰਡਾ ਪਾਰਲੀਮਾਨੀ ਹਲਕੇ ਤੋਂ ਚੋਣ ਲੜ ਰਹੇ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਹਲਕੇ ਦੇ ਪਿੰਡਾਂ ’ਚ ਲੋਕ-ਮਿਲਣੀ ਪ੍ਰੋਗਰਾਮਾਂ ਤਹਿਤ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਪੰਜਾਬ ’ਚ ‘ਆਪ’ ਦੀ ਪਹਿਲਾਂ ਹੀ ਸਰਕਾਰ ਹੈ ਅਤੇ ਜਦੋਂ ਕੇਂਦਰ ਵਿੱਚ ਵੀ ਪਾਰਟੀ ਦੀ ਹਿੱਸੇਦਾਰੀ ਵਾਲੀ ਸਰਕਾਰ ਬਣ ਗਈ ਤਾਂ ਪੰਜਾਬ ਵਿਕਾਸ ਦੀ ਪਟੜੀ ’ਤੇ ਦੋਹਰੀ ਰਫ਼ਤਾਰ ਨਾਲ ਦੌੜੇਗਾ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਸੰਸਦ ਜਾਂ ਫਿਰ ਵਿਧਾਨ ਸਭਾ ਵਿੱਚ ਪ੍ਰਤੀਨਿਧ ਚੁਣ ਕੇ ਭੇਜੇ ਜਾਂਦੇ ਹਰ ਵਿਅਕਤੀ ਦਾ ਇਖ਼ਲਾਕੀ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਰਾਜ, ਆਪਣੇ ਹਲਕੇ ਦੀ ਬਿਹਤਰੀ ਲਈ ਕਾਰਜ ਕਰੇ।
ਉਨ੍ਹਾਂ ਕਿਹਾ ਕਿ ਇਹ ਪ੍ਰਤੀਨਿਧ ’ਤੇ ਵਿਸ਼ਵਾਸ ਕਰਨ ਵਾਲੇ ਵੋਟਰਾਂ ਦਾ ਰਿਣ ਹੁੰਦਾ ਹੈ, ਜਿਸ ਨੂੰ ਉਤਾਰਨਾ ਉਸ ਆਗੂ ਦੀ ਡਿਊਟੀ ਹੈ, ਪਰ ਕਈ ਆਗੂ ਜਦੋਂ ਵਾਰ-ਵਾਰ ਆਪਣੇ ਫ਼ਰਜ਼ਾਂ ਦੀ ਅਦਾਇਗੀ ਨੂੰ ਵੋਟਰਾਂ ’ਤੇ ਅਹਿਸਾਨ ਕਹਿ ਕੇ ਚਿਤਾਰਦੇ ਹਨ ਤਾਂ ਇਹ ਆਗੂ ਦਾ ਗੁਮਾਨ ਹੁੰਦਾ ਹੈ। ਸ੍ਰੀ ਖੁੱਡੀਆਂ ਨੇ ਕਿਹਾ ਕਿ ਲੋਕਾਂ ਵੱਲੋਂ ਫ਼ਤਵਾ ਮਿਲਣ ’ਤੇ ਉਹ ਖੇਤੀ ਪ੍ਰਧਾਨ ਸੂਬੇ ਪੰਜਾਬ ਲਈ ਖੇਤੀ ਨੂੰ ਮੁਨਾਫ਼ੇ ਵਾਲਾ ਕਾਰੋਬਾਰ ਬਣਾਉਣ ਲਈ ਵਿਸ਼ੇਸ਼ ਪੈਕੇਜ ਲਿਆਉਣ ਦਾ ਹੀਲਾ ਕਰਨਗੇ। ਉਨ੍ਹਾਂ ਕਿਹਾ ਕਿ ਇਸ ਖਿੱਤੇ ’ਚ ਸਨਅਤ ਸਥਾਪਤੀ ਦੀ ਵੀ ਲੋੜ ਹੈ ਤਾਂ ਜੋ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾ ਸਕੇ। ਉਨ੍ਹਾਂ ਸਿੱਖਿਆ ਅਤੇ ਸਿਹਤ ਖੇਤਰਾਂ ਵਿੱਚ ਇਨਕਲਾਬੀ ਤਬਦੀਲੀਆਂ ਕਰਨ ਦਾ ਵੀ ਵਾਅਦਾ ਕੀਤਾ।
ਸ੍ਰੀ ਖੁੱਡੀਆਂ ਨੇ ਪੀਰਕੋਟ, ਚਾਉਕੇ, ਬੱਲ੍ਹੋ, ਬਦਿਆਲਾ, ਜੈਦ, ਜਿਉਂਦ, ਘੜੈਲੀ, ਘੜੈਲਾ, ਜੇਠੂ ਕੇ, ਬੁੱਗਰਾਂ, ਚੋਟੀਆਂ, ਬੁਰਜ ਮਾਨਸ਼ਾਹੀਆ, ਕਰਾੜਵਾਲਾ, ਗਿੱਲ ਕਲਾਂ, ਪਿੱਥੋ ਤੇ ਰਾਮਪੁਰਾ ਆਦਿ ਪਿੰਡਾਂ ਵਿੱਚ ਲੋਕ ਮਿਲਣੀਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਸ੍ਰੀ ਖੁੱਡੀਆਂ ਦੇ ਸਾਥ ‘ਆਪ’ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਵੱਲੋਂ ਦਿੱਤਾ ਗਿਆ।

Advertisement

Advertisement
Author Image

Advertisement
Advertisement
×