ਬਠਿੰਡਾ ਕਿਸਾਨ ਮੇਲਾ: ਖੇਤੀ ਨੂੰ ਲਾਹੇਵੰਦ ਬਣਾਉਣ ਲਈ ਕਿਸਾਨ ਆਧੁਨਿਕ ਤਰੀਕੇ ਅਪਣਾਉਣ: ਖੁੱਡੀਆਂ
ਮਨੋਜ ਸ਼ਰਮਾ
ਬਠਿੰਡਾ, 18 ਮਾਰਚ
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਖੇਤਰੀ ਖੋਜ ਕੇਂਦਰ ਬਠਿੰਡਾ ਵਿੱਚ ਰਾਜ ਪੱਧਰੀ ਕਿਸਾਨ ਮੇਲਾ ਲਾਇਆ ਗਿਆ। ਮੇਲੇ ਦੌਰਾਨ ਪੰਜਾਬ ਸਮੇਤ ਹਰਿਆਣਾ ਦੇ ਕਿਸਾਨਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਖ਼ੇਤਰੀ ਖ਼ੋਜ ਕੇਂਦਰ ਦੇ ਡਾਇਰੈਕਟਰ ਡਾ. ਕਰਮਜੀਤ ਸਿੰਘ ਸੇਖੋਂ ਨੇ ਮੇਲੇ ਵਿੱਚ ਪੁੱਜੇ ਕਿਸਾਨਾਂ ਅਤੇ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ। ਕਿਸਾਨ ਮੇਲੇ ਵਿੱਚ ਪੁੱਜੇ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਸਾਨਾਂ ਨੂੰ ਖੇਤੀ ਦੇ ਵਿਗਿਆਨਕ ਅਤੇ ਆਧੁਨਿਕ ਤਰੀਕਿਆਂ ਵਲ ਮੋੜਨ ਦੀ ਅਪੀਲ ਕੀਤੀ। ਉਨ੍ਹਾਂ ਕਿਸਾਨੀ ਨੂੰ ਟਿਕਾਊ ਅਤੇ ਲਾਭਕਾਰੀ ਬਣਾਉਣ ਉੱਤੇ ਜ਼ੋਰ ਦਿੰਦਿਆਂ ਆਖਿਆ ਕਿ ਆਮਦਨ ਵਿੱਚ ਵਾਧਾ ਕਰਨ ਅਤੇ ਖੇਤੀ ਦੀ ਲਾਗਤ ਘਟਾਉਣ ਲਈ ਕਿਸਾਨ ਵਿਗਿਆਨੀਆਂ ਵੱਲੋਂ ਤਿਆਰ ਕੀਤੀਆਂ ਤਕਨੀਕਾਂ ਅਤੇ ਸਿਫ਼ਾਰਿਸ਼ ਕੀਤੇ ਬੀਜਾਂ ਦੀ ਵਰਤੋਂ ਕਰਨ। ਉਨ੍ਹਾਂ ਨਕਲੀ ਰੇਹ ਸਪਰੇਅ ਵੇਚਣ ਵਾਲਿਆਂ ਨੂੰ ਸਖ਼ਤ ਚਿਤਾਵਾਨੀ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਨਕਲੀ ਬੀਜਾਂ ਅਤੇ ਖਾਦਾਂ ਖ਼ਿਲਾਫ਼ ਸਾਵਧਾਨ ਰਹਿਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਅਕਸਰ ਨਕਲੀ ਉਤਪਾਦਾਂ ਕਾਰਨ ਉਨ੍ਹਾਂ ਦੀ ਫਸਲ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਉਤਪਾਦਨ ਘੱਟਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਸਿਰਫ ਖੇਤੀ ਤੱਕ ਸੀਮਤ ਨਾ ਰਹਿਣ, ਸਗੋਂ ਹੋਰ ਖੇਤਰਾਂ ਵਿੱਚ ਵੀ ਆਪਣਾ ਭਵਿੱਖ ਬਣਾ ਸਕਦੇ ਹਨ। ਇਸ ਮੌਕੇ ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਖੇਤੀ ਵਿਚ ਵਿਗਿਆਨਿਕ ਤਰੀਕਿਆਂ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਯੂਨੀਵਰਸਿਟੀ ਨੇ ਕਪਾਹ ਸਮੇਤ ਕਈ ਫਸਲਾਂ ਦੀਆਂ ਨਵੀਆਂ ਕਿਸਮਾਂ ਤਿਆਰ ਕੀਤੀਆਂ ਹਨ ਜੋ ਉੱਚ ਉਤਪਾਦਨ ਵਾਲੀਆਂ ਹਨ ਅਤੇ ਜੋ ਮਹੱਤਵਪੂਰਨ ਕੀੜਿਆਂ ਤੋਂ ਬਚਾਅ ਕਰਦੀਆਂ ਹਨ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਪੀਏਯੂ ਉਨ੍ਹਾਂ ਦੀ ਆਮਦਨ ਵਧਾਉਣ ਅਤੇ ਖੇਤੀ ਨੂੰ ਮਾਲੀ ਪੱਖੋਂ ਮਜ਼ਬੂਤ ਬਣਾਉਣ ਲਈ ਨਵੇਂ ਖੋਜ ਨਤੀਜੇ ਅਤੇ ਤਕਨੀਕਾਂ ਤਿਆਰ ਕਰ ਰਿਹਾ ਹੈ।
ਖੇਤੀਬਾੜੀ ਯੂਨੀਵਰਸਿਟੀ ਨੇ 34 ਲੱਖ ਦੇ ਬੀਜ ਵੇਚੇ
ਮੇਲੇ ਵਿੱਚ ਵੱਖ ਵੱਖ ਵਿਭਾਗਾਂ ਵੱਲੋਂ ਵਿਗਿਆਨਕ ਪ੍ਰਦਰਸ਼ਨੀਆਂ ਲਾਈਆਂ ਗਈਆਂ, ਜਿੱਥੇ ਕਿਸਾਨਾਂ ਨੇ ਨਵੀਂ ਤਕਨੀਕਾਂ ਬਾਰੇ ਜਾਣਕਾਰੀ ਲਈ ਖਾਸ ਦਿਲਚਸਪੀ ਦਿਖਾਈ। ਯੂਨੀਵਰਸਿਟੀ ਦੇ ਡਾ. ਗੁਰਜਿੰਦਰ ਸਿੰਘ ਰੋਮਾਣਾ ਨੇ ਦੱਸਿਆ ਕਿ ਮੇਲੇ ਦੌਰਾਨ ਝੋਨੇ, ਮੂੰਗੀ, ਸੋਆਈਬੀਨ, ਅਰਹਰ, ਚਰੀ, ਸਬਜ਼ੀਆਂ ਦੀਆਂ ਕਿੱਟਾਂ ਤੇ ਹੋਰ ਬੀਜਾਂ ਤੋਂ 34 ਲੱਖ ਰੁਪਏ ਵੱਧ ਦੀ ਵੱਟਤ ਕੀਤੀ। ਉਨ੍ਹਾਂ ਦੱਸਿਆ ਕਿ ਇਸ ਵਾਰ ਝੋਨੇ ਦੀ ਨਵੀਂ ਵਰਾਇਟੀ ਪੀ. ਆਰ 132 ਵਿੱਚ ਕਿਸਾਨਾਂ ਨੇ ਖੂਬ ਦਿਲਚਸਪੀ ਦਖਾਈ। ਇਸ ਨਵੇਂ ਬੀਜ ਤੋਂ ਯੂਨੀਵਰਸਿਟੀ ਨੇ 11ਲੱਖ ਤੋਂ ਵੱਧ ਦੀ ਵਟਤ ਕੀਤੀ। ਇਸ ਤੋਂ ਇਲਾਵਾ ਪੀਆਰ 126 ਵਿੱਚ ਕਿਸਾਨਾਂ ਨੇ ਰੁਚੀ ਦਿਖਾਈ। ਮੇਲੇ ਦੌਰਾਨ ਵਿਗਿਆਨੀਆਂ ਅਤੇ ਅਧਿਕਾਰੀਆਂ ਵੱਲੋਂ ਕਿਸਾਨਾਂ ਦੇ ਪ੍ਰਸ਼ਨਾਂ ਦੇ ਵੀ ਸੰਤੁਸ਼ਟਿਕਰ ਜਵਾਬ ਦਿੱਤੇ ਗਏ। ਇਸ ਦੌਰਾਨ ਕਿਸਾਨਾਂ ਨੇ ਵੀ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਸਰਕਾਰ ਅਤੇ ਯੂਨੀਵਰਸਿਟੀ ਵੱਲੋਂ ਉਠਾਏ ਜਾ ਰਹੇ ਕਦਮਾਂ ਦੀ ਸਰਾਹਨਾ ਕੀਤੀ।