ਬਠਿੰਡਾ: ਸੁਰਜੀਤ ਪਾਤਰ ਦੀ ਯਾਦ ਵਿੱਚ ‘ਕਾਵਿ-ਸ਼ਾਰ’ ਸਮਾਗਮ
ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਬਠਿੰਡਾ, 13 ਜੁਲਾਈ
ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਇੱਥੇ ਐੱਸਐੱਸਡੀ ਗਰਲਜ਼ ਕਾਲਜ ਵਿੱਚ ਕਾਲਜ ਦੇ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ‘ਕਾਵਿ ਸ਼ਾਰ’ ਬੈਨਰ ਹੇਠ ਕਵੀ ਦਰਬਾਰ ਕਰਵਾਇਆ ਗਿਆ। ਮਰਹੂਮ ਮਕਬੂਲ ਸ਼ਾਇਰ ਸੁਰਜੀਤ ਪਾਤਰ ਨੂੰ ਸਮਰਪਿਤ ਇਸ ਪ੍ਰੋਗਰਾਮ ਵਿੱਚ ਜ਼ਿਲ੍ਹੇ ਦੇ ਸਥਾਪਿਤ ਅਤੇ ਉੱਭਰ ਰਹੇ ਕਵੀਆਂ ਨੇ ਭਾਗ ਲਿਆ। ਇੰਪਰੂਵਮੈਂਟ ਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਭੱਲਾ, ਸਾਹਿਤਕਾਰ ਪ੍ਰੋ. ਤਰਸੇਮ ਨਰੂਲਾ ਅਤੇ ਦਿੱਲੀ ਸਾਹਿਤ ਅਕਾਦਮੀ ਦੇ ਕਾਰਜਕਾਰੀ ਮੈਂਬਰ ਜਸਪਾਲ ਮਾਨਖੇੜਾ ਨੇ ਖਾਸ ਮਹਿਮਾਨਾਂ ਵਜੋਂ ਇਸ ਮੌਕੇ ਸ਼ਿਰਕਤ ਕੀਤੀ। ਜ਼ਿਲ੍ਹਾ ਭਾਸ਼ਾ ਅਫ਼ਸਰ ਬਠਿੰਡਾ ਕੀਰਤੀ ਕਿਰਪਾਲ ਨੇ ਮਹਿਮਾਨਾਂ ਅਤੇ ਕਵੀਆਂ ਦਾ ਸੁਆਗਤ ਕਰਦਿਆਂ, ਸੁਰਜੀਤ ਪਾਤਰ ਨੂੰ ਯਾਦ ਕੀਤਾ। ਜਤਿੰਦਰ ਭੱਲਾ ਨੇ ਕਿਹਾ ਕਿ ਕੀਰਤੀ ਕਿਰਪਾਲ ਇਸ ਸਫ਼ਲ ਕਵੀ ਸੰਮੇਲਨ ਲਈ ਵਧਾਈ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾਂ ਹੀ ਪੰਜਾਬੀ ਭਾਸ਼ਾ ਦੀ ਪ੍ਰਫ਼ੁੱਲਤਾ ਲਈ ਸੁਹਿਰਦ ਯਤਨ ਕਰਦੀ ਆ ਰਹੀ ਹੈ ਅਤੇ ਅੱਗੇ ਵੀ ਕਰਦੀ ਰਹੇਗੀ। ਕਵੀਆਂ ਨੇ ਕਵਿਤਾਵਾਂ ਸੁਣਾ ਕੇ ਸਮੇਂ ਨੂੰ ਬੰਨ੍ਹ ਦਿੱਤਾ। ਮੰਚ ਸੰਚਾਲਨ ਕੁਲਦੀਪ ਬੰਗੀ ਨੇ ਕੀਤਾ। ਪ੍ਰੋ. ਸੰਦੀਪ ਮੋਹਲਾਂ ਅਤੇ ਮਨਪ੍ਰੀਤ ਮਨੀ ਨੇ ਉੱਘੇ ਸ਼ਾਇਰਾਂ ਦੀਆਂ ਲਿਖ਼ਤਾਂ ਦਾ ਗਾਇਣ ਕੀਤਾ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਵਿਕਰੀ ਇੰਚਾਰਜ ਸੁਖਮਨੀ ਸਿੰਘ ਵੱਲੋਂ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ। ਕਵੀ ਦਰਬਾਰ ਵਿੱਚ ਰਣਬੀਰ ਰਾਣਾ, ਸੁਰਿੰਦਰਪ੍ਰੀਤ ਘਣੀਆ, ਡਾ. ਨੀਤੂ ਅਰੋੜਾ, ਨਿਰੰਜਨ ਪ੍ਰੇਮੀ, ਅਮਰਜੀਤ ਹਰੜ, ਕੁਲਦੀਪ ਸਿੰਘ ਬੰਗੀ, ਅਮਰਜੀਤ ਜੀਤ, ਲੀਲਾ ਸਿੰਘ ਰਾਏ, ਗੁਰਸੇਵਕ ਬੀੜ, ਗੁਰਮਾਨ ਖੋਖਰ, ਗੁਰਸੇਵਕ ਚੁੱਘੇ ਖੁਰਦ, ਅੰਮ੍ਰਿਤਪਾਲ ਬਠਿੰਡਾ, ਰਣਜੀਤ ਗੌਰਵ, ਮੇਘ ਰਾਜ ਫੌਜੀ, ਦਮਜੀਤ ਦਰਸ਼ਨ, ਭੋਲਾ ਸਿੰਘ ਸ਼ਮੀਰੀਆ ਨੇ ਬਤੌਰ ਸ਼ਾਇਰ ਸਮਾਗਮ ’ਚ ਹਾਜ਼ਰੀ ਲੁਆਈ।