ਬਠਿੰਡਾ: ਪੌਣੇ ਦੋ ਕਰੋੜ ਦੀ ਨਗਦੀ ਸਣੇ ਚਾਰ ਤਸਕਰ ਗ੍ਰਿਫ਼ਤਾਰ
ਸ਼ਗਨ ਕਟਾਰੀਆ
ਬਠਿੰਡਾ, 30 ਜਨਵਰੀ
ਸੀਆਈਏ ਸਟਾਫ ਬਠਿੰਡਾ ਨੇ ਏਜੀਟੀਐੱਫ ਦੀ ਮਦਦ ਨਾਲ ਕੌਮਾਂਤਰੀ ਪੱਧਰ ਦੇ ਨਸ਼ਾ ਤਸਕਰੀ ਡਰੱਗ ਰੈਕੇਟ ਮਾਮਲੇ ’ਚ ਪਹਿਲਾਂ ਤੋਂ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਕੀਤੀ ਪੁੱਛ-ਪੜਤਾਲ ਮਗਰੋਂ ਚਾਰ ਹੋਰ ਮੁਲਜ਼ਮਾਂ ਨੂੰ ਪੌਣੇ ਦੋ ਕਰੋੜ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ। ਇਨ੍ਹਾਂ ਦੀ ਪਛਾਣ ਬਿੱਕਰ ਸਿੰਘ ਵਾਸੀ ਬਠਿੰਡਾ, ਤਾਰਾ ਚੰਦ ਪਾਰਿਕ ਵਾਸੀ ਰਾਜਸਥਾਨ ਹਾਲ ਆਬਾਦ ਲੁਧਿਆਣਾ, ਸਿਮਰਨਜੀਤ ਸਿੰਘ ਵਾਸੀ ਅੰਮ੍ਰਿਤਸਰ ਅਤੇ ਹਰਮਿੰਦਰ ਸਿੰਘ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ 14 ਜੁਲਾਈ 2023 ਨੂੰ ਸੀਆਈਏ ਬਠਿੰਡਾ-1 ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਨੇ ਬਲਜਿੰਦਰ ਸਿੰਘ ਵਾਸੀ ਬਠਿੰਡਾ, ਬਲਜਿੰਦਰ ਸਿੰਘ ਮਾਹੀਨੰਗਲ, ਮਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ 270 ਗ੍ਰਾਮ ਹੈਰੋਇਨ, ਵਿਦੇਸ਼ੀ ਪਿਸਤੌਲ, ਇੱਕ ਔਡੀ ਕਾਰ ਅਤੇ 18.70 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਸੀ। ਪੁਲੀਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮਾਮਲੇ ਦੀ ਤਫ਼ਤੀਸ਼ ਦੌਰਾਨ ਬਿੱਕਰ ਸਿੰਘ ਤੇ ਕਿੰਦਰਬੀਰ ਸਿੰਘ ਨੂੰ ਮੁਲਜ਼ਮ ਨਾਮਜ਼ਦ ਕੀਤਾ ਗਿਆ ਸੀ। ਪੁਲੀਸ ਬਿੱਕਰ ਸਿੰਘ ਨੂੰ ਆਗਰਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਈ ਸੀ, ਜਿਸ ਕੋਲੋਂ ਕੀਤੀ ਪੁੱਛ-ਪੜਤਾਲ ਦੇ ਆਧਾਰ ’ਤੇ ਤਾਰਾ ਚੰਦ ਪਾਰਿਕ ਨੂੰ ਗ੍ਰਿਫ਼ਤਾਰ ਕਰ ਕੇ ਉਸ ਤੋਂ 1.78 ਕਰੋੜ ਰੁਪਏ ਦੀ ਡਰੱਗ ਮਨੀ ਅਤੇ ਦੋ ਮੋਬਾਈਲ ਬਰਾਮਦ ਕੀਤੇ ਗਏ ਹਨ। ਪੁਲੀਸ ਨੇ ਸੋਮਵਾਰ ਨੂੰ ਸਿਮਰਨਜੀਤ ਸਿੰਘ ਅਤੇ ਹਰਿਮੰਦਰ ਸਿੰਘ ਵਾਸੀ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਕਿੰਦਰਬੀਰ ਸਿੰਘ ਅਮਰੀਕਾ ’ਚ ਬੈਠ ਕੇ ਪੰਜਾਬ ’ਚ ਕੌਮਾਂਤਰੀ ਪੱਧਰ ਦਾ ਡਰੱਗ ਰੈਕੇਟ ਚਲਾਉਂਦਾ ਹੈ। ਜ਼ਿਕਰਯੋਗ ਹੈ ਇਨ੍ਹਾਂ ਸਾਰੇ ਮੁਲਜ਼ਮਾਂ ਖ਼ਿਲਾਫ਼ ਇਸ ਤੋਂ ਪਹਿਲਾਂ ਵੀ ਕਈ ਕੇਸ ਦਰਜ ਹਨ।