ਵਾਲੀਬਾਲ ਮੁਕਾਬਲਿਆਂ ’ਚ ਬਠਿੰਡਾ ਨੇ ਸੰਗਰੂਰ ਨੂੰ ਹਰਾਇਆ
ਰਾਜਿੰਦਰ ਜੈਦਕਾ
ਅਮਰਗੜ੍ਹ, 9 ਨਵੰਬਰ
ਸਰਕਾਰੀ ਸੀਨੀਅਰ ਸਮਾਰਟ ਸਕੂਲ ’ਚ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-3 ਤਹਿਤ ਸੂਬਾ ਪੱਧਰੀ ਵਾਲੀਬਾਲ ਮੁਕਾਬਲੇ ਪ੍ਰਿੰਸੀਪਲ ਕੁਲਵੰਤ ਸਿੰਘ ਗਰੇਵਾਲ ਦੀ ਅਗਵਾਈ ਹੇਠ ਕਰਵਾਏ ਗਏ। ਖੇਡਾਂ ਉਦਘਾਟਨ ਹਲਕਾ ਮਾਲੇਰਕੋਟਲਾ ਦੇ ਵਿਧਾਇਕ ਜਮੀਲ-ਉਰ ਰਹਿਮਾਨ, ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਾਰ ਦੀ ਪਤਨੀ ਡਾ. ਪਰਮਿੰਦਰ ਕੌਰ ਤੇ ਐੱਸਡੀਐੱਮ ਸੁਰਿੰਦਰ ਕੌਰ ਨੇ ਕੀਤਾ।
ਜ਼ਿਲ੍ਹਾ ਸਪੋਰਟਸ ਅਫ਼ਸਰ ਗੁਰਦੀਪ ਸਿੰਘ ਨੇ ਦੱਸਿਆ ਕਿ ਵਾਲੀਬਾਲ ਪੱਕੀ ਅੰਡਰ 14 ਤੇ 17 ਸਾਲਾ ਲੜਕੀਆਂ ਵਿੱਚ ਬਰਨਾਲਾ ਨੇ ਪਹਿਲਾ, ਸੰਗਰੂਰ ਨੇ ਦੂਸਰਾ ਤੇ ਪਟਿਆਲਾ ਨੇ ਤੀਸਰਾ, ਅੰਡਰ 21 ਵਿੱਚ ਬਰਨਾਲਾ ਨੇ ਪਹਿਲਾ, ਸੰਗਰੂਰ ਨੇ ਦੂਸਰਾ ਤੇ ਮਾਲੇਰਕੋਟਲਾ ਨੇ ਤੀਸਰਾ, 21 ਤੋਂ 30 ਸਾਲਾ ਪੁਰਸ਼ ਮੁਕਾਬਲੇ ਵਿੱਚ ਫਰੀਦਕੋਟ ਨੇ ਪਹਿਲਾ, ਫਿਰੋਜ਼ਪੁਰ ਨੇ ਦੂਸਰਾ ਤੇ ਮੁਕਤਸਰ ਨੇ ਤੀਸਰਾ, ਅੰਡਰ 31 ਤੋਂ 40 ਸਾਲਾ ਮੁਕਾਬਲੇ ਵਿੱਚ ਮੋਗਾ ਨੇ ਪਹਿਲਾ, ਲੁਧਿਆਣਾ ਨੇ ਦੂਸਰਾ ਤੇ ਫਿਰੋਜ਼ਪੁਰ ਨੇ ਤੀਸਰਾ, 41 ਤੋਂ 50 ਸਾਲਾ ਮੁਕਾਬਲੇ ਵਿੱਚ ਬਠਿੰਡਾ ਨੇ ਪਹਿਲਾ, ਲੁਧਿਆਣਾ ਨੇ ਦੂਸਰਾ ਤੇ ਫਰੀਦਕੋਟ ਨੇ ਤੀਸਰਾ, 51 ਤੋਂ 60 ਸਾਲਾ ਮੁਕਾਬਲੇ ਵਿੱਚ ਮਾਨਸਾ ਨੇ ਪਹਿਲਾ, ਫਾਜ਼ਿਲਕਾ ਨੇ ਦੂਸਰਾ ਤੇ ਬਠਿੰਡਾ ਨੇ ਤੀਸਰਾ, 61 ਤੋਂ 70 ਮੁਕਾਬਲੇ ਵਿਚ ਬਠਿੰਡਾ ਨੇ ਪਹਿਲਾ ਤੇੇ ਸੰਗਰੂਰ ਨੇ ਦੂਸਰਾ ਇਨਾਮ ਪ੍ਰਾਪਤ ਕੀਤਾ। ਸਮਾਗਮ ਦੌਰਾਨ ਵਾਈਸ ਪ੍ਰਿੰਸੀਪਲ ਜਸਵਿੰਦਰ ਸਿੰਘ, ਲੈਕ ਕੁਲਵੰਤ ਸਿੰਘ ਭੈਣੀ, ਹਰਪ੍ਰੀਤ ਸਿੰਘ ਹਾਜ਼ਰ ਸਨ।
ਕਬੱਡੀ ਮੁਕਾਬਲੇ ਵਿੱਚੋਂ ਦਮਨਜੀਤ ਨੇ ਮਾਰੀਆਂ ਮੱਲਾਂ
ਲਹਿਰਾਗਾਗਾ (ਪੱਤਰ ਪ੍ਰੇਰਕ):
ਖੇਡਾਂ ਵਤਨ ਦੀਆਂ ਤਹਿਤ ਪਟਿਆਲਾ ਵਿੱਚ ਕਰਵਾਏ ਰਾਜ ਪੱਧਰੀ ਕਬੱਡੀ ਮੁਕਾਬਲੇ ਵਿੱਚੋਂ ਡਾ. ਦੇਵਰਾਜ ਡੀਏਵੀ ਪਬਲਿਕ ਸਕੂਲ ਲਹਿਰਾਗਾਗਾ ਦੇ ਵਿਦਿਆਰਥੀ ਦਮਨਦੀਪ ਸਿੰਘ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸਕੂਲ ਕੈਂਪਸ ਵਿੱਚ ਪੋਸਟ ਗ੍ਰੈਜੂਏਟ ਐਜੂਕੇਸ਼ਨਲ ਸੁਸਾਇਟੀਦੇ ਪ੍ਰਧਾਨ ਸ੍ਰੀ ਲਕਸ਼ਮੀ ਕਾਂਤ, ਪੁਸ਼ਪਾ ਦੇਵੀ (ਬਰਨਾਲਾ) ਮੀਤ ਪ੍ਰਧਾਨ , ਪ੍ਰਵੀਨ ਖੋਖਰ ਜਨਰਲ ਸਕੱਤਰ, ਕ੍ਰਿਸ਼ਨਾ ਦੇਵੀ (ਅੰਬਾਲਾ) ਸਹਾਇਕ ਜਨਰਲ ਸਕੱਤਰ ਤੇ ਐਡਵੋਕੇਟ ਅਨਿਰੁੱਧ ਕੌਸ਼ਲ ਨੇ ਸਨਮਾਨਿਤ ਕੀਤਾ।