ਪੰਜਾਬ ਵਿੱਚ ਭਾਰੀ ਗੜੇਮਾਰੀ ਕਾਰਨ ਫ਼ਸਲਾਂ ਦਾ ਨੁਕਸਾਨ
ਮਨੋਜ ਸ਼ਰਮਾ
ਬਠਿੰਡਾ, 2 ਮਾਰਚ
ਅੱਜ ਬਰਸਾਤ ਤੇ ਭਾਰੀ ਗੜੇਮਾਰੀ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਗੋਨਿਆਣਾ ਬਲਾਕ ਅਤੇ ਬੱਲੂਆਣਾ ਖੇਤਰ ਦੇ ਦਰਜਨ ਪਿੰਡਾਂ ਵਿੱਚ ਗੜੇ ਪੈਣ ਦੀਆਂ ਰਿਪੋਰਟਾਂ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਮਹਿਮਾ ਸਰਜਾ ਮਹਿਮਾ ਸਰਕਾਰੀ, ਮਹਿਮਾ ਸਵਾਈ, ਮਹਿਮਾ ਬਲਾਹੜ, ਬੁਰਜ ਮਹਿਮਾ, ਵਿਰਕ ਕਲਾਂ, ਵਿਰਕ ਖੁਰਦ, ਕਰਮਗੜ੍ਹ ਛਤਰਾਂ ਤੇ ਸਰਦਾਰਗੜ੍ਹ ਵਿੱਚ ਗੜੇਮਾਰੀ ਕਾਰਨ ਕਣਕ ਦੀ ਫਸਲ ਅਤੇ ਸਬਜ਼ੀਆਂ ਦਾ ਭਾਰੀ ਨੁਕਸਾਨ ਹੋਇਆ। ਕਿਸਾਨਾਂ ਨੇ ਡਿਪਟੀ ਕਮਿਸ਼ਨਰ ਬਠਿੰਡਾ ਤੋਂ ਵਿਸ਼ੇਸ਼ ਗੁਰਦਾਵਰੀ ਦੀ ਮੰਗ ਕੀਤੀ ਹੈ।
ਮੁਕੇਰੀਆਂ(ਜਗਜੀਤ ਸਿੰਘ): ਇਲਾਕੇ ਅੰਦਰ ਬਾਅਦ ਦੁਪਹਿਰ ਹੋਈ ਬਾਰਸ਼ ਤੇ ਭਾਰੀ ਗੜੇਮਾਰੀ ਨਾਲ ਕਣਕ, ਸਰ੍ਹੋਂ, ਛੋਲਿਆਂ ਸਮੇਤ ਸਬਜ਼ੀਆਂ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਲਗਾਤਾਰ ਹੋ ਰਹੀ ਗੜੇਮਾਰੀ ਨਾਲ ਕਣਕ ਦੀ ਫਸਲ ਦੇ ਭਾਰੀ ਨੁਕਸਾਨ ਅਤੇ ਗੰਨੇ ਦੀ ਬੀਜਾਈ ਪਛੜਨ ਦੀ ਸੰਭਾਵਨਾ ਹੈ।
ਜਾਣਕਾਰੀ ਅਨੁਸਾਰ ਅੱਜ ਸਵੇਰ ਤੋਂ ਹਲਕੀ ਧੁੱਪ ਨਿਕਲਣ ਅਤੇ ਕਣੀਆਂ ਪੈਣ ਦੀ ਲੁਕਣ ਮੀਟੀ ਚੱਲ ਰਹੀ ਸੀ ਪਰ ਬਾਅਦ ਦੁਪਹਿਰ ਅਚਾਨਕ ਸ਼ੁਰੂ ਹੋਈ ਤੇਜ ਬਾਰਸ਼ ਦੌਰਾਨ ਗੜੇਮਾਰੀ ਸ਼ੁਰੂ ਹੋ ਗਈ। ਗੜੇਮਾਰੀ ਦੌਰਾਨ ਕਾਫੀ ਮੋਟੇ ਗੜੇ ਪੈਣ ਲੱਗੇ, ਜਿਸ ਨੇ ਸਿੱਟੇ ਤੇ ਆਈ ਕਣਕ ਅਤੇ ਟਮਾਟਰ ਦਾ ਭਾਰੀ ਨੁਕਸਾਨ ਕੀਤਾ ਹੈ।
ਲੰਬੀ(ਇਕਬਾਲ ਸਿੰਘ ਸ਼ਾਂਤ): ਲੰਬੀ ਹਲਕੇ ਵਿੱਚ ਮੀਂਹ ਅਤੇ ਗੜੇਮਾਰੀ ਨਾਲ ਪਿੰਡਾਂ ਵਿੱਚ ਕਣਕ ਦੀ ਖੜੀ ਫਸਲ ਨੁਕਸਾਨ ਦੇ ਰਾਹ ਪੈ ਗਈ। ਕਰੀਬ ਦੋ-ਤਿੰਨ ਵਾਰ ਵਿੱਚ ਲਗਪਗ 5-6 ਮਿੰਟ ਦੀ ਗੜੇਮਾਰੀ ਨੇ ਬਾਦਲ, ਗੱਗੜ, ਮਿੱਠੜੀ, ਖਿਓਵਾਲੀ, ਚਨੂੰ, ਲਾਲਬਾਈ, ਲੰਬੀ ਅਤੇ ਪੰਜਾਵਾ ਵਿਖੇ ਮੁੱਢਲੇ ਤੌਰ 'ਤੇ ਕਣਕ ਦੀ ਫਸਲ 15 ਤੋਂ 20 ਫੀਸਦੀ ਨੁਕਸਾਨ ਹੋਇਆ ਹੈ।
ਜ਼ਿਆਦਾਤਰ ਪਾਣੀ ਲੱਗੇ ਖੇਤਾਂ ਵਿਚਲੀ ਕਣਕ ਅਤੇ ਅਗੇਤੀ ਕਣਕਾਂ ਵੀ ਗੜੇਮਾਰੀ ਕਾਰਨ ਵਿਛ ਗਈਆਂ ਹਨ। ਖੇਤਰ ਪਿੰਡ ਗੱਗੜ, ਕੱਖਾਂਵਾਲੀ, ਬਾਦਲ, ਮਿੱਠੜੀ ਬੁੱਧਗਿਰ, ਚਨੂੰ, ਲਾਲਬਾਈ, ਲੰਬੀ, ਪੰਜਾਵਾ, ਖਿਓਵਾਲੀ ਸਮੇਤ ਹੋਰਨਾਂ ਪਿੰਡਾਂ ਵਿਚ ਗੜੇਮਾਰੀ ਹੋਣ ਸੂਚਨਾ ਹੈ। ਲੰਬੀ ਖੇਤੀਬਾੜੀ ਬਲਾਕ ਦੇ ਏਡੀਏ ਸੁਖਚੈਨ ਸਿੰਘ ਨੇ ਕਿਹਾ ਕਿ ਪਿੰਡਾਂ ਵਿਚੋਂ ਗੜੇਮਾਰੀ ਸਬੰਧੀ ਰਿਪੋਰਟ ਲੈ ਕੇ ਸਰਕਾਰ ਨੂੰ ਭੇਜੀ ਜਾਵੇਗੀ।