ਬਠਿੰਡਾ ਨਿਗਮ: ਡਿਪਟੀ ਮੇਅਰ ਖ਼ਿਲਾਫ਼ ਬੇਭਰੋਸਗੀ ਮਤੇ ’ਤੇ ਮੀਟਿੰਗ ਸੱਦੀ
ਸ਼ਗਨ ਕਟਾਰੀਆ
ਬਠਿੰਡਾ, 14 ਫਰਵਰੀ
ਨਗਰ ਨਿਗਮ ਬਠਿੰਡਾ ਦੇ ਡਿਪਟੀ ਮੇਅਰ ਖ਼ਿਲਾਫ਼ ਬੇਭਰੋਸਗੀ ਮਤੇ ’ਤੇ ਵਿਚਾਰ ਕਰਨ ਲਈ ਨਿਗਮ ਦੇ ਸੰਯੁਕਤ ਕਮਿਸ਼ਨਰ ਨੇ 17 ਫਰਵਰੀ ਨੂੰ ਸਵੇਰੇ 11 ਵਜੇ ਜਨਰਲ ਹਾਊਸ ਦੀ ਵਿਸ਼ੇਸ਼ ਮੀਟਿੰਗ ਬੁਲਾ ਲਈ ਹੈ।
ਜਾਣਕਾਰੀ ਅਨੁਸਾਰ ਮੇਅਰ ਦੀ ਚੋਣ ਵਾਲੇ ਦਿਨ ਪਿਛਲੀ 5 ਫਰਵਰੀ ਨੂੰ ਡਿਪਟੀ ਮੇਅਰ ਮਾਸਟਰ ਹਰਿਮੰਦਰ ਸਿੰਘ ਖ਼ਿਲਾਫ਼ 24 ਕੌਂਸਲਰਾਂ ਵੱਲੋਂ ਬੇ-ਭਰੋਸਗੀ ਮਤਾ ਪਾਸ ਕਰਕੇ ਸੰਯੁਕਤ ਕਮਿਸ਼ਨਰ ਨੂੰ ਸੌਂਪਿਆ ਗਿਆ ਸੀ। ਉਸ ਦਿਨ 50 ਕੌਂਸਲਰਾਂ ਵਾਲੇ ਹਾਊਸ ਅੰਦਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਦਮਜੀਤ ਮਹਿਤਾ 33 ਕੌਂਸਲਰਾਂ ਦੀ ਹਮਾਇਤ ਨਾਲ ਮੇਅਰ ਵਜੋਂ ਜੇਤੂ ਰਹੇ ਸਨ।
ਗੌਰਤਲਬ ਹੈ ਕਿ ਮਨਪ੍ਰੀਤ ਸਿੰਘ ਬਾਦਲ ਹਲਕਾ ਬਠਿੰਡਾ (ਸ਼ਹਿਰੀ) ਤੋਂ ਫ਼ਤਿਹ ਹਾਸਲ ਕਰਨ ਬਾਅਦ ਕੈਪਟਨ ਸਰਕਾਰ ’ਚ ਵਿੱਤ ਮੰਤਰੀ ਬਣੇ ਸਨ। ਕੈਪਟਨ ਹਕੂਮਤ ਵਕਤ ਹੀ 50 ਕੌਂਸਲਰਾਂ ਦੇ ਹਾਊਸ ਵਾਲੇ ਨਗਰ ਨਿਗਮ ’ਚ ਕਾਂਗਰਸ ਦੇ 43 ਕੌਂਸਲਰ ਜੇਤੂ ਰਹੇ ਸਨ। ਮਨਪ੍ਰੀਤ ਬਾਦਲ ਦੀ ਨਜ਼ਰ-ਏ-ਅਨਾਇਤ ਸਦਕਾ ਰਮਨ ਗੋਇਲ ਨਿਗਮ ਨੂੰ ਮੇਅਰ ਬਣਨ ਦਾ ਸ਼ਰਫ਼ ਹਾਸਲ ਹੋਇਆ ਸੀ। ਮਨਪ੍ਰੀਤ ਬਾਦਲ ਦੀ ਭਾਜਪਾ ’ਚ ਸ਼ਮੂਲੀਅਤ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਕੌਂਸਲਰਾਂ ਦੀ ਕਤਾਰਬੰਦੀ ਕਾਰਨ ਨਿਗਮ ’ਚ ਕਾਂਗਰਸ ਗੁੱਟਬੰਦੀ ਦਾ ਸ਼ਿਕਾਰ ਹੋ ਗਈ। ਨਤੀਜਨ ਕਰੀਬ ਸਵਾ ਸਾਲ ਪਹਿਲਾਂ ਰਮਨ ਗੋਇਲ ਨੂੰ ਇਸ ਦਾ ਖ਼ਮਿਆਜ਼ਾ ਆਪਣੀ ਕੁਰਸੀ ਗੁਆ ਕੇ ਚੁਕਾਉਣਾ ਪਿਆ।
5 ਫਰਵਰੀ ਨੂੰ ਮੇਅਰ ਦੀ ਚੋਣ ਬੇਹੱਦ ਰੌਚਿਕ ਰਹੀ। ਕਾਂਗਰਸ ਦੀ ਫੁੱਟ ਸਦਕਾ ‘ਆਪ’ ਦੇ ਇਕਲੌਤੇ ਕੌਂਸਲਰ ਪਦਮਜੀਤ ਮਹਿਤਾ ਹਾਊਸ ’ਚ ਹਾਜ਼ਰ 48 ਵੋਟਰਾਂ ’ਚੋਂ 33 ਦੀਆਂ ਵੋਟਾਂ ਲੈ ਕੇ ਮੇਅਰ ਦਾ ਤਾਜ ਵਰਨ ਵਿੱਚ ਕਾਮਯਾਬ ਰਹੇ। ਉਸ ਸਮੇਂ 3 ਕੌਂਸਲਰ ਗ਼ੈਰ ਹਾਜ਼ਰ ਸਨ ਜਦਕਿ ਹਾਊਸ ’ਚ ਵੋਟ ਫ਼ਤਵਾ ਦੇਣ ਦਾ ਅਧਿਕਾਰ ਰੱਖਦੇ ਬਠਿੰਡਾ (ਸ਼ਹਿਰੀ) ਹਲਕੇ ਤੋਂ ‘ਆਪ’ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਕਥਿਤ ਪਦਮਜੀਤ ਦੇ ਵਿਰੋਧ ’ਚ ਕਾਂਗਰਸੀ ਉਮੀਦਵਾਰ ਨੂੰ ਆਪਣੀ ‘ਪਸੰਦ’ ਬਣਾਇਆ।
ਇਹ ਵੀ ਦੱਸਣਾ ਬਣਦਾ ਹੈ ਕਿ ਲੰਘੇ ਦਿਨੀਂ ਕਾਂਗਰਸ ਦੀ ਸੂਬਾਈ ਅਨੁਸਾਸ਼ਨੀ ਕਮੇਟੀ ਦੇ ਚੇਅਰਮੈਨ ਅਵਤਾਰ ਹੈਨਰੀ ਵੱਲੋਂ ‘ਕਰਾਸ’ ਵੋਟਿੰਗ ਦੇ ਸ਼ੱਕੀ 19 ਕਾਂਗਰਸੀ ਕੌਂਸਲਰਾਂ ਨੂੰ ‘ਕਾਰਣ ਦੱਸੋ’ ਨੋਟਿਸ ਜਾਰੀ ਕੇ ਜਵਾਬ ਤਲਬੀ ਕੀਤੀ ਗਈ ਸੀ। ਸੂਤਰਾਂ ਮੁਤਾਬਕ ਇਨ੍ਹਾਂ ’ਚੋਂ ਬਹੁਤੇ ਕੌਂਸਲਰਾਂ ਨੇ ਨੋਟਿਸ ਦੀ ‘ਪ੍ਰਵਾਹ’ ਨਾ ਕਰਦਿਆਂ ਉੱਤਰ ਦੇਣ ਤੋਂ ਘੇਸਲ ਵੱਟੀ ਹੋਈ ਹੈ।
ਉਧਰ ਮੇਅਰ ਦੀ ਚੋਣ ਵੇਲੇ ਤੋਂ ਨਮੋਸ਼ੀ ਦਾ ਸਾਹਮਣਾ ਕਰ ਰਹੀ ਕਾਂਗਰਸੀ ਲੀਡਰਸ਼ਿਪ ਅੱਗੇ ਡਿਪਟੀ ਮੇਅਰ ਖ਼ਿਲਾਫ਼ ਆਏ ਬੇਭਰੋਸਗੀ ਦੇ ਮਤੇ ਦਾ ਸਾਹਮਣਾ ਕਰਨ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਐਨ ਸਿਰ ’ਤੇ ਆ ਕੇ ਸ਼ੂਕ ਰਹੇ ਭਵਸਾਗਰ ਨੂੰ ਕਾਂਗਰਸ ਕਿਵੇਂ ਪਾਰ ਕਰਦੀ ਹੈ, ਇਹ ਦੋ ਦਿਨਾਂ ਬਾਅਦ ਸਪਸ਼ਟ ਹੋ ਜਾਵੇਗਾ। ਇਹ ਵੀ ਵੇਖਣਾ ਹੋਵੇਗਾ ਕਿ ਵਿਧਾਇਕ ਜਗਰੂਪ ਸਿੰਘ ਗਿੱਲ ਇਸ ਵਾਰ ਕਿਸ ਤਰਫ਼ ਭੁਗਤਦੇ ਹਨ? ਖਾਸ ਗੱਲ ਇਹ ਵੀ ਹੈ ਕਿ ਕਾਂਗਰਸ ਦੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ ਲਈ ਬੇਭਰੋਸਗੀ ਵਰਗੀ ਚੁਣੌਤੀ ਦੀ ਹਾਲੇ ਤੱਕ ਕਿਸੇ ਪਾਸਿਓਂ ਕੋਈ ਕਨਸੋਅ ਨਹੀਂ।