For the best experience, open
https://m.punjabitribuneonline.com
on your mobile browser.
Advertisement

ਬਠਿੰਡਾ ਹਲਕਾ: ਕੌਣ ਵੋਟਰਾਂ ਦੇ ਦਿਲਾਂ ਦੀਆਂ ਜਾਣੇ

07:51 AM May 09, 2024 IST
ਬਠਿੰਡਾ ਹਲਕਾ  ਕੌਣ ਵੋਟਰਾਂ ਦੇ ਦਿਲਾਂ ਦੀਆਂ ਜਾਣੇ
Advertisement

ਚਰਨਜੀਤ ਭੁੱਲਰ
ਬਠਿੰਡਾ, 8 ਮਈ
ਐਤਕੀਂ ਬਠਿੰਡਾ ਸੰਸਦੀ ਹਲਕੇ ਦਾ ਸਿਆਸੀ ਰਾਹ ਕਿਸੇ ਲਈ ਮੋਕਲਾ ਨਹੀਂ। ਹਲਕੇ ’ਚ ਤੂਫ਼ਾਨ ਤੋਂ ਪਹਿਲਾਂ ਵਾਲੀ ਸ਼ਾਂਤੀ ਹੈ। ਪਹਿਲੀ ਵਾਰ ਮੁਕਾਬਲੇ ਬਹੁਕੋਣੇ ਹੋਣੇ ਹਨ। ਕੋਈ ਦਾਅਵੇ ਨਾਲ ਨਹੀਂ ਕਹਿ ਸਕਦਾ ਕਿ ਜਿੱਤ ਉਸ ਦੀ ਝੋਲੀ ਵਿਚ ਹੈ। ਬਠਿੰਡਾ ਹਲਕੇ ’ਚ ਕਾਫ਼ੀ ਕੁਝ ਵੱਖਰਾ ਹੈ। ਪਹਿਲੀ ਦਫ਼ਾ ਹੈ ਕਿ ਅਕਾਲੀ ਦਲ ਨੂੰ ਭਾਜਪਾ ਦੀ ਰਾਜਸੀ ਢਾਰਸ ਨਹੀਂ ਮਿਲੇਗੀ ਅਤੇ ਹਰਸਿਮਰਤ ਕੌਰ ਬਾਦਲ ਦੀ ਚੋਣ ਮੁਹਿੰਮ ’ਚ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਕਮੀ ਰੜਕੇਗੀ। ਬਾਦਲਾਂ ਲਈ ਬਠਿੰਡਾ ਸੀਟ ਵਕਾਰੀ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਲਈ ਇਹ ਹਲਕਾ ਇੱਜ਼ਤ ਦਾ ਸਵਾਲ ਹੈ। ਮਾਨਸਾ ਤੇ ਬਠਿੰਡਾ ਦੇ ਪੇਂਡੂ-ਸ਼ਹਿਰਾਂ ਖੇਤਰਾਂ ’ਚ ਜਦੋਂ ਨਬਜ਼ ਟਟੋਲੀ ਤਾਂ ਵੋਟਰ ਹਰ ਉਮੀਦਵਾਰ ਦੇ ਗੁਣਾਂ ਔਗੁਣਾਂ ਦੀ ਪੋਟਲੀ ਖੋਲ੍ਹ ਕੇ ਬੈਠ ਗਏ। ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਚੌਥੀ ਵਾਰ ਸੰਸਦ ਦੀ ਪੌੜੀ ਚੜ੍ਹਨ ਲਈ ਚੋਣ ਪਿੜ ’ਚ ਉੱਤਰੀ ਹੈ। ਸ਼ਹਿਰੀ ਲੋਕ ਆਖਦੇ ਹਨ ਕਿ ਸ਼ਹਿਰਾਂ ਵਿਚ ਪ੍ਰਮੁੱਖ ਧਿਰਾਂ ਨੂੰ ਇੱਕੋ ਜਿੰਨਾ ਹਿੱਸਾ ਮਿਲੇਗਾ ਅਤੇ ਜਿੱਤ ਹਾਰ ਦਾ ਫ਼ੈਸਲਾ ਇਸ ਵਾਰ ਪਿੰਡ ਤੈਅ ਕਰਨਗੇ। ‘ਆਪ’ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦਾ ਚੰਗਾ ਅਕਸ ਵੋਟਰਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਕਾਂਗਰਸ ਨੇ ਐਨ ਮੌਕੇ ਅੰਮ੍ਰਿਤਾ ਵੜਿੰਗ ਦੀ ਟਿਕਟ ਕੱਟ ਕੇ ਜੀਤਮਹਿੰਦਰ ਸਿੰਘ ਸਿੱਧੂ ਨੂੰ ਉਮੀਦਵਾਰ ਬਣਾਇਆ ਹੈ। ਉਨ੍ਹਾਂ ਵੱਲੋਂ ਕਈ ਵਾਰ ਕੀਤੀ ਦਲਬਦਲੀ ਆਮ ਵੋਟਰਾਂ ਨੂੰ ਚੁਭ ਰਹੀ ਹੈ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਜੀਤ ਮਹਿੰਦਰ ਸਿੱਧੂ ਨੂੰ ਹਮਾਇਤ ਦਿੱਤੀ ਹੈ।
ਭਾਜਪਾ ਨੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਸਿੱਧੂ ਨੂੰ ਟਿਕਟ ਦਿੱਤੀ ਹੈ। ਅਕਾਲੀ ਦਲ (ਅੰਮ੍ਰਿਤਸਰ) ਨੇ ਲੱਖਾ ਸਿਧਾਣਾ ’ਤੇ ਦਾਅ ਖੇਡਿਆ ਹੈ। ਹਰਸਿਮਰਤ ਬਾਦਲ ਨੇ 2009 ਵਿਚ ਰਣਇੰਦਰ ਸਿੰਘ ਨੂੰ 1.20 ਲੱਖ ਵੋਟਾਂ ਨਾਲ, 2014 ਵਿਚ ਮਨਪ੍ਰੀਤ ਬਾਦਲ ਨੂੰ 19,395 ਵੋਟਾਂ ਅਤੇ 2019 ਵਿੱਚ ਰਾਜਾ ਵੜਿੰਗ ਨੂੰ 21,772 ਵੋਟਾਂ ਨਾਲ ਮਾਤ ਦਿੱਤੀ ਸੀ। ਉਦੋਂ ਜੀਤ ਮਹਿੰਦਰ ਸਿੰਘ ਸਿੱਧੂ, ਜਗਦੀਪ ਸਿੰਘ ਨਕਈ, ਸਰੂਪ ਚੰਦ ਸਿੰਗਲਾ, ਸੁਖਵਿੰਦਰ ਸਿੰਘ ਔਲਖ ਹਰਸਿਮਰਤ ਬਾਦਲ ਦੀ ਹਮਾਇਤ ਵਿੱਚ ਸਨ। ਹੁਣ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਚੁੱਪ ਹਨ ਅਤੇ ਇਸੇ ਤਰ੍ਹਾਂ ਸਾਬਕਾ ਅਕਾਲੀ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਵੀ ਸ਼ਾਂਤ ਬੈਠੇ ਹਨ। ਵੋਟਰਾਂ ਨਾਲ ਹੋਈ ਗੱਲਬਾਤ ਤੋਂ ਇਹ ਗੱਲ ਉੱਭਰੀ ਕਿ ‘ਆਪ’ ਨੂੰ ਪੇਂਡੂ ਖੇਤਰਾਂ ’ਚ ਬਿਜਲੀ ਦੇ ਜ਼ੀਰੋ ਬਿੱਲਾਂ ਅਤੇ ਆਮ ਆਦਮੀ ਕਲੀਨਿਕਾਂ ਦਾ ਲਾਹਾ ਮਿਲੇਗਾ।

Advertisement

Advertisement
Author Image

joginder kumar

View all posts

Advertisement
Advertisement
×