ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਠਿੰਡਾ: ਵਿਰੋਧ ਠੱਲ੍ਹਣ ਲਈ ਦਿਲਚਸਪੀ ਨਹੀਂ ਦਿਖਾ ਰਹੀ ਕਾਂਗਰਸ

09:20 AM Apr 22, 2024 IST
ਜੀਤ ਮਹਿੰਦਰ ਸਿੱਧੂ ਤੇ ਖ਼ੁਸ਼ਬਾਜ਼ ਜਟਾਣਾ।

ਸ਼ਗਨ ਕਟਾਰੀਆ
ਬਠਿੰਡਾ, 21 ਅਪਰੈਲ
ਸੰਸਦੀ ਹਲਕਾ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਅਤੇ ਜ਼ਿਲ੍ਹਾ ਕਾਂਗਰਸ ਬਠਿੰਡਾ (ਦਿਹਾਤੀ) ਦੇ ਪ੍ਰਧਾਨ ਖ਼ੁਸ਼ਬਾਜ਼ ਸਿੰਘ ਜਟਾਣਾ ਦਰਮਿਆਨ ਉਪਜੇ ਛੱਤੀ ਦੇ ਅੰਕੜੇ ਨੂੰ ਮਿਟਾਉਣ ਲਈ ਕਿਸੇ ਵੀ ਕਾਂਗਰਸ ਦੇ ਆਹਲਾ ਆਗੂ ਨੇ ਅਜੇ ਤੱਕ ਕੋਈ ਤਰੱਦਦ ਨਹੀਂ ਕੀਤਾ। ਸੂਤਰ ਕੁਝ ਹੋਰ ਹੀ ਬਿਆਨਦੇ ਹਨ। ਉਨ੍ਹਾਂ ਅਨੁਸਾਰ ਉੱਪਰੋਂ ਜੰਗ ‘ਸਿੱਧੂ ਬਨਾਮ ਜਟਾਣਾ’ ਅਤੇ ਅੰਦਰੋਂ ‘ਬਾਜਵਾ ਬਨਾਮ ਵੜਿੰਗ’ ਹੈ।
ਕਾਂਗਰਸ ਪਟਿਆਲਾ ਅਤੇ ਸੰਗਰੂਰ ਹਲਕਿਆਂ ’ਚ ਵੀ ਅਜਿਹੀਆਂ ਬਾਗੀ ਸੁਰਾਂ ਤੋਂ ਪੀੜਤ ਹੈ। ਉਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਹੈਸੀਅਤ ਵਜੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਠੰਢਾ ਛਿੜਕਣ ’ਚ ਰੁੱਝੇ ਹੋਏ ਹਨ ਪਰ ਬਠਿੰਡੇ ਦੀ ਤਲਖ਼ੀ ਮੇਟਣ ਲਈ ਸ੍ਰੀ ਵੜਿੰਗ ਅਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ’ਚੋਂ ਕਿਸੇ ਨੇ ਵੀ ਕੋਈ ਪਹਿਲਕਦਮੀ ਨਹੀਂ ਕੀਤੀ। ਸੂਤਰਾ ਅਨੁਸਾਰ ਕਾਂਗਰਸ ਦੀ ਪ੍ਰਦੇਸ਼ ਲੀਡਰਸ਼ਿਪ, ਪਾਰਟੀ ਵਿਚਲੇ ਵਿਰੋਧੀਆਂ ਨੂੰ ‘ਠਿੱਬੀ ਲਾਉਣ’ ਦੇ ਮੰਤਵ ਨਾਲ, ਖੇਡ ਨੂੰ ‘ਹਵਾ’ ਦੇ ਰਹੀ ਹੈ। ਜਾਣਕਾਰੀ ਮੁਤਾਬਕ ‘ਸਿੱਧੂ ਬਨਾਮ ਜਟਾਣਾ’ ਵਿਵਾਦ ਨੂੰ ਸੁਲਝਾਉਣ ਲਈ ਕਾਂਗਰਸ ਵਿਚਲਾ ਵੜਿੰਗ ਦਾ ਮੁਖ਼ਾਲਿਫ਼ ਖੇਮਾ ਕੋਈ ਰੁਚੀ ਨਹੀਂ ਵਿਖਾ ਰਿਹਾ। ਇਹ ਧੜਾ ਸਿੱਕੇ ਦੀ ‘ਚਿੱਤ’ ਅਤੇ ‘ਪੁੱਠ’ ਦੋਵਾਂ ਨੂੰ ਆਪਣੇ ਹੱਥ ’ਚ ਰੱਖ ਕੇ, ਇਸ ਮਾਮਲੇ ’ਚ ਰਾਜਾ ਵੜਿੰਗ ਦੀ ਅਗਲੀ ਕਾਰਵਾਈ ਨੂੰ ਟਿਕਟਿਕੀ ਲਾ ਕੇ ਦੇਖਣ ’ਚ ਮਸਤ ਹੈ।
ਖਾਸ ਜ਼ਿਕਰਯੋਗ ਹੈ ਕਿ ਬਠਿੰਡਾ ਤੋਂ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਟਿਕਟਾਂ ਐਲਾਨੇ ਜਾਣ ਵਾਲੇ ਪਲਾਂ ਤੱਕ, ਖੁਦ ਨੂੰ ਟਿਕਟ ਮਿਲਣ ਲਈ ਆਸਵੰਦ ਸਨ। ਇਸ ਸੰਦਰਭ ’ਚ ਸਥਿਤੀ ਦੇ ਪਲਟਾ ਖਾਣ ਤੋਂ ਬਾਅਦ ਹੁਣ ਰਾਜਾ ਵੜਿੰਗ ਨੂੰ ਭਵਿੱਖ ’ਚ ਵਿਰੋਧੀਆਂ ਦੀ ਉਂਗਲਾਂ ਨੂੰ ਉੱਠਣ ਤੋਂ ਰੋਕਣ ਲਈ ਜੀਤ ਮਹਿੰਦਰ ਸਿੱਧੂ ਦੀ ਉਮੀਦਵਾਰੀ ਨੂੰ ਤੋੜ ਸਿਰੇ ਚੜ੍ਹਾਉਣ ਤੱਕ ਸਖ਼ਤ ਯਤਨ ਜੁਟਾਉਣੇ ਪੈ ਸਕਦੇ ਹਨ।
ਇਹ ਵੀ ਸੱਚ ਹੈ ਕਿ ਪੂਰੇ ਪੰਜਾਬ ’ਚ ਚੋਣਾਂ ਦੌਰਾਨ ਕਾਂਗਰਸ ਦਾ ਬਿਹਤਰ ਪ੍ਰਦਰਸ਼ਨ, ਸੂਬਾ ਪ੍ਰਧਾਨ ਲਈ ਅੰਕ ਤਹਿ ਕਰੇਗਾ ਪਰ ਕਿਉਂਕਿ ਸੂਬਾ ਪ੍ਰਧਾਨ ਦੇ ਮਾਲਵਾ ਵਾਸੀ ਹੋਣ ਕਰਕੇ ਇਸ ਖਿੱਤੇ ’ਚ ਕਾਂਗਰਸ ਹਾਈ ਕਮਾਨ ਲਾਜ਼ਮੀ ਤੌਰ ’ਤੇ ‘ਬਿਹਤਰ’ ਦੀ ਥਾਂ ‘ਬਿਹਤਰੀਨ’ ਪ੍ਰਦਰਸ਼ਨ ਦੀ ਤਵੱਕੋਂ ਰੱਖੇਗੀ।
ਦੱਸ ਦੇਈਏ ਕਿ ਜ਼ਿਲ੍ਹਾ ਪ੍ਰਧਾਨ ਖ਼ੁਸ਼ਬਾਜ਼ ਜਟਾਣਾ ਨੇ ਲੰਘੀ 18 ਅਪਰੈਲ ਨੂੰ ਜੀਤ ਮਹਿੰਦਰ ਸਿੱਧੂ ਦੇ ‘ਖ਼ਿਲਾਫ਼’ ਆਪਣੀ ਬਠਿੰਡਾ ਸਥਿਤ ਰਿਹਾਇਸ਼ਗਾਹ ’ਤੇ ਆਪਣੇ ਸਮਰਥਕਾਂ ਨਾਲ ਸ਼ਕਤੀ ਪ੍ਰਦਰਸ਼ਨ ਕੀਤਾ ਸੀ। 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਜਟਾਣਾ ਨੇ ਕਾਂਗਰਸ ਤਰਫ਼ੋਂ ਤਲਵੰਡੀ ਸਾਬੋ ਹਲਕੇ ਤੋਂ ਇਕ ਦੂਜੇ ਖ਼ਿਲਾਫ਼ ਚੋਣ ਲੜੀ ਸੀ। ਚੋਣ ਪ੍ਰਚਾਰ ਮੌਕੇ ਤਲਖ਼ ਕਲਾਮੀ ਦੀਆਂ ਵੀਡੀਓ’ਜ਼ ਵੀ ਨਸ਼ਰ ਹੋਈਆਂ ਸਨ।

Advertisement

Advertisement