ਮੀਂਹ ਨਾਲ ਜਲ-ਥਲ ਹੋਇਆ ਬਠਿੰਡਾ ਸ਼ਹਿਰ
ਪੱਤਰ ਪ੍ਰੇਰਕ
ਬਠਿੰਡਾ, 16 ਜੁਲਾਈ
ਇੱਥੇ ਅੱਜ ਐਤਵਾਰ ਨੂੰ ਦੁਪਹਿਰ ਸਮੇਂ ਪਏ ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ ਜਲ-ਥਲ ਹੋ ਗਈਆਂ। ਮੌਨਸੂਨ ਦੇ ਤੀਜੇ ਵੱਡੇ ਮੀਂਹ ਨੇ ਪਾਣੀ ਦੇ ਨਿਕਾਸ ਲਈ ਹਰ ਸਾਲ ਕਰੋੜਾਂ ਰੁਪਏ ਦਾ ਬਜਟ ਰੱਖਣ ਵਾਲੀ ਬਠਿੰਡਾ ਨਗਰ ਨਿਗਮ ਦੇ ਪ੍ਰਬੰਧਾਂ ਦੀ ਪੋਲ ਖੁੋਲ੍ਹ ਕੇ ਰੱਖ ਦਿੱਤੀ ਹੈ। ਗੌਰਤਲਬ ਹੈ ਕਿ ਮੌਸਮ ਵਿਭਾਗ ਨੇ 13 ਤੋਂ 18 ਜੁਲਾਈ ਤੱਕ ਮੀਂਹ ਦੀ ਪੇਸ਼ੀਗਨੋਈ ਕੀਤੀ ਸੀ। ਬਠਿੰਡਾ ਸ਼ਹਿਰ ਤੋਂ ਇਲਾਵਾ ਨਜ਼ਦੀਕੀ ਪਿੰਡਾਂ ਵਿੱਚ ਝੋਨੇ ਦੇ ਖੇਤ ਪਾਣੀ ਨਾਲ ਨੱਕੋ-ਨੱਕ ਭਰ ਗਏ ਹਨ। ਅੱਜ ਬਠਿੰਡਾ ਦੇ ਅਹਿਮ ਇਲਾਕੇ ਤੇ ਕੋਰਟ ਕੰਪਲੈਕਸ ਦੀਆਂ ਸੜਕਾਂ ਪਾਣੀ ਵਿੱਚ ਡੁੱਬ ਗਈਆਂ। ਸ਼ਹਿਰ ਦੇ ਮਾਲ ਰੋਡ, ਪਰਸਰਾਮ ਨਗਰ, ਸਿਰਕੀ ਬਾਜ਼ਾਰ, ਸਲੱਮ ਖੇਤਰਾਂ ਦੀਆਂ ਸੜਕਾਂ ’ਤੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਪਹਿਲਾਂ ਬਾਦਲ ਬਠਿੰਡਾ ਨੂੰ ਕੈਲੇਫੋਰਨੀਆ ਦਾ ਦਰਜਾ ਦਿੰਦੇ ਰਹੇ ਤੇ ਬਾਅਦ ਵਿੱਚ ਤਤਕਾਲੀ ਕਾਂਗਰਸ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਆਪਣੇ ਖ਼ਜ਼ਾਨੇ ਦਾ ਮੂੰਹ ਬਠਿੰਡਾ ਵੱਲ ਖੋਲ੍ਹੀ ਰੱਖਣਾ ਦਾ ਦਾਅਵਾ ਕਰਦੇ ਰਹੇ ਹਨ। ਜ਼ਿਕਰਯੋਗ ਹੈ ਕਿ ਬਠਿੰਡਾ ਵਾਸੀ ਕਈ ਦਹਾਕਿਆਂ ਤੋਂ ਬਰਸਾਤੀ ਪਾਣੀ ਦਾ ਹੱਲ ਨਾ ਹੋਣ ਦਾ ਦੁਖੜਾ ਰੋ ਰਹੇ ਹਨ। ਡੀਸੀ ਸੌਕਤ ਅਹਿਮਦ ਪਰੇ ਵੱਲੋਂ ਮੀਂਹ ਦੇ ਮੌਸਮ ਨੂੰ ਦੇਖਦਿਆਂ ਬੀਤੇ ਹਫ਼ਤੇ ਅਫ਼ਸਰਸ਼ਾਹੀ ਨਾਲ ਮੀਟਿੰਗ ਵੀ ਕੀਤੀ ਗਈ ਸੀ। ਬੀਤੀ 5 ਅਤੇ 7 ਜੁਲਾਈ ਨੂੰ ਮੌਨਸੂਨ ਨੂੰ ਦੇਖਦੇ ਹੋਏ ਹਾਊਸ ਦੀ ਮੀਟਿੰਗ ਸੱਦੀ ਗਈ ਸੀ ਇਸ ਵਿੱਚ ਬਰਸਾਤ ਨਾਲ ਸਬੰਧਿਤ ਮਸਲੇ ਵਿਚਾਰੇ ਗਏ ਸਨ।