For the best experience, open
https://m.punjabitribuneonline.com
on your mobile browser.
Advertisement

ਬਠਿੰਡਾ: ਆਜ਼ਾਦ ਉਮੀਦਵਾਰ ਮਣੀ ਕੁਲਾਣਾ ਵੱਲੋਂ ਪਿੰਡਾਂ ਵਿੱਚ ਪ੍ਰਚਾਰ

06:31 AM Apr 28, 2024 IST
ਬਠਿੰਡਾ  ਆਜ਼ਾਦ ਉਮੀਦਵਾਰ ਮਣੀ ਕੁਲਾਣਾ ਵੱਲੋਂ ਪਿੰਡਾਂ ਵਿੱਚ ਪ੍ਰਚਾਰ
ਇੱਕ ਪਿੰਡ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਮਣੀ ਕੁਲਾਣਾ।
Advertisement

ਪੱਤਰ ਪ੍ਰੇਰਕ
ਬੋਹਾ, 27 ਅਪਰੈਲ
ਲੋਕ ਸਭਾ ਸੀਟ ਬਠਿੰਡਾ ਤੋਂ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਆਪਣੇ ਵੱਡੇ ਚਿਹਰਿਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ, ਉੱਥੇ ਬੋਹਾ ਖੇਤਰ ਦੇ ਪਿੰਡ ਕੁਲਾਣਾ ਦੇ ਨੌਜਵਾਨ ਮਣੀ ਨੇ ਵੀ ਇਸ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਆਪਣੀ ਕਿਸਮਤ ਅਜ਼ਮਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਬਾਕਾਇਦਾ ਆਪਣਾ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ। ਆਪਣੇ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਕਿਹਾ ਕਿ ਉਹ ਲੋਕਾ ਹਿੱਤਾਂ ਦੀ ਲੜਾਈ ਲੜਨ ਲਈ ਹੀ ਚੋਣ ਮੈਦਾਨ ਵਿੱਚ ਉਤਰਿਆ ਹੈ। ਉਨ੍ਹਾਂ ਕਿਹਾ ਸਿਆਸੀ ਪਾਰਟੀਆਂ ਵੱਲੋਂ ਕੀਤੇ ਵਾਅਦਿਆਂ ਅਨੁਸਾਰ ਪੰਜਾਬ ਵਿੱਚੋਂ ਨਾ ਵੀਆਈਪੀ ਕਲਚਰ ਖਤਮ ਹੋਇਆ ਹੈ ਤੇ ਨਾ ਨਸ਼ੇ ਖਤਮ ਹੋਏ ਤੇ ਨਾ ਹੀ ਭ੍ਰਿਸ਼ਟਚਾਰ। ਜੇ ਉਹ ਇਸ ਸੀਟ ਤੋਂ ਚੋਣ ਜਿੱਤਦੇ ਹਨ ਤਾਂ ਉਹ ਇਨ੍ਹਾਂ ਅਲਾਮਤਾਂ ਦੇ ਖਾਤਮੇ ਲਈ ਦਿਨ-ਰਾਤ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਉਹ ਜੇਤੂ ਹੋਣ ’ਤੇ ਲੋਕ ਸਭਾ ਵਿੱਚ ਸਾਰੇ ਪੰਜਾਬੀਆਂ ਤੇ ਕਿਸਾਨਾਂ ਦੀ ਆਵਾਜ਼ ਬਣਨਗੇ। ਉਨ੍ਹਾਂ ਕਿਹਾ ਕਿ ਵੋਟਾਂ ਵੇਲੇ ਵੋਟਰਾਂ ਨੂੰ ਬਾਪੂ ਕਹਿਣ ਵੇਲੇ ਸਿਆਸੀ ਪਾਰਟੀਆਂ ਦੇ ਉਮੀਦਵਾਰ ਚੋਣਾਂ ਜਿੱਤਣ ਤੋਂ ਬਾਅਦ ਲੋਕਾਂ ਨੂੰ ਪੂਰੀ ਤਰ੍ਹਾਂ ਭੁੱਲ ਜਾਂਦੇ ਹਨ ਤੇ ਕੋਈ ਆਮ ਬੰਦਾ ਜੇਤੂ ਬਣੇ ਲੋਕ ਸਭਾ ਮੈਂਬਰ ਨੂੰ ਆਸਾਨੀ ਨਾਲ ਨਹੀਂ ਮਿਲ ਸਕਦਾ। ਉਨ੍ਹਾਂ ਕਿਹਾ ਕਿ ਉਹ ਪਰਲ ਕੰਪਨੀ ਵੱਲੋਂ ਲੋਕਾਂ ਦੇ ਲੁੱਟੇ ਹੋਏ ਪੈਸੇ ਵਾਪਸ ਕਰਾਉਣਗੇ ਤੇ ਗੋਬਿੰਦਪੁਰਾ ਦੇ ਕਿਸਾਨਾਂ ਦੀ ਐਕੁਆਇਰ ਹੋਈ ਜ਼ਮੀਨ ਨੂੰ ਵਾਪਸ ਕਰਾਉਣ ਦੀ ਲੜਾਈ ਵੀ ਲੜਨਗੇ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਉਹ ਆਪਣੀ ਜਿੱਤ ਲਈ ਪੂਰੇ ਆਸਵੰਦ ਹਨ।

Advertisement

Advertisement
Author Image

joginder kumar

View all posts

Advertisement
Advertisement
×