ਤੰਦੂਰ ਵਾਂਗ ਤਪਿਆ ਬਠਿੰਡਾ; ਪਾਰਾ 45.5 ਡਿਗਰੀ ’ਤੇ ਪੁੱਜਿਆ
ਮਨੋਜ ਸ਼ਰਮਾ
ਬਠਿੰਡਾ, 21 ਮਈ
ਗਰਮੀ ਨੇ ਮਾਲਵਾ ਪੱਟੀ ਦੇ ਲੋਕਾਂ ਦੇ ਵੱਟ ਕੱਢ ਦਿੱਤੇ ਹਨ। ਗਰਮੀ ਕਾਰਨ ਅੱਜ ਤਿੰਨ ਵਿਅਕਤੀ ਬੇਹੋਸ਼ ਹੋ ਗਏ ਜਿਨ੍ਹਾਂ ਵਿੱਚੋਂ ਇੱਕ ਨੂੰ ਸਹਾਰਾ ਵੈਲਫ਼ੇਅਰ ਦੀ ਟੀਮ ਵੱਲੋਂ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੀਏਯੂ ਦੇ ਖ਼ੇਤਰੀ ਕੈਂਪਸ ਬਠਿੰਡਾ ਤੋਂ ਮਿਲੀ ਰਿਪੋਰਟ ਮੁਤਾਬਕ ਮੰਗਲਵਾਰ ਨੂੰ ਬਠਿੰਡਾ ਵਿੱਚ ਦਿਨ ਦਾ ਤਾਪਮਾਨ 45.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਵੱਲੋਂ ਪੇਸ਼ੀਨਗੋਈ ਕੀਤੀ ਗਈ ਹੈ ਕਿ ਆਉਣ ਵਾਲੀ 24 ਮਈ ਤੱਕ ਮੌਸਮ ਖੁਸ਼ਕ ਰਹੇਗਾ ਤੇ ਲੂ ਚੱਲਣ ਦੇ ਨਾਲ ਦਿਨ ਦਾ ਪਾਰਾ 45 ਤੋਂ 48 ਡਿਗਰੀ ਸੈਲਸੀਅਸ ਵਿਚਕਾਰ ਬਣਿਆ ਰਹੇਗਾ।
ਗੌਰਤਲਬ ਹੈ ਬਠਿੰਡਾ ਸੂਬੇ ਦਾ ਗਰਮ ਸ਼ਹਿਰ ਬਣਿਆ ਹੋਇਆ ਹੈ। ਬਠਿੰਡਾ ਇਨ੍ਹੀਂ ਦਿਨੀਂ ਰਾਜਸਥਾਨ ਦੇ ਸ਼ਹਿਰ ਜੈਪੁਰ, ਜੋਧਪੁਰ ਅਤੇ ਬੀਕਾਨੇਰ ਨਾਲੋਂ ਵੀ ਗਰਮ ਰਿਹਾ ਹੈ। ਨੌਜਵਾਨ ਗਰਮੀ ਤੋਂ ਰਾਹਤ ਪਾਉਣ ਲਈ ਸੂਏ ਤੇ ਕੱਸੀਆਂ ਵਿੱਚ ਤਾਰੀਆਂ ਲਗਾ ਰਹੇ ਹਨ। ਗੌਰਤਲਬ ਹੈ ਕਿ ਲੰਘੇ ਵਰ੍ਹਿਆਂ ਦੌਰਾਨ ਗਰਮੀ ਦੇ ਕਹਿਰ ਕਾਰਨ ਸੜਕਾਂ ਸੁੰਨੀਆਂ ਹੋ ਜਾਂਦੀਆਂ ਸਨ ਤੇ ਜ਼ਿਆਦਾਤਰ ਲੋਕ ਆਪਣੇ ਘਰਾਂ ਵਿਚ ਹੀ ਰਹਿਣ ਨੂੰ ਤਰਜੀਹ ਦਿੰਦੇ ਸਨ ਪਰ ਇਸ ਵਾਰ ਅਜਿਹਾ ਨਹੀਂ ਹੈ। ਇਸ ਵਰ੍ਹੇ ਲੋਕ ਸਭਾ ਚੋਣਾਂ ਹੋਣ ਕਾਰਨ ਸਿਆਸੀ ਆਗੂ ਤੇ ਵਰਕਰ ਗਰਮੀ ਦੇ ਬਾਵਜੂਦ ਬਾਹਰ ਜਾ ਰਹੇ ਹਨ। ਏਅਰ ਕੰਡੀਸ਼ਨਰਾਂ ਵਿੱਚ ਰਹਿਣ ਵਾਲੇ ਸਿਆਸੀ ਲੋਕਾਂ ਨੂੰ ਗਰਮੀ ਨੇ ਹਾਲੋਂ ਬੇਹਾਲ ਕਰ ਦਿੱਤਾ ਹੈ। ਜੇ ਪਾਰਾ ਇਸ ਤਰ੍ਹਾਂ ਹੀ ਵਧਦਾ ਗਿਆ ਤਾਂ ਰਾਜਸੀ ਲੋਕਾਂ ਨੂੰ ਚੋਣਾਂ ਦੀ ਗਰਮੀ ਦੇ ਨਾਲ ਨਾਲ ਮੌਸਮੀ ਗਰਮੀ ਦਾ ਵੀ ਸਾਹਮਣਾ ਕਰਨਾ ਪਵੇਗਾ।