ਬਠਿੰਡਾ ਹਵਾਈ ਅੱਡੇ ਨੂੰ ਕੌਮਾਂਤਰੀ ਬਣਾਇਆ ਜਾਵੇ: ਹਰਸਿਮਰਤ
ਮਨੋਜ ਸ਼ਰਮਾ
ਬਠਿੰਡਾ, 7 ਅਗਸਤ
ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮਮੋਹਨ ਨਾਇਡੂ ਨੂੰ ਅਪੀਲ ਕੀਤੀ ਕਿ ਬਠਿੰਡਾ ਹਵਾਈ ਅੱਡੇ ਨੂੰ ਕੌਮਾਂਤਰੀ ਬਣਾਇਆ ਜਾਵੇ ਅਤੇ ਬਠਿੰਡਾ ਤੋਂ ਕੈਨੇਡਾ ਲਈ ਕੌਮਾਂਤਰੀ ਉਡਾਣਾਂ ਸ਼ੁਰੂ ਕੀਤੀਆਂ ਜਾਣ ਤਾਂ ਜੋ ਇਥੋਂ ਜਾਣ ਵਾਲੇ ਕੌਮਾਂਤਰੀ ਵਿਦਿਆਰਥੀ ਅਤੇ ਦੋਵਾਂ ਥਾਵਾਂ ਵਿਚਾਲੇ ਸਫਰ ਕਰਨ ਵਾਲੇ ਪਰਿਵਾਰਾਂ ਨੂੰ ਇਸਦਾ ਲਾਹਾ ਮਿਲ ਸਕੇ।
ਉਨ੍ਹਾਂ ਦਿੱਲੀ-ਬਠਿੰਡਾ ਅਲਾਇੰਸ ਏਅਰ ਫਲਾਈਟ ਬੋਇੰਡ ਜਹਾਜ਼ ਦੀ ਵਰਤੋਂ ਕਰਦਿਆਂ ਰੋਜ਼ਾਨਾ ਕਰਨ ਦੀ ਮੰਗ ਕੀਤੀ ਤੇ ਨਾਲ ਹੀ ਉਡਾਣ ਸਕੀਮ ਤਹਿਤ ਖੇਤਰੀ ਕੁਨੈਕਟੀਵਿਟੀ ਨੂੰ ਉਤਸ਼ਾਹਿਤ ਕਰਨ ਦੀ ਵੀ ਮੰਗ ਕੀਤੀ। ਉਨ੍ਹਾਂ ਨੇ ਸਿੱਖਾਂ ਦੇ ਦੋ ਪਵਿੱਤਰ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਚਾਲੇ ਉਡਾਣਾਂ ਸ਼ੁਰੂ ਕਰਨ ਦੀ ਵੀ ਮੰਗ ਕੀਤੀ।
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਬਠਿੰਡਾ ਅਜਿਹੀ ਥਾਂ ਹੈ ਜੋ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਅੱਠ ਜ਼ਿਲ੍ਹਿਆਂ ਦੇ ਨਾਲ ਲੱਗਦਾ ਹੈ ਜਿਸਦੇ ਇਕ ਪਾਸੇ ਹਰਿਆਣਾ ਵਿਚ ਸਿਰਸਾ ਤੋਂ ਲੈ ਕੇ ਰਾਜਸਥਾਨ ਵਿਚ ਸ੍ਰੀ ਗੰਗਾਨਗਰ ਪੈਂਦਾ ਹੈ ਜਦਕਿ ਪੰਜਾਬ ਦੇ ਸੰਗਰੂਰ, ਮਾਨਸਾ, ਫਿਰੋਜ਼ਪੁਰ ਤੇ ਫਰੀਦਕੋਟ ਜ਼ਿਲ੍ਹੇ ਵੀ ਇਸਦੇ ਨਾਲ ਲੱਗਵੇਂ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਦੀ ਅਹਿਮੀਅਤ ਇਸ ਦੀ ਭੂਗੋਲਿਕ ਸਥਿਤੀ ਨਾਲੋਂ ਕਿਤੇ ਜ਼ਿਆਦਾ ਹੈ ਕਿਉਂਕਿ ਇਸੇ ਦੁਆਲੇ ਏਸ਼ੀਆ ਦੀ ਸਭ ਤੋਂ ਵੱਡੀ ਫੌਜੀ ਛਾਉਣੀ, ਹਵਾਈ ਫੌਜ ਸਟੇਸ਼ਨ, ਇਕ ਕੇਂਦਰੀ ਸਟੇਸ਼ਨ, ਇਕ ਵੱਡੀ ਤੇਲ ਰਿਫਾਇਨਰੀ, ਤਿੰਨ ਥਰਮਲ ਪਲਾਂਟ ਤੇ ਸਿੱਖਾਂ ਦਾ ਇਕ ਤਖਤ-ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵੀ ਸਥਿਤ ਹੈ।
ਉਨ੍ਹਾਂ ਕਿਹਾ ਕਿ ਇਸਦੇ ਆਲੇ ਦੁਆਲੇ 300 ਕਿਲੋਮੀਟਰ ਤੱਕ ਕੋਈ ਹਵਾਈ ਅੱਡਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸੇ ਤਰੀਕੇ ਦਿੱਲੀ-ਬਠਿੰਡਾ ਅਲਾਇੰਸ ਏਅਰ ਉਡਾਣ ਸ਼ੁਰੂ ਕਰਨ ਨਾਲ ਖਿੱਤੇ ਦਾ ਆਰਥਿਕ ਤੇ ਸਮਾਜਿਕ ਵਿਕਾਸ ਹੋ ਸਕੇਗਾ। ਉਨ੍ਹਾਂ ਕਿਹਾ ਕਿ ਦਿੱਲੀ-ਬਠਿੰਡਾ-ਦਿੱਲੀ ਫਲਾਈਟ 2016 ਵਿਚ ਸ਼ੁਰੂ ਕੀਤੀ ਗਈ ਸੀ ਜੋ ਹਫਤੇ ਵਿਚ ਪੰਜ ਵਾਰ ਚੱਲਦੀ ਸੀ ਤੇ ਇਸ ਵਿਚ 80 ਫੀਸਦੀ ਸੀਟਾਂ ਭਰ ਜਾਂਦੀਆਂ ਸਨ, ਪਰ ਕਰੋਨਾ ਕਾਲ ਵਿਚ ਇਹ ਉਡਾਣ ਬੰਦ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਤੰਬਰ 2023 ਤੋਂ ਬਠਿੰਡਾ-ਹਿੰਡਨ-ਬਠਿੰਡਾ ਉਡਾਣ ਏ ਟੀ ਆਰ ਜਹਾਜ਼ ਦੀ ਵਰਤੋਂ ਕਰਦਿਆਂ ਸ਼ੁਰੂ ਕੀਤੀ ਗਈ ਹੈ ਪਰ ਇਸਦੀ ਥਾਂ ਦਿੱਲੀ-ਬਠਿੰਡਾ ਅਲਾਇੰਸ ਉਡਾਣ ਸ਼ੁਰੂ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਦੋ ਤਖ਼ਤਾਂ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਤੇ ਤਖਤ ਸ੍ਰੀ ਪਟਨਾ ਸਾਹਿਬ ਨੂੰ ਜੋੜਦਿਆਂ ਫਲਾਈਟ ਸ਼ੁਰੂ ਕਰਨ ਨਾਲ ਸਿੱਖ ਸ਼ਰਧਾਲੂਆਂ ਨੂੰ ਵੱਡੀ ਸਹੂਲਤ ਮਿਲ ਸਕੇਗੀ ਅਤੇ ਉਹਨਾਂ ਨੇ ਸਿੱਖ ਕੌਮ ਦੇ ਲੰਬੇ ਸਮੇਂ ਤੋਂ ਲੰਬਿਤ ਇਹ ਮੰਗ ਪੂਰੀ ਕਰਨ ਦੀ ਅਪੀਲ ਵੀ ਕੀਤੀ।