ਬਠਿੰਡਾ: 13ਵੇਂ ਨਾਟਿਅਮ ਥੀਏਟਰ ਫੈਸਟੀਵਲ ਦਾ ਰੰਗਾਰੰਗ ਆਗਾਜ਼
ਮਨੋਜ ਸ਼ਰਮਾ
ਬਠਿੰਡਾ, 15 ਨਵੰਬਰ
13ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦਾ ਆਗਾਜ਼ ਉੱਤਰ ਖੇਤਰ ਸੱਭਿਆਚਾਰ ਕੇਂਦਰ ਪਟਿਆਲਾ ਅਤੇ ਸੱਭਿਆਚਾਰ ਮੰਤਰਾਲਾ ਭਾਰਤ ਸਰਕਾਰ ਦੇ ਸਹਿਯੋਗ ਨਾਲ ਨਾਟਕ ‘ਅਲਬੇਲਾ ਗਾਓਂ’ ਦੀ ਪੇਸ਼ਕਾਰੀ ਨਾਲ਼ ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਵਿੱਚ ਹੋਇਆ। ਨਾਟਕ ਨੇ ਅਲੋਪ ਹੋ ਰਹੀਆਂ ਭਾਰਤੀ ਭਾਸ਼ਾਵਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ। ਪਾਤਰਾਂ ਦੇ ਸ਼ਾਨਦਾਰ ਅਭਿਨੈ ’ਤੇ ਆਡੀਟੋਰੀਅਮ ਤਾੜੀਆਂ ਨਾਲ ਗੂੰਜਿਆ। 13ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਉਦਘਾਟਨੀ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਅਮਨ ਅਰੋੜਾ ਪਹੰਚੇ। ਉਨ੍ਹਾਂ ਦੇ ਨਾਲ਼ ਹਲਕਾ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ, ਧਰਮਕੋਟ ਤੋਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਅਤੇ ਨੀਲ ਗਰਗ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਅਮਨ ਅਰੋੜਾ ਨੇ ਨਾਟਿਅਮ ਥੀਏਟਰ ਗਰੁੱਪ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਬਲਵੰਤ ਗਾਰਗੀ ਆਡੀਟੋਰੀਅਮ ਨੂੰ ਬਠਿੰਡਾ ਵਿਖੇ ਬਣਵਾਉਣ ਲਈ ਕੀਤੇ ਉੱਦਮਾਂ ਲਈ ਨਾਟਿਅਮ ਡਾਇਰੈਕਟਰ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਸਮੇਤ ਸਮੂਹ ਟੀਮ ਨੂੰ ਵਧਾਈ ਦਿੱਤੀ। ਨਾਟਿਅਮ ਦੇ ਸਰਪ੍ਰਸਤ ਡਾ. ਗੁਰਿੰਦਰਪਾਲ ਸਿੰਘ ਬਰਾੜ, ਡਾ. ਪੂਜਾ ਗੁਪਤਾ ਅਤੇ ਸੁਦਰਸ਼ਨ ਗੁਪਤਾ ਨੇ ਸਾਂਝੇ ਤੌਰ ‘ਤੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਇਸ ਥੀਏਟਰ ਫੈਸਟੀਵਲ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਈਆਂ ਨਾਟ-ਮੰਡਲੀਆਂ 15 ਨਾਟਕ ਪੇਸ਼ ਕਰਨਗੀਆਂ। ਉਨ੍ਹਾਂ ਸਹਿਯੋਗ ਲਈ ਉੱਤਰ ਖੇਤਰ ਸੱਭਿਆਚਾਰ ਕੇਂਦਰ ਪਟਿਆਲਾ, ਸੱਭਿਆਚਾਰ ਮੰਤਰਾਲਾ ਭਾਰਤ ਸਰਕਾਰ ਅਤੇ ਮਿਉਂਸਿਪਲ ਕਾਰਪੋਰੇਸ਼ਨ ਬਠਿੰਡਾ ਦਾ ਵੀ ਧੰਨਵਾਦ ਕੀਤਾ। ਮਇਸ ਮੌਕੇ ਸਿਲਵਰ ਓਕਸ ਗਰੁੱਪ ਦੇ ਡਾਇਰੈਕਟਰ ਇੰਦਰਜੀਤ ਸਿੰਘ ਬਰਾੜ, ਸੁਖਦੀਪ ਸਿੰਘ ਢਿੱਲੋਂ ਐੱਮਸੀ, ਨਾਟਿਅਮ ਦੇ ਪ੍ਰਧਾਨ ਸੁਰਿੰਦਰ ਕੌਰ, ਈਵੈਂਟ ਮੈਨੇਜਰ ਗੁਰਨੂਰ ਸਿੰਘ ਤੇ ਹੋਰ ਮੌਜੂਦ ਸਨ।