ਬੀਏਟੀਸੀ: ਹਾਂਗਕਾਂਗ ਨੂੰ ਹਰਾ ਕੇ ਭਾਰਤੀ ਮਹਿਲਾ ਟੀਮ ਨੇ ਇਤਿਹਾਸਕ ਤਗ਼ਮਾ ਪੱਕਾ ਕੀਤਾ
ਸ਼ਾਹ ਆਲਮ (ਮਲੇਸ਼ੀਆ): ਭਾਰਤੀ ਮਹਿਲਾ ਬੈਡਮਿੰਟਨ ਟੀਮ ਨੇ ਅੱਜ ਇੱਥੇ ਕੁਆਰਟਰ ਫਾਈਨਲ ’ਚ ਹਾਂਗਕਾਂਗ ’ਤੇ 3-0 ਨਾਲ ਜਿੱਤ ਦਰਜ ਕਰਦਿਆਂ ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ (ਬੀਏਟੀਐੱਸ) ਵਿੱਚ ਆਪਣਾ ਪਹਿਲਾ ਤਗ਼ਮਾ ਪੱਕਾ ਕੀਤਾ, ਜਦਕਿ ਪੁਰਸ਼ ਟੀਮ ਕੁਆਰਟਰ ਫਾਈਨਲ ਵਿੱਚ ਜਾਪਾਨ ਤੋਂ 2-3 ਨਾਲ ਹਾਰ ਗਈ। ਸਿਖਰਲਾ ਦਰਜਾ ਪ੍ਰਾਪਤ ਚੀਨ ਨੂੰ ਹਰਾ ਕੇ ਗਰੁੱਪ ਸਟੇਜ ਵਿੱਚ ਸਿਖਰ ’ਤੇ ਰਹਿਣ ਮਗਰੋਂ ਭਾਰਤ ਨੇ ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂੁ, ਅਸ਼ਮਿਤਾ ਚਾਹਿਲਾ ਅਤੇ ਅਸ਼ਿਵਨੀ ਪੋਨੱਪਾ ਤੇ ਤਨੀਸ਼ਾ ਕਰਾਸਟੋ ਦੀ ਡਬਲਜ਼ ਜੋੜੀ ਦੀ ਜਿੱਤ ਸਦਕਾ ਹਾਂਗਕਾਂਗ ਨੂੰ ਹਰਾਇਆ। ਹੁਣ ਭਾਰਤ ਦਾ ਮੁਕਾਬਲਾ ਜਾਪਾਨ ਅਤੇ ਚੀਨ ਦਰਮਿਆਨ ਹੋਣ ਵਾਲੇ ਇੱਕ ਹੋਰ ਕੁਆਰਟਰ ਫਾਈਨਲ ਦੇ ਜੇਤੂ ਨਾਲ ਹੋਵੇਗਾ। ਸੱਟ ਕਾਰਨ ਲੰਬੇ ਸਮੇਂ ਮਗਰੋਂ ਵਾਪਸੀ ਕਰਦਿਆਂ ਸਿੰਧੂ ਨੇ ਆਪਣੇ ਤੋਂ ਹੇਠਲੀ ਰੈਂਕਿੰਗ ਵਾਲੀ ਲੋ ਸਿਨ ਯਾਨ ਹੈਪੀ ਖ਼ਿਲਾਫ਼ ਸਖ਼ਤ ਮੁਕਾਬਲੇ ਵਿੱਚ 21-7, 16-21, 21-12 ਨਾਲ ਜਿੱਤ ਦਰਜ ਕੀਤੀ। ਇਸ ਮਗਰੋਂ ਤਨੀਸ਼ਾ ਅਤੇ ਅਸ਼ਿਵਨੀ ਦੀ ਮਹਿਲਾ ਡਬਲਜ਼ ਜੋੜੀ ਨੇ ਯੇਯੁੰਗ ਨੇਗਾ ਟਿੰਗ ਅਤੇ ਯੇਯੁੰਗ ਪੂਈ ਲੈਮ ਦੀ ਦੁਨੀਆ ਦੀ 18ਵੇਂ ਨੰਬਰ ਦੀ ਜੋੜੀ ਨੂੰ 35 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 21-10, 21-14 ਨਾਲ ਹਰਾ ਕੇ ਭਾਰਤ ਦੀ ਲੀਡ ਦੁੱਗਣੀ ਕੀਤੀ। ਅਸ਼ਮਿਤਾ ਨੇ ਯੇਯੁੰਗ ਸੁਮ ਯੀ ’ਤੇ 21-12, 21-13 ਨਾਲ ਸੌਖੀ ਜਿੱਤ ਸਦਕਾ ਭਾਰਤ ਦੀ ਜਿੱਤ ਯਕੀਨੀ ਬਣਾਈ ਅਤੇ ਟੀਮ ਲਈ ਘੱਟੋ-ਘੱਟ ਕਾਂਸੇ ਦਾ ਤਗ਼ਮਾ ਪੱਕਾ ਕੀਤਾ। -ਪੀਟੀਆਈ