ਬੱਲੇ ਓ ਸ਼ੇਰਾ! ਜਿਊਂਦਾ ਰਹਿ
ਸੁਰਿੰਦਰ ਸਿੰਘ ਰਾਏ
ਬਾਰ੍ਹਵੀਂ ਤਾਂ ਕੀ ਕਰ ਲਈ, ਰਾਜ ਕੁਮਾਰ ਦੀ ਤਾਂ ਚਾਲ-ਢਾਲ ਈ ਵਿਗੜ ਗਈ ਸੀ। ਜਣੇ-ਖਣੇ ਨੂੰ ਉਹ ਟਿੱਚ ਹੀ ਜਾਣਦਾ। ਆਪਣੇ ਜੋਟੀਦਾਰਾਂ ਵਿੱਚ ਚੱਬ-ਚੱਬ ਇਉਂ ਗੱਲਾਂ ਮਾਰਦਾ ਜਿਵੇਂ ਵਕਾਲਤ ਪਾਸ ਕਰ ਲਈ ਹੋਵੇ। ਪਰ ਉਹਦੀ ਇੱਕ ਖ਼ੂਬੀ ਸੀ, ਆਪਣੇ ਸਰੀਰ ਦਾ ਬੜਾ ਖ਼ਿਆਲ ਰੱਖਦਾ ਸੀ। ਡੰਡ ਬੈਠਕਾਂ ਮਾਰਨੀਆਂ, ਕੁਸ਼ਤੀ ਕਰਨੀ, ਰੋਜ਼ ਦੌੜ ਲਾਉਣੀ, ਉਸ ਦੇ ਅਵੱਲੇ ਹੀ ਸ਼ੌਕ ਸਨ। ਉਹ ਆਪਣੀ ਚੌੜੀ ਛਾਤੀ ਤੇ ਮੋਟੇ-ਮੋਟੇ ਡੌਲਿਆਂ ਨੂੰ ਸ਼ੀਸ਼ੇ ਮੂਹਰੇ ਖੜ੍ਹ ਕੇ ਲੰਮਾ-ਲੰਮਾ ਸਮਾਂ ਨਿਹਾਰਦਾ ਰਹਿੰਦਾ। ਆਪਣੇ ਡੀਲ-ਡੌਲ ਜਿਸਮ ਨੂੰ ਵੇਖ-ਵੇਖ ਬੜੀ ਫੂੰ-ਫਾਂ ਕਰਦਾ।
“ਰਾਜ, ਤੈਨੂੰ ਬਾਰ੍ਹਵੀਂ ਕੀਤੀ ਨੂੰ ਚਾਰ-ਪੰਜ ਸਾਲ ਹੋ ਗਏ ਆ, ਜੇ ਕੋਈ ਹੋਰ ਨੌਕਰੀ ਨ੍ਹੀਂ ਮਿਲਦੀ ਤਾਂ ਕਿਤੇ ਕਲਾਸ ਫੋਰ ਈ ਲੱਗ ਜਾ ਕਿ ਸਾਰੀ ਉਮਰ ਪਿੰਡ ਦੀਆਂ ਗਲੀਆਂ ਈ ਛੇਤੜਦੇ ਰਹਿਣਾ।” ਇੱਕ ਦਿਨ ਰਾਜ ਦੇ ਇੱਕ ਹਮ-ਜਮਾਤੀ ਨੇ ਉਸ ਨੂੰ ਮਸ਼ਵਰਾ ਦਿੱਤਾ। ਰਾਜ ਨੂੰ ਇਹ ਗੱਲ ਸੂਲ਼ ਵਾਂਗ ਚੁਭੀ। ਉਸ ਨੇ ਉਹਦੇ ਵੱਲ ਘੁਰੱਖੜੀਆਂ ਵੇਖਿਆ ਤੇ ਆਪਣੀ ਕਮੀਜ਼ ਦੀਆਂ ਬਾਹਾਂ ਨੂੰ ਡੌਲਿਆਂ ਤੋਂ ਉਤਾਂਹ ਚੁੱਕ ਬੋਲਿਆ, “ਓਏ ਬਾਲੂ, ਐਧਰ ਵੇਖ ਮੇਰੇ ਵੱਲ! ਯਾਰਾਂ ਨੇ ਕੋਈ ਦੁੱਕੀ-ਤਿੱਕੀ ਨੌਕਰੀ ਤਾਂ ਕਰਨੀ ਨ੍ਹੀਂ ਐਂ। ਜੇ ਕਰਨੀ ਆ ਤਾਂ ਪੁਲੀਸ ਦੀ ਨੌਕਰੀ ਈ ਕਰਨੀ ਆ। ਕਿਤੇ ਅੱਗੇ ਤੋਂ ਨਾ ਮੈਨੂੰ ਹਾਅ ਗੱਲ ਕਹਿ ਦੇਈਂ। ਸਮਝਿਆ!”
ਬਲਰਾਮ ਨੇ ਰਾਜ ਦੇ ਗੁੱਸੇ ਵਾਲਾ ਰੌਂਅ ਤਾੜ ਕੇ ਝੱਟ ਪਾਸਾ ਪਰਤਿਆ, “ਰਾਜ, ਵਾਕਈ ਤੇਰੀ ਗੱਲ ਠੀਕ ਆ ਬਈ। ਤੇਰੇ ਵਰਗੇ ਗੁੰਦਵੇਂ ਸਰੀਰ ਵਾਲੇ ਮੁੰਡੇ ਕਿਹੜੇ ਸੌਖੇ ਮਿਲਦੇ ਐ। ਤੂੰ ਤਾਂ ਪੁਲੀਸ ਵਿੱਚ ਭਰਤੀ ਹੋਇਆ ਕਿ ਹੋਇਆ।” ਕਿਸੇ ਲੜਾਈ ਝਗੜੇ ਦੇ ਡਰੋਂ ਬਲਰਾਮ ਨੇ ਉਸ ਨੂੰ ਹੋਰ ਫੂਕ ਛਕਾ ਦਿੱਤੀ।
ਹੁਣ ਰਾਜ ਵੀ ਕੁਝ ਸਹਿਜ ਹੋ ਗਿਆ ਸੀ, ਜਿਵੇਂ ਉਸ ਦਾ ਘੁਮੰਡ ਕੁਝ ਸ਼ਾਂਤ ਹੋ ਗਿਆ ਹੋਵੇ। ਫਿਰ ਉਹ ਆਪਣੇ ਸੁਭਾਅ ਅਨੁਸਾਰ ਉਸ ਨਾਲ ਚਾਂਭਲ-ਚਾਂਭਲ ਗੱਲਾਂ ਮਾਰਨ ਲੱਗਾ। ਸਮਾਂ ਪੁਲਾਂਘਾਂ ਪੁੱਟਦਾ ਗਿਆ। ਰਾਜ ਕਈ ਵਾਰ ਪੁਲੀਸ ਨੌਕਰੀ ਲਈ ਅਪਲਾਈ ਕਰ ਚੁੱਕਾ ਸੀ, ਪਰ ਉਸ ਦਾ ਕਿਧਰੇ ਹੱਥ ਨਹੀਂ ਸੀ ਪੈ ਰਿਹਾ। ਫਿਰ ਵੀ ਰਾਜ ਨੇ ਦਿਲ ਨਹੀਂ ਸੀ ਹਾਰਿਆ। ਜਦੋਂ ਵੀ ਉਹ ਗੱਲ ਕਰਦਾ, ਪੁਲੀਸ ਦੀ ਹੀ ਕਰਦਾ, ਜਿਵੇਂ ਇਹ ਜਨੂੰਨ ਉਸ ਦੇ ਸਿਰ ਚੜ੍ਹ ਬੋਲਦਾ ਹੋਵੇ। ਖਾਸੇ ਲੰਮੇ ਸਮੇਂ ਬਾਅਦ ਅਚਾਨਕ ਇੱਕ ਵਾਰ ਫਿਰ ਪੁਲੀਸ ਦੀ ਭਰਤੀ ਦਾ ਇਸ਼ਤਿਹਾਰ ਅਖ਼ਬਾਰ ਵਿੱਚ ਛਪਿਆ ਤਾਂ ਰਾਜ ਨੇ ਬੜੇ ਉਤਸ਼ਾਹ ਨਾਲ ਭਰਤੀ ਹੋਣ ਲਈ ਫਾਰਮ ਭਰਿਆ। ਸਰੀਰਕ ਟੈਸਟ ਵਿੱਚੋਂ ਉਹ ਸੌਖਿਆਂ ਹੀ ਪਾਸ ਹੋ ਗਿਆ ਸੀ, ਪਰ ਬਾਅਦ ਵਿੱਚ ਥੋੜ੍ਹੇ ਜਿਹੇ ਜੈੱਕ ਦੀ ਲੋੜ ਸੀ। ਉਸ ਦਾ ਕਿਧਰੇ ਵੀ ਹੱਥ ਨਹੀਂ ਸੀ ਪੈ ਰਿਹਾ। ਉਹ ਕਈ ਦਿਨ ਉਦਾਸ-ਉਦਾਸ ਹੀ ਘੁੰਮਦਾ ਰਿਹਾ।
“ਰਾਜ, ਸਾਡੇ ਪਿੰਡ ਦਾ ਕਸ਼ਮੀਰ ਐ ਨਾ, ਪੰਚ ਸੋਹਣ ਦਾ ਮੁੰਡਾ, ਉਹ ਪੁਲੀਸ ਵਿੱਚ ਆ। ਸੁਣਿਆ, ਉਹਦੀ ਮਹਿਕਮੇ ਵਿੱਚ ਚੰਗੀ ਚੱਲਦੀ ਆ। ਪੁਲੀਸ ਦੇ ਕਿਸੇ ਵੱਡੇ ਅਫ਼ਸਰ ਨਾਲ ਗੰਢ-ਤੁੱਪ ਐ ਓਹਦੀ। ਤੂੰ ਓਹਦੇ ਨਾਲ ਗੱਲ ਕਰ ਤਾਂ।” ਕਈ ਦਿਨਾਂ ਤੋਂ ਆਪਣੇ ਪੁੱਤ ਨੂੰ ਉਦਾਸ ਵੇਖ ਇੱਕ ਦਿਨ ਦੇਵ ਰਾਜ ਨੇ ਉਸ ਨੂੰ ਸਲਾਹ ਦਿੱਤੀ।
“ਬਾਪੂ, ਆਹ ਬਣੀ ਨਾ ਗੱਲ। ਕਦੇ-ਕਦੇ ਤਾਂ ਤੂੰ ਵੀ ਵਧੀਆ ਸਲਾਹ ਦੇ ਦਿੰਨਾਂ ਐਂ। ਮੈਂ ਹੁਣੇ ਜਾ ਕੇ ਉਹਦੇ ਨਾਲ ਗੱਲ ਕਰਦੈਂ।” ਇੰਜ ਆਖ ਰਾਜ ਖ਼ੁਸ਼ੀ ਵਿੱਚ ਉਮਕਿਆ ਤੇ ਸਿੱਧਾ ਕਸ਼ਮੀਰ ਦੇ ਘਰ ਜਾ ਪੁੱਜਿਆ।
“ਰਾਜ, ਇੱਕ ਗੱਲ ਆ ਬਈ। ਤੈਨੂੰ ਪਤਾ ਈ ਆ ਕਿ ਘੁੰਮਣ-ਫਿਰਨ ’ਤੇ ਕਿੰਨਾ ਖ਼ਰਚ ਆਉਂਦੈ। ਅਫ਼ਸਰਾਂ ਦੀ ਟਹਿਲ-ਸੇਵਾ ਵੀ ਕਰਨੀ ਪੈਂਦੀ ਆ ਤੇ ਉੱਤੋਂ ਸਿਫਾਰਸ਼ ਵੱਖਰੀ। ਮੁਫ਼ਤ ਵਿੱਚ ਤਾਂ ਅੱਜਕੱਲ੍ਹ ਕੋਈ ਕਿਸੇ ਨੂੰ ਬੁਲਾਉਂਦਾ ਤੱਕ ਨ੍ਹੀਂ ਐਂ।” ਰਾਜ ਦੀ ਸਾਰੀ ਗੱਲ ਸੁਣ ਕੇ ਕਸ਼ਮੀਰ ਨੇ ਅਸਲੀਅਤ ਦੱਸੀ।
“ਕਸ਼ਮੀਰ ਕਿੰਨਾ ਕੁ ਖ਼ਰਚਾ ਆ ਜਾਊਗਾ?” ਫਿਰ ਰਾਜ ਨੇ ਬੜੇ ਗ਼ੌਰ ਨਾਲ ਪੁੱਛਿਆ।
“ਆਹੀ ਕੋਈ ਪੰਜਾਹ ਕੁ ਹਜ਼ਾਰ ਰੁਪਈਆ।”
“ਬਈ ਮਿੱਤਰਾ, ਇੰਨੀ ਤਾਂ ਆਪਣੇ ਕੋਲ ਗੁੰਜਾਇਸ਼ ਨ੍ਹੀਂ ਐਂ। ਆਪਾਂ ਤਾਂ ਦਿਹਾੜੀਦਾਰ ਬੰਦੇ ਆਂ। ਸਿਫਾਰਸ਼ ਨਾਲ ਕੰਮ ਕਰਾਉਣਾ ਤਾਂ ਕਰਾ ਦੇ।” ਰਾਜ ਨੇ ਕੋਰੀ ਗੱਲ ਆਖੀ।
“ਰਾਜ, ’ਕੱਲੀ ਸਿਫਾਰਸ਼ ਕੁਝ ਨ੍ਹੀਂ ਕਰਦੀ। ਨਾਲ ਥੋੜ੍ਹੀ-ਬਹੁਤੀ ਸੇਵਾ-ਪਾਣੀ ਤਾਂ ਕਰਨੀ ਈ ਪੈਂਦੀ ਆ।”
“ਕਸ਼ਮੀਰ, ਤਾਂ ਫਿਰ ਤੂੰ ਵੀ ਮੇਰੀ ਗੱਲ ਸੁਣ ਲੈ। ਭਰਤੀ ਹੋਣਾ ਤਾਂ ਹਿੱਕ ਦੇ ਜ਼ੋਰ ਨਾਲ ਹੋਣਾ। ਐਵੇਂ ਕਿਸੇ ਦੀਆਂ ਮਿੰਨਤਾਂ-ਤਰਲੇ ਕਰਕੇ ਨ੍ਹੀਂ ਹੋਣਾ। ਤੈਨੂੰ ਪਤਾ ਨ੍ਹੀਂ ਮੈਂ ਕਿੱਦਾਂ ਕਹਿ ਦਿੱਤਾ।”
ਰਾਜ ਅੱਜ ਫਿਰ ਆਪਣੀ ਆਈ ’ਤੇ ਆ ਗਿਆ ਸੀ। ਅੜਵਾਈ ਉਸ ਦਾ ਸੁਭਾਅ ਸੀ, ਪਰ ਉਹ ਦਿਲ ਦਾ ਮਾੜਾ ਨਹੀਂ ਸੀ। ਸਾਰਾ ਪਿੰਡ ਉਸ ਦੇ ਅਜਿਹੇ ਸੁਭਾਅ ਦਾ ਭੇਤੀ ਸੀ। ਕਸ਼ਮੀਰ ਨੇ ਵੀ ਉਸ ਦੇ ਆਖੇ ਦਾ ਰੰਜ ਨਾ ਮਨਾਇਆ। “ਰਾਜ, ਮੈਂ ਤੇਰੀ ਐਨੀ ਮਦਦ ਤਾਂ ਕਰ ਸਕਦਾਂ ਬਈ, ਜੇ ਤੇਰੇ ਕੋਲ ਹੁਣ ਪੈਸੇ ਹੈਨ੍ਹੀਂ ਤਾਂ ਪੰਜ-ਛੇ ਮਹੀਨੇ ਬਾਅਦ ਨੌਕਰੀ ਲੱਗਣ ’ਤੇ ਦੇ ਦੇਈਂ। ਤੂੰ ਮੈਨੂੰ ਆਪਣੇ ਪਿੰਡ ਦੇ ਲੰਬੜ ਪਰਮਜੀਤ ਕੋਲੋਂ ਮਾੜੀ ਜਿਹੀ ਜ਼ਿੰਮੇਵਾਰੀ ਚੁਕਾ ਦੇ। ਫਿਰ ਮੈਂ ਜਾਣਾ ਮੇਰਾ ਕੰਮ ਜਾਣੇ।” ਕਸ਼ਮੀਰ ਨੇ ਲਿਹਾਜ਼ ਵਜੋਂ ਉਸ ਨੂੰ ਫਿਰ ਸਮਝਾਇਆ।
“ਕਸ਼ਮੀਰ, ਤੈਨੂੰ ਮੈਂ ਪਹਿਲਾਂ ਵੀ ਦੱਸਿਆ, ਨੌਕਰੀ ਮਿਲੇ ਜਾਂ ਨਾ ਮਿਲੇ, ਕਿਸੇ ਦੇ ਥੱਲੇ ਲੱਗ ਕੇ ਨ੍ਹੀਂ ਲੈਣੀ।” ਰਾਜ ਆਪਣੇ ਹੱਟੇ-ਕੱਟੇ ਜਿਸਮ ਵੱਲ ਵੇਖਦਾ ਹੋਇਆ ਗੁੱਸੇ ਵਿੱਚ ਇੰਝ ਆਖ ਵਾਹੋ-ਦਾਹੀ ਉੱਥੋਂ ਉੱਠਿਆ ਤੇ ਆਪਣੇ ਘਰ ਵੱਲ ਨੂੰ ਹੋ ਤੁਰਿਆ।
“ਬਾਪੂ, ਵੇਖ ਲੈ! ਤੇਰੇ ਮੁੰਡੇ ਨੂੰ ਮੈਂ ਬਥੇਰਾ ਕਹਿ ਹਟਿਆ ਬਈ ਜੇ ਤੈਂ ਪੁਲੀਸ ਦੀ ਨੌਕਰੀ ਕਰਨੀ ਆ ਤਾਂ ਪੰਜਾਹ ਹਜ਼ਾਰ ਦਾ ਜੁਗਾੜ ਕਰ ਲੈ। ਉਹ ਮੰਨਿਆ ਈ ਨ੍ਹੀਂ। ਮੈਂ ਤਾਂ ਉਹਨੂੰ ਇਹ ਵੀ ਕਿਹਾ ਸੀ ਕਿ ਜੇ ਤੇਰੇ ਕੋਲ ਪੈਸੇ ਅਜੇ ਹੈ ਨ੍ਹੀਂ ਤਾਂ ਨੌਕਰੀ ਲੱਗ ਕੇ ਦੇ ਦੇਈਂ। ਫਿਰ ਵੀ ਗੱਲ ਨ੍ਹੀਂ ਗੌਲ਼ੀ। ਆਪਣੇ ਪਿੰਡ ਦੇ ਜੱਸਾ ਤੇ ਕੈਲਾ ਬੜੇ ਵਧੀਆ ਭਰਤੀ ਹੋ ਗਏ ਆ। ਇਹ ਸਮਾਂ ਈ ਹੁੰਦੈ।” ਪੁਲੀਸ ਦੀ ਭਰਤੀ ਲੰਘ ਜਾਣ ਤੋਂ ਬਾਅਦ ਰਾਹ ਜਾਂਦਿਆਂ ਇੱਕ ਦਿਨ ਕਸ਼ਮੀਰ ਨੇ ਰਾਜ ਦੇ ਬਾਪ ਨਾਲ ਸਰਸਰੀ ਜਿਹੇ ਗੱਲ ਕੀਤੀ।
“ਅੱਛਾ! ਪਿੰਡ ਦੇ ਉਹ ਦੋ ਮੁੰਡੇ ਤੈਂ ਭਰਤੀ ਕਰਾਏ ਆ! ਬਈ ਮੇਰਾ ਮੁੰਡਾ ਤਾਂ ਬਸ ਕੋਹੜੀ ਦਾ ਕੋਹੜੀ ਈ ਨਿਕਲਿਆ। ਕਸ਼ਮੀਰ ਤੂੰ ਮੈਨੂੰ ਦੱਸ ਦਿੰਦਾ, ਔਖੇ-ਸੌਖੇ ਮੈਂ ਐਨਾ ਕੁ ਜੁਗਾੜ ਤਾਂ ਕਰ ਈ ਦੇਣਾ ਤਾ। ਸਹੁਰੇ ਦੀ ਕਿਸਮਤ ਮਾੜੀ ਆ।” ਇੰਝ ਆਖ ਦੇਵ ਰਾਜ ਨੇ ਇੱਕ ਡੂੰਘਾ ਹਉਕਾ ਭਰਿਆ, ਜਿਵੇਂ ਸਦਮਾ ਲੱਗਿਆ ਹੋਵੇ। ਫਿਰ ਕੁਝ ਚਿਰ ਚੁੱਪ ਰਹਿਣ ਤੋਂ ਬਾਅਦ ਆਪਣੇ ਆਪ ਨੂੰ ਸੰਭਾਲ ਕੇ ਬੋਲਿਆ, “ਕਸ਼ਮੀਰ, ਲੈ ਤੈਨੂੰ ਮੈਂ ਇਹਦੀ ਇੱਕ ਹੋਰ ਗੱਲ ਸੁਣਾਉਂਦਾ। ਅਜੇ ਚਾਰ ਮਹੀਨੇ ਈ ਹੋਏ ਆ ਇਸ ਗੱਲ ਨੂੰ। ਮਾਸਟਰ ਅਜੈ ਪਾਲ ਐ ਨਾ ਸਾਡੇ ਪਿੰਡ ਦਾ, ਉਹਦਾ ਇੱਕ ਦੋਸਤ ਬਾਰਡਰ ਫੋਰਸ ਵਿੱਚ ਆ। ਦੱਸਦੇ ਆ ਬਈ ਚੰਗਾ ਬੜਾ ਅਹੁਦਾ ਐ ਉਹਦਾ। ਉਸ ਵਿਚਾਰੇ ਨੇ ਇਹਨੂੰ ਭਰਤੀ ਕਰਾਉਣ ਲਈ ਉਹਦੇ ਕੋਲ ਸਿਫ਼ਾਰਸ਼ ਕੀਤੀ। ਜਿੱਦਣ ਭਰਤੀ ਤੀ, ਉੱਦਣ ਉੱਥੇ ਪੁੱਜਿਆ ਈ ਨ੍ਹੀਂ। ਆਪਣੇ ਮਾਸੀ ਦੇ ਮੁੰਡੇ ਨਾਲ ਕਿਤੇ ਵਿਆਹ ’ਤੇ ਚਲੇ ਗਿਆ। ਉੱਥੇ ਤਾਂ ਭਰਤੀ ਵੀ ਮੁਫ਼ਤ ਵਿੱਚ ਈ ਹੁੰਦੀ ਤੀ। ਉਸ ਅਫ਼ਸਰ ਨੇ ਆਪ ਈ ਭਰਤੀ ਕਰਨੀ ਤੀ। ਹੁਣ ਖਾਈ ਜਾਵੇ ਸਾਰੀ ਉਮਰ ਵਿਆਹ ਲੋਕਾਂ ਦੇ...। ਕਨਸਲ ਕਿਸੇ ਥਾਂ ਦੀ।” ਦੇਵ ਰਾਜ ਨੇ ਦੁਖੀ ਜਿਹੇ ਮਨ ਨਾਲ ਆਪਣੀ ਗੱਲ ਮੁਕਾਈ ਤੇ ਦੋਵੇਂ ਹੱਥਾਂ ਨਾਲ ਸਿਰ ਫੜ ਕੇ ਬੈਠ ਗਿਆ। ਕਸ਼ਮੀਰ ਦੇ ਜਾਣ ਤੋਂ ਬਾਅਦ ਵੀ ਖ਼ਾਸਾ ਸਮਾਂ ਉੱਥੇ ਹੀ ਬੈਠਾ ਰਿਹਾ।
ਪੁਲੀਸ ਵਿੱਚ ਭਰਤੀ ਹੋਣ ਦੀ ਉਮਰ ਲੰਘ ਚੁੱਕੀ ਸੀ। ਰਾਜ ਵਿਚਾਰਾ ਤਾਂ ਬਸ ਹੁਣ ਦਿਹਾੜੀ ਕਰਨ ਜੋਗਾ ਹੀ ਰਹਿ ਗਿਆ ਸੀ। ਦੇਵ ਰਾਜ ਨੇ ਆਪਣੀ ਕਬੀਲਦਾਰੀ ਨਜਿੱਠਣ ਲਈ ਫਿਰ ਛੇਤੀ ਹੀ ਉਸ ਦਾ ਵਿਆਹ ਕਰ ਦਿੱਤਾ। ਰਾਜ ਉਪਰੋਂ-ਥਲੀ ਹੋਏ ਤਿੰਨ-ਚਾਰ ਜੁਆਕਾਂ ਦਾ ਬਾਪ ਵੀ ਬਣ ਗਿਆ ਸੀ। ਚੜ੍ਹੀ ਜੁਆਨੀ ਢਲ ਚੁੱਕੀ ਸੀ। ਪੱਟਾਂ ਤੇ ਡੌਲਿਆਂ ਦਾ ਕੱਸਿਆ ਮਾਸ ਵੀ ਹੁਣ ਢਿੱਲਾ ਪੈ ਚੁੱਕਾ ਸੀ। ਉਹ ਘਰ ਵਿੱਚ ਵਿਹਲਾ ਬੈਠਾ ਸਾਰੀ ਦਿਹਾੜੀ ਆਪਣੀ ਕਿਸਮਤ ਨੂੰ ਕੋਸਦਾ ਰਹਿੰਦਾ। ਬੱਚਿਆਂ ਦੀ ਰੋਟੀ ਦਾ ਫ਼ਿਕਰ ਉਸ ਨੂੰ ਵੱਢ-ਵੱਢ ਖਾਂਦਾ। ਉਹ ਹੁਣ ਕੋਈ ਵੀ ਨੌਕਰੀ ਕਰਨ ਨੂੰ ਤਿਆਰ ਸੀ।
ਇੱਕ ਦਿਨ ਰਾਜ ਨੇ ਪੁਲੀਸ ਮਹਿਕਮੇ ਵਿੱਚ ਨੌਕਰੀ ਲਈ ਸਰਕਾਰ ਵੱਲੋਂ ਦਿੱਤਾ ਇੱਕ ਇਸ਼ਤਿਹਾਰ ਅਖ਼ਬਾਰ ਵਿੱਚ ਵੇਖਿਆ। ਅੱਖਾਂ ਚੌੜੀਆਂ ਕਰ-ਕਰ ਉਸ ਨੇ ਕਈ ਵਾਰ ਇਸ਼ਤਿਹਾਰ ਪੜ੍ਹਿਆ, ਜਿਵੇਂ ਯਕੀਨ ਨਾ ਆ ਰਿਹਾ ਹੋਵੇ। ਇੱਕੋ-ਇੱਕ ਆਸਾਮੀ ਤੇ ਸੀ ਵੀ ਰਿਜ਼ਰਵ ਕੈਟਾਗਰੀ ਲਈ। ਯੋਗਤਾ ਅੱਠਵੀਂ ਪਾਸ ਤੇ ਉਮਰ ਪੈਂਤੀ ਸਾਲ। ਸਾਰੀਆਂ ਸ਼ਰਤਾਂ ਪੂਰੀਆਂ। ਉਹ ਬਾਗੋ-ਬਾਗ ਹੋ ਗਿਆ। ਉਸ ਨੇ ਫੂਕ ਵਿੱਚ ਚਾਂਭਲ ਕੇ ਕਚੀਚੀ ਵੱਟੀ ਤੇ ਸੱਜੀ ਬਾਂਹ ਨੂੰ ਮੋੜ ਕੇ ਆਪਣੇ ਉਭਰੇ ਡੌਲੇ ’ਤੇ ਮੂੰਹ ਨਾਲ ਬਾਘੀ ਕੱਢੀ, ਜਿਵੇਂ ਘੁਮੰਡ ਫਿਰ ਜਾਗਿਆ ਹੋਵੇ। ਤੇ ਫਿਰ ਨੌਕਰੀ ਲਈ ਫਾਰਮ ਭਰਨ ਵਾਹੋ-ਦਾਹੀ ਉਸੇ ਦਿਨ ਸ਼ਹਿਰ ਚਲੇ ਗਿਆ।
“ਰਾਜ, ਅੱਜ ਬੜਾ ਖ਼ੁਸ਼ ਐਂ। ਸਾਨੂੰ ਵੀ ਕੋਈ ਖ਼ੁਸ਼ੀ ਦੀ ਖ਼ਬਰ ਦੱਸ ਦਿਆ ਕਰ।” ਸੰਝ ਵਕਤ ਪਿੰਡ ਦੇ ਚੌਕ ’ਤੇ ਰਾਜ ਕੁਮਾਰ ਨੂੰ ਬੜੇ ਖ਼ੁਸ਼ ਮੂਡ ਵਿੱਚ ਬੈਠਾ ਵੇਖ ਕੋਲੋ ਲੰਘਦੇ ਪੁਲਸੀਏ ਕਸ਼ਮੀਰ ਨੇ ਟਾਂਚ ਕਰਦਿਆਂ ਆਖਿਆ।
“ਯਾਰ, ਖ਼ੁਸ਼ੀ ਕਿਹੜਾ ਮੁੱਲ ਵਿਕਦੀ ਆ। ਨੌਕਰੀ ਤਾਂ ਤੈਂ ਦੁਆਈ ਨ੍ਹੀਂ। ਹੁਣ ਖ਼ੁਸ਼ ਤਾਂ ਰਹਿ ਲੈਣ ਦਿਆ ਕਰ।” ਰਾਜ ਨੇ ਵੀ ਝੱਬਦੇ ਉਸ ਨੂੰ ਮੋੜਵਾਂ ਉਲਾਂਭਾ ਦਿੱਤਾ।
“ਰਾਜ, ਤੈਨੂੰ ਬਥੇਰਾ ਜ਼ੋਰ ਲਾਇਆ ਮੈਂ। ਤੈਂ ਕਿਹੜਾ ਮੇਰੀ ਗੱਲ ਮੰਨੀ ਆ। ਤੇਰੇ ਨਾਲ ਦੇ ਹੁਣ ਹੌਲਦਾਰ ਵੀ ਬਣ ਗਏ ਆ। ਜੇ ਮੇਰੀ ਗੱਲ ਮੰਨ ਲੈਂਦਾ ਤਾਂ ਚੰਗਾ ਨਾ ਰਹਿੰਦਾ। ਉਲਟਾ ਉਲਾਂਭਾ ਤੂੰ ਮੈਨੂੰ ਦੇਈ ਜਾਨੈ।”
“ਕਸ਼ਮੀਰ, ਛੱਡ ਯਾਰ ਪੁਰਾਣੀਆਂ ਗੱਲਾਂ। ਕੋਈ ਨਵੀਂ ਗੱਲ ਕਰੀਦੀ ਐ। ਇਹਦਾ ਮਤਲਬ ਜੇ ਤੈਂ ਨ੍ਹੀਂ ਮੈਨੂੰ ਨੌਕਰੀ ਦੁਆਈ ਤਾਂ ਮਿਲਣੀ ਈ ਨ੍ਹੀਂ। ਹੁਣ ਤਾਂ ਨੌਕਰੀ ਮਿਲੀ ਸਮਝ। ਬਸ ਕੁਝ ਹੀ ਦਿਨਾਂ ਦੀ ਖੇਡ ਆ।” ਰਾਜ ਕੁਮਾਰ ਫਿਰ ਆਪਣੀ ਆਈ ’ਤੇ ਆ ਗਿਆ ਸੀ।
“ਕਿਹੜੀ ਨੌਕਰੀ ਮਿਲਣ ਵਾਲੀ ਆ? ਮੈਨੂੰ ਵੀ ਦੱਸ ਦੇ। ਮੈਂ ਕਿਹੜਾ ਨਜ਼ਰ ਲਾਉਣ ਲੱਗਾਂ।” ਕਸ਼ਮੀਰ ਨੇ ਹੱਸਦਿਆਂ ਪੁੱਛਿਆ।
“ਕਸ਼ਮੀਰ, ਤੇਰੀ ਨਜ਼ਰ ਨੇ ਵੀ ਹੁਣ ਕੁਝ ਨ੍ਹੀਂ ਕਰਨਾ। ਸਾਰੀਆਂ ਸ਼ਰਤਾਂ ਤਾਂ ਮੈਂ ਪੂਰੀਆਂ ਕਰਦਾ ਐਂ। ਨਾਲੇ ਸਾਡੀ ਬਰਾਦਰੀ ਦੇ ਪੜ੍ਹੇ-ਲਿਖੇ ਮੁੰਡੇ ਵੀ ਕਿਹੜੇ ਮਿਲਦੇ ਆ। ਕੋਈ ਪੰਜਵੀਂ ਤਾਂ ਟੱਪਦਾ ਨ੍ਹੀਂ। ਮੈਂ ਤਾਂ ਫਿਰ ਵੀ ਬਾਰ੍ਹਵੀਂ ਪਾਸ ਆਂ। ਹੁਣ ਤਾਂ ਗੱਲ ਬਣੀ ਕਿ ਬਣੀ।” ਰਾਜ ਉਲਾਰ ਜਿਹਾ ਹੋ ਕੇ ਬੋਲਿਆ।
“ਜਿੰਨੇ ਜੋਗੇ ਹੋਏ ਅਸੀਂ ਵੀ ਮਦਦ ਕਰਾਂਗੇ, ਪਰ ਕੁਝ ਪਤਾ ਤਾਂ ਲੱਗੇ। ਤੂੰ ਗੱਲ ਨੂੰ ਲਕਾਉਂਦਾ ਕਿਉਂ ਐਂ? ” ਕਸ਼ਮੀਰ ਨੇ ਹਮਦਰਦੀ ਪ੍ਰਗਟਾਈ।
‘ਗੱਲ ਕਦੇ ਕੋਈ ਛੁਪੀ ਵੀ ਰਹਿੰਦੀ ਐ। ਇੱਕ ਵਾਰ ਮੂੰਹੋਂ ਕੱਢੀ, ਔਹ ਗਈ... ਔਹ ਗਈ...। ਨਾਲੇ ਮੈਨੂੰ ਨ੍ਹੀਂ ਹੁਣ ਈਹਦੀ ਮਦਦ ਦੀ ਲੋੜ।’ ਇੰਝ ਸੋਚ ਰਾਜ ਨੇ ਘੁਮੰਡੀ ਜਿਹੀ ਚੁੱਪ ਵੱਟ ਲਈ, ਪਰ ਕਸ਼ਮੀਰ ਇਸ ਗੱਲ ਦੀ ਸੂਹ ਕੱਢਣ ਲਈ ਬਜ਼ਿੱਦ ਸੀ। ਉਸ ਨੇ ਅੱਗੇ-ਪਿੱਛੇ ਨਿਗ੍ਹਾ ਦੌੜਾਈ।
“ਰਾਜ, ਅੱਜ ਸਾਡੇ ਮਹਿਕਮੇ ਵਿੱਚ ਜਲਾਦ ਦੀ ਨੌਕਰੀ ਲਈ ਇੱਕ ਇਸ਼ਤਿਹਾਰ ਨਿਕਲਿਆ ਸੀ। ਕਿਤੇ ਤੂੰ ਓਹਦੇ ਲਈ ਤਾਂ ਨ੍ਹੀਂ ਅਪਲਾਈ ਕੀਤਾ?” ਕਸ਼ਮੀਰ ਦੀ ਇਹ ਗੱਲ ਸੁਣ ਕੇ ਰਾਜ ਕੋਈ ਜੁਆਬ ਦੇਣ ਦੀ ਬਜਾਏ ਮੁਸਕੜੀ ਦੇਣੀ ਹੱਸਿਆ। ਤੀਰ ਟਿਕਾਣੇ ’ਤੇ ਹੀ ਵੱਜਾ ਸੀ।
“ਰਾਜ, ਚਲੋ ਨੌਕਰੀ ਤਾਂ ਮਿਲ ਜਾਊ, ਪਰ ਇਵੇਂ ਦੀ ਨੌਕਰੀ ਨਾਲ ਬੰਦੇ ਦਾ ਸਟੇਟਸ ਨ੍ਹੀਂ ਬਣਦਾ।” ਆਸਾਮੀ ਬਾਰੇ ਪਤਾ ਲੱਗਣ ’ਤੇ ਕਸ਼ਮੀਰ ਝਬਦੇ ਬੋਲਿਆ।
“ਯਾਰ ਕਸ਼ਮੀਰ, ਸਟੇਟਸ ਕਿੱਦਾਂ ਨ੍ਹੀਂ ਬਣਦਾ? ਇਸ ਅਸਾਮੀ ਦਾ ਗਰੇਡ ਕਲਰਕ ਦੇ ਬਰਾਬਰ ਆ ਤੇ ਹੋਰ ਭੱਤੇ ਵਾਧੂ ਦੇ। ਨਾਲੇ ਪੱਕੀ ਪੈਨਸ਼ਨ ਵਾਲੀ ਨੌਕਰੀ ਆ।” ਰਾਜ ਨੇ ਉਸ ਦੀ ਗੱਲ ਦਾ ਖਿੱਝ ਕੇ ਜੁਆਬ ਦਿੱਤਾ।
“ਰਾਜ, ਮੈਂ ਪੈਸਿਆਂ ਦੀ ਗੱਲ ਨ੍ਹੀਂ ਕਰਦਾ। ਮੈਂ ਤਾਂ ਸਮਾਜਿਕ ਸਟੇਟਸ ਦੀ ਗੱਲ ਕਰਦੈਂ।”
“ਕਸ਼ਮੀਰ, ਬੰਦੇ ਨੇ ਕੋਈ ਨਾ ਕੋਈ ਕੰਮ ਕਰ ਕੇ ਬੱਚੇ ਤਾਂ ਪਾਲਣੇ ਈਂ ਐਂ। ਇੱਥੇ ਪਤਾ ਨ੍ਹੀਂ ਸਮਾਜਿਕ ਸਟੇਟਸ ਕਿੱਥੋਂ ਆ ਵੜਿਆ? ਕੋਹੜੀਆ, ਸਮਾਜਿਕ ਸਟੇਟਸ ਤਾਂ ਉੱਥੇ ਖ਼ਰਾਬ ਹੁੰਦਾ, ਜਿੱਥੇ ਕਿਸੇ ਦਾ ਕੋਈ ਧੀ-ਪੁੱਤ ਖ਼ਰਾਬ ਨਿਕਲੇ ਜਾਂ ਬੰਦਾ ਕੋਈ ਦੋ ਨੰਬਰ ਦਾ ਧੰਦਾ ਕਰੇ। ਸਮਝਿਐਂ?”
“ਪਰ ਇੱਕ ਗੱਲ ਐ ਰਾਜ, ਤੂੰ ਕਹਿ ਜਿੱਦਾਂ ਮਰਜ਼ੀ। ਫਾਂਸੀ ਦੇਣ ਲੱਗਿਆਂ ਬੰਦੇ ਦਾ ਮਨ ਦਹਿਲਦਾ ਜ਼ਰੂਰ ਹਊ। ਬੰਦਾ ਆਪਣੇ ਆਪ ਨੂੰ ਪਾਪੀ ਸਮਝੂ ਪਾਪੀ। ਤਾਂ ਹੀ ਤਾਂ ਲੋਕ ਇੱਦਾਂ ਦੀ ਨੌਕਰੀ ਲਈ ਅਪਲਾਈ ਨ੍ਹੀਂ ਕਰਦੇ।” ਕਸ਼ਮੀਰ ਨੇ ਰਾਜ ਨੂੰ ਦੁੁਬਾਰਾ ਫਿਰ ਛੇੜਿਆ।
“ਯਾਰ, ਪਾਪ ਕਾਹਦਾ। ਪਾਪ ਤਾਂ ਜੱਜ ਨੂੰ ਲੱਗੂ ਜੋ ਗ਼ਲਤ ਸਜ਼ਾ ਸੁਣਾਊ ਜਾਂ ਫਿਰ ਦੋਸ਼ੀ ਨੂੰ, ਜੋ ਕਤਲ ਕਰੂ। ਜੱਲਾਦ ਦੀ ਤਾਂ ਨੌਕਰੀ ਐ। ਉਸ ਨੇ ਤਾਂ ਜੱਜ ਦਾ ਹੁਕਮ ਵਜਾਉਣੈਂ।”
“ਰਾਜ, ਬੰਦਾ ਅਕਸਰ ਬੰਦਾ ਈ ਹੁੰਦੈ। ਇਹਦੇ ਅੰਦਰ ਵੀ ਇੱਕ ਕੋਮਲ ਦਿਲ ਐ। ਇਹ ਕਿਹੜਾ ਲੋਹੇ ਦਾ ਬਣਿਆ ਹੋਇਐ। ਅੰਦਰੋਂ ਤਾਂ ਡਰਦਾ ਈ ਆ।”
“ਡਰ ਤਾਂ ਹਰੇਕ ਨੌਕਰੀ ’ਚ ਹੁੰਦੈ। ਕਦੇ ਲੇਟ ਹੋਣ ਦਾ ਡਰ, ਕਦੇ ਰਿਸ਼ਵਤ ਖਾਧੀ ਦਾ ਡਰ ਅਤੇ ਕਦੇ ਅਫ਼ਸਰਸ਼ਾਹੀ ਦੇ ਨਖਰਿਆਂ ਦਾ ਡਰ। ਡਰ ਤੋਂ ਬਿਨਾਂ ਭਲਾ ਕਿਹੜੀ ਨੌਕਰੀ ਆ।” ਰਾਜ ਹਰ ਗੱਲ ਦਾ ਜੁਆਬ ਪੂਰੀ ਤੜ ਵਿੱਚ ਦੇ ਰਿਹਾ ਸੀ।
“ਗੁੱਡ ਲੱਕ ਰਾਜ, ਮੈਂ ਤਾਂ ਤੈਨੂੰ ਟੋਂਹਦਾ ਸੀ ਬਈ ਰਾਜ ਇਹ ਨੌਕਰੀ ਕਰ ਵੀ ਲਊ, ਜਾਂ ਐਵੇਂ ਫਾਰਮ ਭਰ ਕੇ ਹੀ ਖ਼ੁਸ਼ ਹੋਈ ਜਾਂਦਾ।”
“ਹੈਥੇ ਆ ਨਾ ਫਿਰ। ਮੈਂ ਤਾਂ ਸਮਝਿਆ ਬਈ ਕਸ਼ਮੀਰ ਮੇਰੇ ਨੌਕਰੀ ਲੱਗਣ ਦੇ ਈ ਵਿਰੁੱਧ ਆ।” ਕਸ਼ਮੀਰ ਦੇ ਤੁਰਨ ਲੱਗਿਆਂ ਰਾਜ ਜ਼ੋਰ ਦੀ ਬੋਲਿਆ।
‘ਲੋਕ ਵੀ ਬੜੇ ਹੱਦ ਆ। ਐਵੇਂ ਕਿਸੇ ਦਾ ਟੈਸਟ ਲਈ ਜਾਣਗੇ। ਅਖੇ ਫਾਂਸੀ ਦੇਣ ਲੱਗੇ ਪਾਪ ਲੱਗਦਾ। ਇਹਨੂੰ ਕੋਈ ਪੁੱਛੇ ਜੇ ਬੱਚੇ ਭੁੱਖੇ-ਭਾਣੇ ਸੌਣ, ਫਿਰ ਨ੍ਹੀਂ ਪਾਪ ਲੱਗਦਾ। ਬੰਦੇ ਨੂੰ ਹੌਸਲਾ ਤਾਂ ਕੀ ਦੇਣਾ, ਸਗੋਂ ਊਂਈਂ ਢਾਊ ਜਿਹੀਆਂ ਗੱਲਾਂ ਕਰੀ ਜਾਣਗੇ।’ ਕਸ਼ਮੀਰ ਦੇ ਜਾਣ ਤੋਂ ਬਾਅਦ ਰਾਜ ਕੁਮਾਰ ਨੇ ਮੂੰਹ ’ਚ ਬੁੜਬੁੜ ਕੀਤੀ।
ਮਹੀਨਾ-ਦੋ ਮਹੀਨੇ ਗੁਜ਼ਰ ਗਏ। ਰਾਜ ਕੁਮਾਰ ਨੂੰ ਸਰਕਾਰੀ ਦਫ਼ਤਰ ਤੋਂ ਨੌਕਰੀ ਬਾਰੇ ਕੋਈ ਸੂਚਨਾ ਨਾ ਆਈ। ਆਖ਼ਰ ਉਸ ਨੇ ਖ਼ੁਦ ਮਹਿਕਮੇ ਦੇ ਦਫ਼ਤਰ ਜਾ ਕੇ ਨੌਕਰੀ ਬਾਰੇ ਪੁੱਛ-ਪੜਤਾਲ ਕਰਨ ਦਾ ਮਨ ਬਣਾਇਆ।
“ਸਰ, ਥੋਡੇ ਮਹਿਕਮੇ ਵਿੱਚ ਜੱਲਾਦ ਦੀ ਇੱਕ ਅਸਾਮੀ ਨਿਕਲੀ ਸੀ। ਮੈਂ ਵੀ ਉਸ ਲਈ ਅਪਲਾਈ ਕੀਤਾ ਸੀ। ਕਿੰਨਾ ਕੁ ਸਮਾਂ ਹੋਰ ਲੱਗੇਗਾ ਜੀ?” ਇੱਕ ਦਿਨ ਰਾਜ ਕੁਮਾਰ ਨੇ ਜੇਲ੍ਹ ਮਹਿਕਮੇ ਦੇ ਇੱਕ ਬਾਬੂ ਨੂੰ ਦਫ਼ਤਰ ਜਾ ਕੇ ਪੁੱਛਿਆ। ਪਹਿਲਾਂ ਤਾਂ ਬਾਬੂ ਨੇ ਰਾਜ ਕੁਮਾਰ ਨੂੰ ਸਿਰ ਤੋਂ ਪੈਰਾਂ ਤੱਕ ਬੜੇ ਗਹੁ ਨਾਲ ਤਾੜਿਆ ਤੇ ਫਿਰ ਮਲਕੜੇ ਦੇਣੀਂ ਬੋਲਿਆ, “ਕਾਕਾ, ਕੰਮ ਇਵੇਂ ਥੋੜ੍ਹੇ ਬਣਦੇ ਹੁੰਦੇ ਨੇ। ਕੋਈ ਸੇਵਾ-ਸੂਵਾ ਕਰੇਂਗਾ ਤਾਂ ਹੀ ਦੱਸਾਂਗੇ।”
“ਸਰ ਜੀ, ਸੇਵਾ ਜੋ ਕਹੋਗੇ ਕਰ ਦੇਵਾਂਗੇ। ਪਹਿਲਾਂ ਨਿਯੁਕਤੀ ਪੱਤਰ ਤਾਂ ਦਿਉ।” ਰਾਜ, ਬਾਬੂ ਦੀ ਗੱਲ ਬੋਚਦਿਆਂ ਹੀ ਇਕਦਮ ਬੋਲਿਆ।
“ਤੂੰ ਰਾਜ ਕੁਮਾਰ ਏਂ?” ਬਾਬੂ ਨੇ ਬੜੇ ਉਚੇਚ ਨਾਲ ਪੁੱਛਿਆ।
“ਹਾਂ ਸਰ ਜੀ, ਮੈਂ ਹੀ ਰਾਜ ਕੁਮਾਰ ਆਂ।” ਬਾਬੂ ਦੇ ਮੂੰਹੋਂ ਆਪਣਾ ਨਾਂ ਸੁਣ ਕੇ ਰਾਜ ਦੀ ਉਤਸੁਕਤਾ ਹੋਰ ਵਧ ਗਈ, ਜਿਵੇਂ ਉਸ ਨੂੰ ਨੌਕਰੀ ਮਿਲਣ ਲਈ ਆਸ ਦੀ ਕਿਰਨ ਵਿਖਾਈ ਦੇਣ ਲੱਗੀ ਹੋਵੇ। ਉਸ ਨੇ ਪੰਘਰਾਈਆਂ ਨਜ਼ਰਾਂ ਨਾਲ ਬਾਬੂ ਵੱਲ ਵੇਖਿਆ।
“ਰਾਜ ਕੁਮਾਰ, ਤੈਨੂੰ ਪਤੈ, ਇਸ ਅਸਾਮੀ ਲਈ ਇੱਕ ਹੀ ਉਮੀਦਵਾਰ ਸੀ। ’ਕੱਲਾ ਤੂੰ।”
“ਅੱਛਾ ਸਰ ਜੀ।”
ਇਕੱਲਾ ਉਮੀਦਵਾਰ ਸੁਣ ਕੇ ਉਹ ਹੋਰ ਵੀ ਉਤਸ਼ਾਹ ਵਿੱਚ ਆ ਗਿਆ। ਹੁਣ ਤਾਂ ਉਸ ਨੂੰ ਨੌਕਰੀ ਮਿਲਣ ਦੀ ਪੱਕੀ ਉਮੀਦ ਬੱਝ ਗਈ ਸੀ। ਉਸ ਦੇ ਅੰਦਰ ਖ਼ੁਸ਼ੀ ਦੀ ਇੱਕ ਲਹਿਰ ਜਿਹੀ ਦੌੜੀ। ਉਹ ਖੜ੍ਹਾ-ਖੜ੍ਹਾ ਉਦਕਿਆ, ਜਿਵੇਂ ਟੱਪਣ ਨੂੰ ਜੀਅ ਕੀਤਾ ਹੋਵੇ। ਉਸ ਨੇ ਆਪਣੇ-ਆਪ ਨੂੰ ਮਸਾਂ ਸਾਂਭਿਆ।
“ਕਾਕਾ, ਤੂੰ ਇਹ ਨੌਕਰੀ ਕਰ ਵੀ ਲਏਂਗਾ? ਜ਼ਰਾ ਸੋਚ-ਵਿਚਾਰ ਕੇ ਅਪਲਾਈ ਕਰੀਦੈ।” ਕੁਝ ਚਿਰ ਦੀ ਖ਼ਾਮੋਸ਼ੀ ਬਾਅਦ ਬਾਬੂ ਨੇ ਫਿਰ ਆਖਿਆ।
“ਜੀ ਮੈਂ ਪੂਰਾ ਸੋਚ-ਵਿਚਾਰ ਕੇ ਈ ਅਪਲਾਈ ਕੀਤੈ। ਨੌਕਰੀ ਤੇ ਨਖ਼ਰਾ ਕੀ? ਆਪਣੇ ਮਨ ਨਾਲ ਕੁਝ ਨਾ ਕੁਝ ਅਡਜਸਟਮੈਂਟ ਤਾਂ ਕਰਨੀ ਈ ਪੈਂਦੀ ਆ।” ਰਾਜ ਅਹੁਲ ਕੇ ਬੋਲਿਆ।
“ਤੂੰ ਜਾਣਦੈਂ, ਜਿੰਨੇ ਜੱਲਾਦ ਹੁੰਦੇ ਆ, ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਵਡੇਰੀ ਉਮਰ ’ਚ ਡਿਪਰੈਸ਼ਨ ਹੋ ਜਾਂਦੈ। ਤੂੰ ਕੀ ਲੈਣਾ ਇਹੋ ਜਿਹੀ ਨੌਕਰੀ ਤੋਂ। ਕੋਈ ਹੋਰ ਕੰਮ ਭਾਲ ਲੈ।” ਬਾਬੂ ਨੇ ਮੂੰਹ ਹੇਠਾਂ ਸੁੱਟੀ ਕਾਗਜ਼ਾਂ ਦੀ ਫਰੋਲਾ-ਫਰਾਲੀ ਕਰਦਿਆਂ ਆਪਣੇ ਹੀ ਰੌਂਅ ਵਿੱਚ ਆਖਿਆ।
“ਬੁੱਢੀ ਉਮਰ ’ਚ ਦੇਖੀ ਜਾਊ ਜੋ ਹੁੰਦਾ ਜੀ। ਗੱਲ ਤਾਂ ਹੁਣ ਦੀ ਐ। ਨਾਲੇ ਬੱਚਿਆਂ ਦੀਆਂ ਦੁਰ ਅਸੀਸਾਂ ਨਾਲੋਂ ਵੱਡਾ ਕਿਹੜਾ ਡਿਪਰੈਸ਼ਨ ਹੁੰਦਾ ਐ ਜੀ।” ਰਾਜ ਪੂਰੇ ਹੌਸਲੇ ਵਿੱਚ ਸੀ।
ਇੱਕ ਅਸਾਮੀ ਲਈ ਇੱਕ ਐਪਲੀਕੇਸ਼ਨ ਹੋਣ ਕਰਕੇ ਸਾਰੇ ਦਫ਼ਤਰੀ ਬਾਬੂਆਂ ਨੂੰ ਰਾਜ ਕੁਮਾਰ ਦਾ ਨਾਂ ਰਟਿਆ ਪਿਆ ਸੀ। ਉਹ ਸਭ ਰਾਜ ਕੁਮਾਰ ਕੰਨੀਂ ਬੜੀ ਦਿਲਚਸਪੀ ਨਾਲ ਵੇਖ ਰਹੇ ਸਨ।
“ਮੇਰਾ ਕੰਮ ਬਣ ਜਾਊਗਾ ਜੀ?” ਦਫ਼ਤਰੀ ਹਵਾ ਆਪਣੇ ਪੱਖ ਵਿੱਚ ਵੇਖ ਰਾਜ ਕੁਮਾਰ ਨੇ ਫਿਰ ਸਿੱਧਾ ਹੀ ਪੁੱਛ ਲਿਆ।
“ਰਾਜ ਕੁਮਾਰ, ਕੱਲ੍ਹ ਦੀ ਅਖ਼ਬਾਰ ਵੇਖ ਲਈਂ। ਅਸੀਂ ਇਸ ਅਸਾਮੀ ਬਾਰੇ ਅੱਜ ਅਖ਼ਬਾਰ ਵਿੱਚ ਭੇਜ ਦਿੱਤੈ।” ਬਾਬੂ ਨੇ ਸੰਖੇਪ ਵਿੱਚ ਜਵਾਬ ਦਿੱਤਾ ਤੇ ਆਪਣੇ ਦਫ਼ਤਰੀ ਕੰਮ ਵਿੱਚ ਰੁੱਝ ਗਿਆ। ਇਹ ਖ਼ਬਰ ਸੁਣਦੇ ਹੀ ਰਾਜ ਕੁਮਾਰ ਇਕਦਮ ਦਫ਼ਤਰ ਤੋਂ ਬਾਹਰ ਆ ਗਿਆ। ਹੁਣ ਤਾਂ ਉਸ ਨੂੰ ਨੌਕਰੀ ਮਿਲਣ ਦੀ ਪੱਕੀ ਉਮੀਦ ਬੱਝ ਗਈ ਸੀ। ਸਾਰੀ ਰਾਤ ਉਸ ਨੂੰ ਖ਼ੁਸ਼ੀ ਵਿੱਚ ਨੀਂਦ ਨਾ ਆਈ। ਦੂਸਰੇ ਦਿਨ ਸਵਖਤੇ ਹੀ ਉਹ ਅਖ਼ਬਾਰ ਖ਼ਰੀਦਣ ਲਾਗਲੇ ਸ਼ਹਿਰ ਜਾ ਪੁੱਜਿਆ।
“ਜੱਲਾਦ ਦੀ ਅਸਾਮੀ ਲਈ ਸਰਕਾਰ ਵੱਲੋਂ ਜੋ ਇਸ਼ਤਿਹਾਰ ਅਖ਼ਬਾਰ ਵਿੱਚ ਦਿੱਤਾ ਗਿਆ ਸੀ, ਉਹ ਰੱਦ ਸਮਝਿਆ ਜਾਵੇ।” ਇਹ ਖ਼ਬਰ ਪੜ੍ਹਦੇ ਸਾਰ ਹੀ ਰਾਜ ਕੁਮਾਰ ਦਾ ਗੁੱਸਾ ਸੱਤ ਅਸਮਾਨੇ ਚੜ੍ਹ ਗਿਆ।
‘ਵੇਖੋ ਓਏ, ਸਰਕਾਰਾਂ ਬੇਰੁਜ਼ਗਾਰਾਂ ਨਾਲ ਕਿੱਦਾਂ ਮਜ਼ਾਕ ਕਰਦੀਆਂ ਐਂ। ਜਿੱਦਾਂ ਖ਼ਜ਼ਾਨਾ ਇਨ੍ਹਾਂ ਦੇ ਪਿਉ ਦਾ ਹੁੰਦੈ। ਭਲਾ ਇੱਕ ਨੌਕਰੀ ਦੇਣ ਨਾਲ ਖ਼ਜ਼ਾਨੇ ’ਤੇ ਕਿੰਨਾ ਕੁ ਬੋਝ ਪੈਣ ਲੱਗਾ ਸੀ। ਕੰਜਰਾਂ ਦੀਆਂ ਨੀਅਤਾਂ ਮਾੜੀਆਂ ਐਂ ਨੀਅਤਾਂ। ਚਾਹੁੰਦੇ ਈ ਨਹੀਂ ਬਈ ਗ਼ਰੀਬਾਂ ਦੇ ਮੁੰਡੇ ਨੌਕਰੀ ਲੱਗਣ। ਬਸ ਆਪਣੇ ਈ ਢਿੱਡ ਭਰੀ ਜਾਂਦੇ ਐ। ਲੁਟੇਰੇ ਕਿਸੇ ਜਹਾਨ ਦੇ। ਥੂ ਇਹੋ ਜਿਹੀਆਂ ਸਰਕਾਰਾਂ ’ਤੇ।’’ ਦੁਖੀ ਹੋਏ ਰਾਜ ਨੇ ਗੁੱਸੇ ਨਾਲ ਥੁੱਕਿਆ ਤੇ ਕਈ ਦਿਨ ਉਹ ਸਰਕਾਰ ਨੂੰ ਬੁਰਾ-ਭਲਾ ਆਖ ਆਪਣੇ ਮਨ ਨੂੰ ਤਸੱਲੀ ਦਿੰਦਾ ਰਿਹਾ।
“ਰਫਲਾਂ...ਰਫਲਾਂ...ਰਫਲਾਂ, ਬਈ ਟੌਹਰ ਡਰੈਵਰ ਦੀ... ਬਾਕੀ ਸਭ ਹਨ ਨਕਲਾਂ... ਟੌਹਰ ਡਰੈਵਰ ਦੀ।” ਇੱਕ ਦਿਨ ਸਵਖਤੇ ਹੀ ਰਾਜ ਕੁਮਾਰ ਆਪਣੇ ਮੋਢੇ ’ਤੇ ਪਰਨਾ ਰੱਖੀ ਸੜਕ ’ਤੇ ਤੁਰਿਆ ਜਾਂਦਾ ਮੂੰਹ ’ਚ ਗੁਣਗੁਣਾ ਰਿਹਾ ਸੀ।
“ਰਾਜ ਕੁਮਾਰ, ਅੱਜ ਸਵਖਤੇ ਈ ਕਿੱਧਰ ਨੂੰ ਗੀਤ ਗਾਉਂਦਾ ਤੁਰਿਆ ਹੋਇਐਂ? ਕੰਮ ਬਣ ਗਿਆ ਲੱਗਦੈ।” ਰਾਜ ਕੁਮਾਰ ਨੂੰ ਗੁਣਗੁਣਾਉਂਦਾ ਵੇਖ ਮੂਹਰੋਂ ਆਉਂਦੇ ਪੁਲਸੀਏ ਕਸ਼ਮੀਰ ਨੇ ਉਸ ਨੂੰ ਹੈਰਾਨੀ ਨਾਲ ਪੁੱਛਿਆ।
“ਕਸ਼ਮੀਰ, ਯਾਰ ਤਾਂ ਆਜ਼ਾਦ ਬੰਦੇ ਆ ਆਜ਼ਾਦ। ਸਾਥੋਂ ਨ੍ਹੀਂ ਤੇਰੇ ਵਾਂਗ ਕਿਸੇ ਦੀ ਚਾਕਰੀ ਹੁੰਦੀ। ਆਪਾਂ ਤਾਂ ਹੁਣ ਟਰੱਕ ’ਤੇ ਲੱਗ ਗਏ ਆਂ। ਡਰੈਵਰੀ ਸਿੱਖ ਕੇ ਸਾਲ ਕੁ ਬਾਅਦ ਤੇਰਾ ਯਾਰ ਆਪਣਾ ਟਰੱਕ ਪਾਊਗਾ। ਫਿਰ ਬਣੂ ਨਾ ਟੌਹਰ!” ਆਪਣੇ ਮੋਢੇ ’ਤੇ ਰੱਖੇ ਸਾਫ਼ੇ ਨੂੰ ਸਿਰ ’ਤੇ ਫੇਰ ਜ਼ੋਰ ਦੀ ਝਟਕਦਿਆਂ ਰਾਜ ਪੂਰੇ ਰੋਅਬ ਨਾਲ ਬੋਲਿਆ। ਇੰਨੇ ਨੂੰ ਰਾਜ ਕੋਲ ਆ ਕੇ ਇੱਕ ਟਰੱਕ ਰੁਕਿਆ।
“ਰਾਜ, ਛੇਤੀ ਚੜ੍ਹ ਜਾ ਮਿੱਤਰਾ। ਅੱਜ ਬੜੇ ਦਿਨਾਂ ਬਾਅਦ ਬੰਬੇ ਦਾ ਗੇੜਾ ਲੱਗਿਐ।” ਟਰੱਕ ਡਰਾਈਵਰ ਨੇ ਰਾਜ ਨੂੰ ਉੱਚੀ ਆਵਾਜ਼ ਵਿੱਚ ਦੱਸਿਆ। ਰਾਜ ਬੰਬੇ ਦੇ ਗੇੜੇ ਬਾਰੇ ਸੁਣ ਕੇ ਮਨ ਵਿੱਚ ਲੱਡੂ ਭੋਰਦਾ ਵਾਹੋ-ਦਾਹੀ ਟਰੱਕ ਜਾ ਚੜਿ੍ਹਆ।
“ਬੱਲੇ ਓ ਸ਼ੇਰਾ, ਜਿਉੂਂਦਾ ਰਹਿ... ਜਿਊਂਦਾ। ਬੇਸ਼ੱਕ ਨੌਕਰੀ ਲਈ ਕਿਸਮਤ ਨੇ ਤੇਰਾ ਸਾਥ ਨ੍ਹੀਂ ਦਿੱਤਾ, ਪਰ ਤੂੰ ਹੌਸਲਾ ਨ੍ਹੀਂ ਹਾਰਿਆ। ਕੋਈ ਨਾ ਕੋਈ ਜੁਗਾੜ ਬੁਣ ਈ ਲਿਆ।” ਰਾਜ ਨੂੰ ਖ਼ੁਸ਼ੀ-ਖ਼ੁਸ਼ੀ ਟਰੱਕ ਚੜ੍ਹਦਾ ਵੇਖ ਕਸ਼ਮੀਰ ਦੇ ਮੂੰਹੋਂ ਆਪ-ਮੁਹਾਰੇ ਨਿਕਲਿਆ।
“ਬਿੰਦਰ, ਹੁਣ ਮੇਰਾ ਟਰੱਕ ’ਤੇ ਹੱਥ ਖੁੱਲ੍ਹਣ ਲੱਗ ਪਿਆ ਐ। ਬੰਬੇ ਜਾਂਦਿਆਂ ਅੱਧੀ ਵਾਟ ਤਾਂ ਟਰੱਕ ਮੈਂ ਹੀ ਚਲਾਇਐ। ਇੱਦਾਂ ਦੇ ਇੱਕ-ਦੋ ਗੇੜੇ ਬੰਬੇ ਦੇ ਹੋਰ ਲੱਗ ਗਏ, ਮੈਂ ਪੱਕਾ ਡਰੈਵਰ ਬਣਿਆ ਕਿ ਬਣਿਆ।” ਕੁਝ ਕੁ ਦਿਨਾਂ ਬਾਅਦ ਬੰਬੇ ਦਾ ਗੇੜਾ ਲਾ ਕੇ ਮੁੜੇ ਰਾਜ ਨੇ ਰਾਤ ਵਕਤ ਚੁੱਲ੍ਹੇ ਮੂਹਰੇ ਬੈਠੀ ਆਪਣੀ ਪਤਨੀ ਨਾਲ ਗੱਲ ਛੇੜੀ।
“ਅੱਛਾ ਜੀ, ਫਿਰ ਤਾਂ ਵਧੀਆ ਐ। ਸਾਡੇ ਨਿਆਣੇ ਵੀ ਰੱਜ ਕੇ ਰੋਟੀ ਖਾਣ ਜੋਗੇ ਹੋ ਜਾਣਗੇ।” ਬਿੰਦਰ ਗੱਲ ਸੁਣਦਿਆਂ ਹੀ ਬੋਲੀ।
“ਭਾਗਵਾਨੇ, ਹੁਣ ਰੋਟੀ ਦਾ ਕਾਹਦਾ ਫ਼ਿਕਰ! ਡਰੈਵਰ ਤਾਂ ਉੱਪਰੋਂ ਵੀ ਬਥੇਰੇ ਪੈਸੇ ਬਣਾ ਲੈਂਦੇ ਆ। ਬੰਬੇ ਨੂੰ ਜਾਂਦੇ ਵਕਤ ਅਸੀਂ ਗੱਡੀ ਟੈਮ ਤੋਂ ਪਹਿਲਾਂ ਈ ਜਾ ਲਾਈ। ਫੈਕਟਰੀ ਮਾਲਕ ਨੇ ਖ਼ੁਸ਼ ਹੋ ਕੇ ਸਾਨੂੰ ਪੰਜ ਹਜ਼ਾਰ ਇਨਾਮ ਦੇ ਦਿੱਤਾ। ਜਦ ਅਸੀਂ ਮੁੜ ਕੇ ਆਉਂਦੇ ਸੀ ਤਾਂ ਸਾਨੂੰ ਆਗਰੇ ਤੋਂ ਦਿੱਲੀ ਦਾ ਇੱਕ ਹੋਰ ਭਾੜਾ ਮਿਲ ਗਿਆ। ਐਦਾਂ ਦੇ ਪੈਸੇ ਡਰੈਵਰ ਆਪਣੇ ਕੋਲ ਈ ਰੱਖ ਲੈਂਦੇ ਆ। ਕਿੰਨਾ ਫਾਇਦਾ ਐ?”
“ਪਰ ਪਿੱਛੇ ਘਰਦਿਆਂ ਨੂੰ ਤਾਂ ਫ਼ਿਕਰ ਹੁੰਦਾ ਈ ਐ ਜੀ। ਹਰ ਵੇਲੇ ਸੜਕਾਂ ’ਤੇ ਰਹਿਣਾ, ਕਿੰਨਾ ਖ਼ਤਰਾ ਐ ਬੰਦੇ ਨੂੰ।” ਬਿੰਦਰ ਨੇ ਆਪਣੇ ਮਨ ਦਾ ਫ਼ਿਕਰ ਜ਼ਾਹਰ ਕੀਤਾ।
“ਬਿੰਦਰ, ਥੋੜ੍ਹਾ-ਬਹੁਤਾ ਰਿਸਕ ਤਾਂ ਹਰ ਕੰਮ ਵਿੱਚ ਈ ਹੁੰਦਾ ਐ। ਇੱਦਾਂ ਬੰਦਾ ਡਰਨ ਲੱਗੇ ਤਾਂ ਬਸ ਫਿਰ।” ਰਾਜ ਕੁਮਾਰ ਨੇ ਆਪਣੀ ਘਰਵਾਲੀ ਦੀ ਆਖੀ ਇਸ ਗੱਲ ਦਾ ਹਿੱਕ ਚੌੜੀ ਕਰ ਕੇ ਜਵਾਬ ਦਿੱਤਾ, ਜਿਵੇਂ ਉਸ ਦੇ ਮਨ ਦਾ ਡਰ ਕੱਢਿਆ ਹੋਵੇ।
“ਜੀ, ਮੈਨੂੰ ਦੱਸਣੇ ਦਾ ਚੇਤਾ ਈ ਭੁੱਲ ਗਿਆ, ਕੱਲ੍ਹ ਚੌਕੀਦਾਰ ਨੇ ਸਪੀਕਰ ’ਚ ਕਿਹਾ ਤੀ ਬਈ ਜਿਨ੍ਹਾਂ ਦੇ ਪੀਲੇ ਕਾਰਡ ਬਣੇ ਆ, ਉਨ੍ਹਾਂ ਨੂੰ ਸਰਕਾਰ ਨੇ ਹਰ ਮਹੀਨੇ ਮੁਫ਼ਤ ਆਟਾ-ਦਾਲ ਦਿਆ ਕਰਨੇ ਆ। ਤੁਸੀਂ ਵੀ ਸਰਪੰਚ ਦੇ ਘਰ ਜਾ ਕੇ ਆਪਣਾ ਨਾਂ ਲਿਖਾ ਆਇਓ।” ਗੱਲਾਂ ਕਰਦਿਆਂ ਅਚਾਨਕ ਹੀ ਚੇਤੇ ਆਈ ਇਹ ਗੱਲ ਬਿੰਦਰ ਨੇ ਆਪਣੇ ਘਰਵਾਲੇ ਨੂੰ ਬੜੇ ਗੌਰ ਨਾਲ ਦੱਸੀ।
“ਰਾਜ, ਆਈਂ ਐਧਰ ਨੂੰ ਨੱਠ ਕੇ। ਅੱਜ ਮੇਰੇ ਤੋਂ ਆਹ ਮੱਝ ਨ੍ਹੀਂ ਸੂਤ ਆਉਂਦੀ। ਟੱਪਦੀ ਬੜਾ ਐ। ਲੁਆਈਂ ਫੜ ਕੇ ਜੁੱਟ ਇਹਨੂੰ, ਤਾਂ ਈ ਚੋਅ ਹੋਣੀ ਆ।” ਇੰਨੇ ਨੂੰ ਮੱਝ ਚੋਣ ਲੱਗੇ ਦੇਵ ਰਾਜ ਦੀ ਰਾਜ ਕੁਮਾਰ ਨੂੰ ਇਹ ਆਵਾਜ਼ ਸੁਣਾਈ ਦਿੱਤੀ। ਆਪਣੇ ਪਿਓ ਦੀ ਆਵਾਜ਼ ਸੁਣ ਕੇ ਰਾਜ ਮੱਝ ਵਾਲੇ ਕੋਠੇ ਵੱਲ ਨੱਸਾ ਗਿਆ।
“ਜੀ, ਥੋਨੂੰ ਮੈਂ ਅਨਾਉਸਮੈਂਟ ਵਾਲੀ ਗੱਲ ਦੱਸੀ ਤੀ। ਤੁਸੀਂ ਉਹ ਗੱਲ ਈ ਨ੍ਹੀਂ ਗੌਲ਼ੀ।” ਮੱਝ ਚੁਆ ਕੇ ਮੁੜੇ ਆਪਣੇ ਘਰਵਾਲੇ ਨੂੰ ਬਿੰਦਰ ਨੇ ਦੁਬਾਰਾ ਫਿਰ ਆਪਣੀ ਗੱਲ ਯਾਦ ਕਰਾਈ।
“ਬਿੰਦਰ, ਤੈਂ ਆਹ ਦੇਖਿਆ ਨ੍ਹੀਂ ਮੱਝ ਨੂੰ ਜੁੱਟ ਲੱਗਿਆ। ਫਿਰ ਆਪੇ ਦੁੱਧ ਲਾਹ ਦਿੱਤਾ। ਬਸ ਵਿੱਚੋਂ ਆਹੀ ਗੱਲ ਐ ਸਾਰੀ। ਲੋਕਾਂ ਨੂੰ ਜੁੱਟ ਲਾ ਕੇ ਜਿੱਦਾਂ ਮਰਜ਼ੀ ਚੋਈ ਜਾਓ। ਸਮਝੀ? ਸਾਥੋਂ ਨ੍ਹੀਂ ਆਪਣੇ ਨਿਆਣੇ ਮੰਗਤੇ ਬਣਾ ਹੁੰਦੇ।” ਕੁਝ ਚਿਰ ਸੋਚਣ ਤੋਂ ਬਾਅਦ ਰਾਜ ਕੁਮਾਰ ਤੈਸ਼ ਵਿੱਚ ਬੋਲਿਆ।
ਬਿੰਦਰ ਔਟਲੀ ਜਿਹੀ ਆਪਣੇ ਘਰਵਾਲੇ ਵੱਲ ਵੇਖਣ ਲੱਗੀ, ਜਿਵੇਂ ਇਹ ਗੱਲ ਉਸ ਦੇ ਸਿਰ ਉੱਤੋਂ ਦੀ ਲੰਘ ਗਈ ਹੋਵੇ।
ਸੰਪਰਕ: 61431696030