For the best experience, open
https://m.punjabitribuneonline.com
on your mobile browser.
Advertisement

ਬੱਸੂਵਾਲ ਵਾਸੀਆਂ ਦੀ ਸਾਰ ਨਾ ਲੈਣ ਕਾਰਨ ਰੋਸ

07:44 AM Mar 31, 2024 IST
ਬੱਸੂਵਾਲ ਵਾਸੀਆਂ ਦੀ ਸਾਰ ਨਾ ਲੈਣ ਕਾਰਨ ਰੋਸ
ਪਿੰਡ ਬੱਸੂਵਾਲ ਦੀ ਫਿਰਨੀ ’ਤੇ ਭਰਿਆ ਹੋਇਆ ਪਾਣੀ।
Advertisement

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 30 ਮਾਰਚ
ਜਗਰਾਉਂ-ਰਾਏਕੋਟ ਮਾਰਗ ’ਤੇ ਸਥਿਤ ਇਤਿਹਾਸਕ ਤੇ ਵੱਡੇ ਪਿੰਡ ਰੂਮੀ ਨੇੜਲੇ ਛੋਟੇ ਜਿਹੇ ਪਿੰਡ ਬੱਸੂਵਾਲ ਵਾਸੀ ਸਰਕਾਰ ਦੀ ਅਣਦੇਖੀ ਤੋਂ ਦੁਖੀ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਾ ਤਾਂ ਪਿੰਡ ਨੂੰ ਬੱਸ ਆਉਂਦੀ ਹੈ ਨਾ ਹੀ ਇਥੇ ਤੱਕ ਸਰਕਾਰ ਦੀ ਪਹੁੰਚ ਹੈ। ਇਸੇ ਕਾਰਨ ਵਿਕਾਸ ਪੱਖੋਂ ਪਿੰਡ ਪੱਛੜਿਆ ਹੋਇਆ ਹੈ। ਅੱਕੇ ਹੋਏ ਪਿੰਡ ਵਾਸੀਆਂ ਨੇ ਅਗਾਮੀ ਲੋਕ ਸਭਾ ਚੋਣਾਂ ’ਚ ਸਾਰੀਆਂ ਸਿਆਸੀ ਪਾਰਟੀਆਂ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ। ਅੱਜ ਸਵੱਖਤੇ ਪਏ ਮੀਂਹ ਤੋਂ ਬਾਅਦ ਪਿੰਡ ਦੀਆਂ ਗਲੀਆਂ ਕਈ ਘੰਟੇ ਬਾਅਦ ਤਕ ਪਾਣੀ ਨਾਲ ਭਰੀਆਂ ਰਹੀਆਂ। ਗਲੀਆਂ ’ਚੋਂ ਪਾਣੀ ਦੇ ਨਿਕਾਸੀ ਪ੍ਰਬੰਧ ਨਾ ਹੋਣ ਕਰ ਕੇ ਪਿੰਡ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਰੋਸ ਜ਼ਾਹਰ ਕੀਤਾ।
ਇਸੇ ਪਿੰਡ ਨਾਲ ਸਬੰਧਤ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਰੋਸ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਇਸ ਪਿੰਡ ਲਈ ਕੋਈ ਬੱਸ ਸਰਵਿਸ ਨਹੀਂ ਹੈ ਅਤੇ ਸਰਕਾਰ ਵੀ ਇਸ ਪਿੰਡ ਨੂੰ ਆਪਣਾ ਨਹੀਂ ਸਮਝਦੀ ਜਾਪਦੀ। ਬੀਤੀ ਰਾਤ ਹਨੇਰੀ ਤੋਂ ਬਾਅਦ ਪਏ ਮੀਂਹ ਨੇ ਪਿੰਡ ਨੂੰ ਤਲਾਬ ’ਚ ਤਬਦੀਲ ਕਰਦਿਆਂ ਲੋਕਾਂ ਨੂੰ ਘਰਾਂ ’ਚ ਕੈਦ ਕਰ ਦਿੱਤਾ। ਪਿੰਡ ਦੀ ਸਮੁੱਚੀ ਫਿਰਨੀ ’ਤੇ ਵਸਦੇ ਘਰਾਂ ਤੇ ਗਲੀਆਂ ਵਿਚ ਦੋ ਮਹੀਨੇ ਤੋਂ ਬੰਦ ਪਏ ਸੀਵਰੇਜ ਦਾ ਪਾਣੀ ਘਰਾਂ ਤੇ ਗਲੀਆਂ ਭਰ ਗਿਆ ਹੈ।
ਕੁਲਵਿੰਦਰ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਪਿੰਡ ਵਾਸੀ ਅਨੇਕਾਂ ਵਾਰ ਹਲਕਾ ਵਿਧਾਇਕ, ਬੀਡੀਪੀਓ, ਏਡੀਸੀ ਤੇ ਐੱਸਡੀਐੱਮ ਨੂੰ ਮਿਲ ਚੁੱਕੇ ਹਨ ਪਰ ਹਰ ਵਾਰ ਭਰੋਸਾ ਦੇ ਕੇ ਤੋਰ ਦਿੱਤਾ ਜਾਂਦਾ ਹੈ ਅਤੇ ਕਾਰਵਾਈ ਕਰ ਕੇ ਸਮੱਸਿਆ ਦਾ ਹੱਲ ਅੱਜ ਤਕ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਛਿਪਦੇ ਵਾਲੇ ਪਾਸੇ ਦੀ ਫਿਰਨੀ ਤੋਂ ਪਾਣੀ ਦਾ ਨਿਕਾਸ, ਸੀਵਰੇਜ ਦੀ ਸਫ਼ਾਈ ਤੇ ਮੁਰੰਮਤ ਬਾਰੇ ਪ੍ਰਸ਼ਾਸਨ ਦੀ ਚੁੱਪ ਕਈ ਸਵਾਲ ਖੜ੍ਹੇ ਕਰਦੀ ਹੈ। ਉਨ੍ਹਾਂ ਪਿੰਡ ਦੀ ਫੌਰੀ ਸਾਰ ਨਾ ਲਏ ਜਾਣ ’ਤੇ ਆਉਦੀਆਂ ਲੋਕ ਸਭਾ ਚੋਣਾਂ ’ਚ ਸਾਰੀਆਂ ਪਾਰਟੀਆਂ ਦਾ ਬਾਈਕਾਟ ਕਰਨ ਦੀ ਚਿਤਾਵਨੀ ਦਿੱਤੀ ਹੈ।

Advertisement

Advertisement
Author Image

sanam grng

View all posts

Advertisement
Advertisement
×