ਕੌਮਾਂਤਰੀ ਬਾਜ਼ਾਰ ’ਚ ਮਹਿਕੇਗੀ ਪੰਜਾਬ ਦੀ ਬਾਸਮਤੀ
ਚਰਨਜੀਤ ਭੁੱਲਰ
ਚੰਡੀਗੜ੍ਹ, 13 ਸਤੰਬਰ
ਕੇਂਦਰ ਸਰਕਾਰ ਵੱਲੋਂ ਬਾਸਮਤੀ ’ਤੇ ਆਪਣਾ ਕੀਮਤ ਕੰਟਰੋਲ ਹੁਕਮ ਵਾਪਸ ਲੈਣ ਨਾਲ ਕਿਸਾਨਾਂ ਨੂੰ ਬਾਸਮਤੀ ਦਾ ਚੰਗਾ ਭਾਅ ਮਿਲਣ ਦੇ ਆਸਾਰ ਬਣ ਗਏ ਹਨ। ਪੰਜਾਬ ਤੇ ਹਰਿਆਣਾ ਦੀ ਬਾਸਮਤੀ ਹੁਣ ਕੌਮਾਂਤਰੀ ਬਾਜ਼ਾਰ ਵਿੱਚ ਮਹਿਕੇਗੀ ਅਤੇ ਐਤਕੀਂ ਦੋਵੇਂ ਸੂਬਿਆਂ ਤੋਂ ਬਾਸਮਤੀ ਦੀ ਬਰਾਮਦ ਵਧੇਗੀ। ਪੰਜਾਬ ਦੇ ਮਾਝੇ ਖ਼ਿੱਤੇ ਵਿਚ ਹੁਣ ਤੱਕ 5663 ਟਨ ਬਾਸਮਤੀ ਖਰੀਦੀ ਜਾ ਚੁੱਕੀ ਹੈ ਅਤੇ ਇਸ ਦਾ ਭਾਅ 2220 ਰੁਪਏ ਤੋਂ ਲੈ ਕੇ 2985 ਰੁਪਏ ਪ੍ਰਤੀ ਕੁਇੰਟਲ ਤੱਕ ਰਿਹਾ ਹੈ, ਜਦਕਿ ਹਰਿਆਣਾ ਵਿਚ ਬਾਸਮਤੀ 3000 ਰੁਪਏ ਪ੍ਰਤੀ ਕੁਇੰਟਲ ਤੱਕ ਵਿਕੀ ਹੈ। ਪਿਛਲੇ ਸਾਲ ਬਾਸਮਤੀ ਦਾ ਭਾਅ 2700 ਰੁਪਏ ਤੋਂ ਲੈ ਕੇ 3410 ਰੁਪਏ ਪ੍ਰਤੀ ਕੁਇੰਟਲ ਰਿਹਾ ਸੀ। ਹਾਲਾਂਕਿ ਸਾਲ 2022 ਵਿੱਚ ਇਹੋ ਭਾਅ 3800 ਰੁਪਏ ਪ੍ਰਤੀ ਕੁਇੰਟਲ ਤੱਕ ਵੀ ਰਿਹਾ। ਪਿਛਲੇ ਸਾਲ ਕੇਂਦਰ ਵੱਲੋਂ ਬਰਾਮਦ ਮੁੱਲ ਤੇ ਸ਼ਰਤਾਂ ਤੈਅ ਕੀਤੇ ਜਾਣ ਕਾਰਨ ਕਿਸਾਨਾਂ ਨੂੰ ਨੁਕਸਾਨ ਝੱਲਣਾ ਪਿਆ ਸੀ। ਕੇਂਦਰੀ ਵਣਜ ਮੰਤਰਾਲੇ ਦੀ ਟੀਮ ਨੇ ਪਿਛਲੇ ਸਾਲ ਪੰਜਾਬ ਤੇ ਹਰਿਆਣਾ ਦਾ ਦੌਰਾ ਵੀ ਕੀਤਾ ਸੀ। ਕੇਂਦਰੀ ਵਣਜ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨੇ ਅੱਜ ਦੱਸਿਆ ਕਿ 950 ਡਾਲਰ ਪ੍ਰਤੀ ਟਨ ਦੇ ਘੱਟੋ-ਘੱਟ ਬਰਾਮਦ ਮੁੱਲ (ਐੱਮਈਪੀ) ਵਾਪਸ ਲੈਣ ਦਾ ਫ਼ੈਸਲਾ ਲਿਆ ਗਿਆ ਹੈ ਅਤੇ ਇਸ ਨੂੰ ਹੁਣ ਖੇਤੀਬਾੜੀ ਤੇ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਿਟੀ (ਏਪੀਈਡੀਏ) ਨੂੰ ਭੇਜ ਦਿੱਤਾ ਗਿਆ ਹੈ। ਮਾਹਿਰ ਆਖਦੇ ਹਨ ਕਿ ਬਾਸਮਤੀ ਦੀਆਂ ਕੁਝ ਕਿਸਮਾਂ ਦੀਆਂ ਕੌਮਾਂਤਰੀ ਕੀਮਤਾਂ ਸਰਕਾਰ ਦੁਆਰਾ ਲਗਾਏ ਗਏ ਐੱਮਈਪੀ ਤੋਂ ਹੇਠਾਂ ਆ ਗਈਆਂ ਸਨ। ਕੇਂਦਰ ਸਰਕਾਰ ਵੱਲੋਂ ਐੱਮਈਪੀ ਲਾਗੂ ਕੀਤੇ ਜਾਣ ਮਗਰੋਂ ਕੌਮਾਂਤਰੀ ਖ਼ਰੀਦਦਾਰਾਂ ਨੇ ਭਾਰਤ ਦੀ ਥਾਂ ਪਾਕਿਸਤਾਨ ਵੱਲ ਮੂੰਹ ਕਰ ਲਏ ਸਨ। ਪਿਛਲੇ ਸਾਲ ਪੰਜਾਬ ਦੇ ਬਾਸਮਤੀ ਬਰਾਮਦਕਾਰਾਂ ਨੂੰ ਬਾਸਮਤੀ ਦੀ ਬਰਾਮਦ ਦਾ ਇੱਕ ਵੀ ਆਰਡਰ ਨਹੀਂ ਮਿਲਿਆ ਸੀ। ਫ਼ਿਰੋਜ਼ਪੁਰ ਦੇ ਚੌਲ ਬਰਾਮਦਕਾਰ ਰਣਜੀਤ ਸਿੰਘ ਜੋਸਨ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਹੁਣ 20 ਫ਼ੀਸਦੀ ਬਰਾਮਦ ਡਿਊਟੀ ਖ਼ਤਮ ਕਰ ਦੇਵੇਗੀ ਜਿਸ ਨਾਲ ਚੌਲ ਉਦਯੋਗ ਸੁਰਜੀਤ ਹੋ ਜਾਵੇਗਾ। ਆਲ ਇੰਡੀਆ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਦੇ ਸਾਬਕਾ ਚੇਅਰਮੈਨ ਵਿਜੇ ਸੇਤੀਆ ਨੇ ਪੁਸ਼ਟੀ ਕੀਤੀ ਕਿ ਬਰਾਮਦ ਤੋਂ ਐੱਮਈਪੀ ਹਟਾਏ ਜਾਣ ਦੀ ਭਿਣਕ ਪੈਣ ਮਗਰੋਂ ਹੀ ਬਾਸਮਤੀ ਦੇ ਭਾਅ ਵਧਣੇ ਸ਼ੁਰੂ ਹੋ ਗਏ ਹਨ। ਪੰਜਾਬ ਰਾਈਸ ਮਿੱਲਰਜ਼ ਐਂਡ ਐਕਸਪੋਰਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਰਵਿੰਦਰ ਪਾਲ ਸਿੰਘ ਨੇ ਉਮੀਦ ਜਤਾਈ ਕਿ ਬਾਸਮਤੀ ਦੀ ਬਰਾਮਦ ਤੋਂ ਐੱਮਈਪੀ ਹਟਾਏ ਜਾਣ ਨਾਲ ਬਾਸਮਤੀ ਦੀਆਂ ਹੇਠਲੀਆਂ ਕਿਸਮਾਂ ਦੀ ਬਰਾਮਦ ਨੂੰ ਹੁਲਾਰਾ ਮਿਲੇਗਾ।