ਲਹਿਰਾਗਾਗਾ ਦੀ ਅਨਾਜ ਮੰਡੀ ’ਚ ਬਾਸਮਤੀ ਦੇ ਲੱਗੇ ਅੰਬਾਰ
ਰਮੇਸ਼ ਭਾਰਦਵਾਜ
ਲਹਿਰਾਗਾਗਾ, 6 ਅਕਤੂਬਰ
ਇਥੇ ਬਾਸਮਤੀ ਸਥਾਨਕ ਸ਼ਹਿਰ ਦੀ ਅਨਾਜ ਮੰਡੀ ਵਿੱਚ ਬਾਸਮਤੀ ਝੋਨੇ ਦੀ ਆਮਦ ਦਿਨੋਂ-ਦਿਨ ਵੱਧ ਰਹੀ ਹੈ। ਇਸ ਸਬੰਧੀ ਮਾਰਕੀਟ ਕਮੇਟੀ ਦੇ ਚੇਅਰਮੈਨ ਡਾ. ਸ਼ੀਸ਼ਪਾਲ ਆਨੰਦ, ਸਕੱਤਰ ਅਮਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਇਸ ਵਾਰ ਬਾਸਮਤੀ ਝੋਨੇ ਹੇਠ ਰਕਬਾ ਪਿਛਲੇ ਸਾਲ ਨਾਲੋਂ ਜ਼ਿਆਦਾ ਹੈ ਕਿਉਂਕਿ ਪਿਛਲੇ ਸਾਲ ਕਿਸਾਨਾਂ ਨੂੰ ਬਾਸਮਤੀ ਝੋਨੇ ਦਾ ਭਾਅ ਬਹੁਤ ਵਧੀਆ ਮਿਲਿਆ ਸੀ। ਅੱਜ ਬੋਲੀ ਸਮੇਂ ਖ਼ਰੀਦਦਾਰ ਜੀਵਨ ਕੁਮਾਰ ਮਿੱਤਲ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਕੁਮਾਰ ਰੱਬੜ, ਸੁਰਿੰਦਰ ਛਿੰਦੀ ਅਤੇ ਹੋਰਨਾਂ ਨੇ ਦੱਸਿਆ ਕਿ ਅੱਜ ਬਾਹਰਲੀਆਂ ਮੰਡੀਆਂ ਦੇ ਵਿੱਚ ਵੀ 1509 ਕੁਆਲਿਟੀ ਬਾਸਮਤੀ ਦੇ ਭਾਅ 2700 ਤੋਂ ਲੈ ਕੇ 2850 ਰੁਪਏ ਤੱਕ ਰਹੇ ਹਨ, ਜੋ ਕਿ ਇੱਥੇ ਵੀ ਇਹ ਕੁਆਲਿਟੀ ਦਾ ਝੋਨਾ ਇਸੇ ਭਾਅ ਬੋਲੀ ’ਤੇ ਵਿਕਿਆ ਹੈ। ਜਿਸ ਕਾਰਨ ਕਿਸਾਨਾਂ ਦਾ ਰੁਝਾਨ ਲਹਿਰਾਗਾਗਾ ਦੀ ਮੰਡੀ ਵੱਲ ਹੋ ਰਿਹਾ ਹੈ। ਮਾਰਕੀਟ ਕਮੇਟੀ ਦੇ ਕਲਰਕ ਗੁਰਜੀਤ ਸਿੰਘ ਨੇ ਦੱਸਿਆ ਕਿ ਅੱਜ ਲਹਿਰਾਗਾਗਾ ਵਿੱਚ 5000 ਦੇ ਕਰੀਬ ਗੱਟਿਆਂ ਦੀ ਆਮਦ ਹੋਈ ਹੈ। ਦੂਜੇ ਪਾਸੇ ਹਾਜ਼ਰ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਉਨ੍ਹਾਂ ਲਾਹੇਵੰਦ ਭਾਅ ਨਹੀਂ ਮਿਲ ਰਹੇ, ਜਿਸ ਕਾਰਨ ਉਨ੍ਹਾਂ ਦਾ ਠੇਕਾ ਹੀ ਮਸਾਂ ਪੂਰਾ ਹੋਵੇਗਾ।