ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਜਾਬ ਵਿੱਚ ਬਾਸਮਤੀ ਦੀ ਲੁਆਈ ਸ਼ੁਰੂ

06:50 AM Jul 02, 2024 IST
ਬਾਸਮਤੀ ਦੀ ਬਿਜਾਈ ਤੋਂ ਪਹਿਲਾਂ ਮਜ਼ਦੂਰਾਂ ਨੂੰ ਮਠਿਆਈ ਵੰਡਦਾ ਹੋਇਆ ਕਿਸਾਨ। -ਫੋਟੋ: ਵਿਸ਼ਾਲ ਕੁਮਾਰ

ਚਰਨਜੀਤ ਭੁੱਲਰ
ਚੰਡੀਗੜ੍ਹ, 1 ਜੁਲਾਈ
ਪੰਜਾਬ ਵਿਚ ਐਤਕੀਂ ਬਾਸਮਤੀ ਆਪਣੀ ਖ਼ੁਸ਼ਬੋ ਛੱਡੇਗੀ ਜਿਸ ਦੀ ਬਿਜਾਈ ਅੱਜ ਸ਼ੁਰੂ ਹੋ ਰਹੀ ਹੈ। ਗੈਰ ਬਾਸਮਤੀ ਕਿਸਮਾਂ ਦੀ ਲੁਆਈ 11 ਜੂਨ ਤੋਂ ਸ਼ੁਰੂ ਹੋ ਚੁੱਕੀ ਹੈ ਜਦੋਂ ਕਿ ਬਾਸਮਤੀ ਦੀ ਲੁਆਈ ਅੱਜ ਸ਼ੁਰੂ ਹੋਈ ਹੈ। ਪੰਜਾਬ ਸਰਕਾਰ ਨੂੰ ਇਸ ਵਾਰ ਬਾਸਮਤੀ ਹੇਠ ਰਕਬੇ ਵਿਚ ਕਰੀਬ 40 ਫ਼ੀਸਦੀ ਦਾ ਵਾਧਾ ਹੋਣ ਦਾ ਅਨੁਮਾਨ ਹੈ। ਪਿਛਲੇ ਵਰ੍ਹੇ ਕਿਸਾਨਾਂ ਨੂੰ ਬਾਸਮਤੀ ਦੇ ਚੰਗੇ ਭਾਅ ਮਿਲੇ ਸਨ ਜਿਸ ਕਰਕੇ ਕਿਸਾਨ ਬਾਸਮਤੀ ਦੀ ਲੁਆਈ ਜ਼ਿਆਦਾ ਕਰਨ ਦੇ ਰੌਂਅ ਵਿਚ ਹਨ। ਇਸ ਤੋਂ ਇਲਾਵਾ ਬਾਸਮਤੀ ਦੀ ਸਿੱਧੀ ਬਿਜਾਈ ਕਰਨ ਦੀ ਤਕਨੀਕ ਨੂੰ ਵੀ ਹੁਲਾਰਾ ਦਿੱਤਾ ਜਾ ਰਿਹਾ ਹੈ ਤਾਂ ਕਿ ਪਾਣੀ ਅਤੇ ਮਜ਼ਦੂਰੀ ਦੇ ਖ਼ਰਚੇ ਘਟ ਸਕਣ।
ਵੇਰਵਿਆਂ ਅਨੁਸਾਰ ਖੇਤੀ ਵਿਭਾਗ ਨੇ ਇਸ ਵਾਰ ਬਾਸਮਤੀ ਹੇਠ 10 ਲੱਖ ਹੈਕਟੇਅਰ ਰਕਬਾ ਲਿਆਉਣ ਦਾ ਟੀਚਾ ਮਿਥਿਆ ਹੈ ਜਦੋਂ ਕਿ ਪਿਛਲੇ ਵਰ੍ਹੇ ਇਹ ਰਕਬਾ 5.96 ਲੱਖ ਹੈਕਟੇਅਰ ਸੀ। ਉਸ ਤੋਂ ਪਹਿਲਾਂ ਇਹ ਰਕਬਾ 4.94 ਲੱਖ ਹੈਕਟੇਅਰ ਸੀ। ਇਸ ਵੇਲੇ ਦੇਸ਼ ਵਿਚੋਂ ਜੋ ਬਾਸਮਤੀ ਬਰਾਮਦ ਹੁੰਦੀ ਹੈ, ਉਸ ਵਿਚੋਂ ਕਰੀਬ 33 ਫ਼ੀਸਦੀ ਹਿੱਸੇਦਾਰੀ ਪੰਜਾਬ ਦੀ ਹੁੰਦੀ ਹੈ। ਕੇਂਦਰੀ ਵਣਜ ਮੰਤਰਾਲੇ ਨੇ ਪਿਛਲੇ ਸਾਲ ਬਾਸਮਤੀ ਦੀ ਬਰਾਮਦ ਦਾ ਮੁੱਲ 1200 ਡਾਲਰ ਪ੍ਰਤੀ ਟਨ ਤੈਅ ਕਰ ਦਿੱਤਾ ਸੀ ਜਦੋਂ ਕਿ ਪੰਜਾਬ ਵਿਚੋਂ ਬਰਾਮਦ ਹੋਣ ਵਾਲੀ ਬਾਸਮਤੀ ਦਾ ਮੁੱਲ 900-950 ਡਾਲਰ ਪ੍ਰਤੀ ਟਨ ਸੀ।
ਲੰਘੇ ਸਾਲ ਬਾਸਮਤੀ ਦਾ ਮੁੱਲ 3700-3800 ਰੁਪਏ ਪ੍ਰਤੀ ਕੁਇੰਟਲ ਸੀ ਅਤੇ ਕਈ ਥਾਵਾਂ ’ਤੇ ਇਹ ਭਾਅ ਪੰਜ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਨੂੰ ਵੀ ਛੂਹ ਗਿਆ ਸੀ। ਕਿਸਾਨ ਵਧੀਆ ਭਾਅ ਮਿਲਣ ਕਰਕੇ ਬਾਸਮਤੀ ਦਾ ਰਕਬਾ ਵਧਾਉਣਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਸਾਲ 2022 ਵਿਚ ਬਾਸਮਤੀ ਦਾ ਭਾਅ ਤਿੰਨ ਹਜ਼ਾਰ ਤੋਂ ਨਹੀਂ ਵਧਿਆ ਸੀ। ਪਿਛਲੇ ਸਾਲ ਖੇਤੀ ਵਿਭਾਗ ਨੇ ਬਾਸਮਤੀ ਦੀ ਲੁਆਈ ਲਈ ਸਿੱਧੀ ਬਿਜਾਈ ਦੀ ਤਕਨੀਕ ਦੀ ਸ਼ੁਰੂਆਤ ਕੀਤੀ ਸੀ ਅਤੇ ਐਤਕੀਂ ਵੀ ਕਰੀਬ ਇੱਕ ਲੱਖ ਹੈਕਟੇਅਰ ਬਾਸਮਤੀ ਦੀ ਸਿੱਧੀ ਲੁਆਈ ਦਾ ਟੀਚਾ ਮਿਥਿਆ ਗਿਆ ਹੈ। ਇਸ ਵਾਰ 90 ਹਜ਼ਾਰ ਹੈਕਟੇਅਰ ਵਿਚ ਸਿੱਧੀ ਬਿਜਾਈ ਗੈਰ ਬਾਸਮਤੀ ਕਿਸਮਾਂ ਦੀ ਹੋਈ ਹੈ। ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਆਖਿਆ ਕਿ ਮਾਝੇ ਵਿਚ ਕਿਸਾਨ ਪੂਸਾ 1509 ਕਿਸਮ ਲਈ ਸਿੱਧੀ ਬਿਜਾਈ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਬਾਸਮਤੀ ਦੇ ਰਕਬੇ ਵਿਚ ਕਰੀਬ 40 ਫ਼ੀਸਦੀ ਵਾਧੇ ਦਾ ਟੀਚਾ ਮਿਥਿਆ ਗਿਆ ਹੈ। ਦੱਸਣਯੋਗ ਹੈ ਕਿ ਮਾਝਾ ਖ਼ਿੱਤੇ ਦੇ ਜ਼ਿਲ੍ਹਾ ਤਰਨ ਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਵਿਚ ਬਾਸਮਤੀ ਬੀਜਣ ਦਾ ਕਾਫ਼ੀ ਰੁਝਾਨ ਹੈ। ਬਾਸਮਤੀ ਦੀ ਗੁਣਵੱਤਾ ਕਾਇਮ ਰੱਖਣ ਲਈ ਸੂਬਾ ਸਰਕਾਰ ਨੇ ਕਈ ਕੀਟਨਾਸ਼ਕਾਂ ’ਤੇ ਪਾਬੰਦੀ ਵੀ ਲਗਾਈ ਹੈ ਤਾਂ ਕਿ ਕੌਮਾਂਤਰੀ ਬਾਜ਼ਾਰ ਵਿਚ ਪੰਜਾਬ ਦੀ ਬਾਸਮਤੀ ਦਾ ਮੁੱਲ ਪਵੇ। ਖੇਤੀਬਾੜੀ ਵਿਭਾਗ ਨੇ ਪਿਛਲੇ ਸਾਲ ਅੰਮ੍ਰਿਤਸਰ ਦੇ ਚੌਗਾਵਾਂ ਬਲਾਕ ਵਿੱਚ ‘ਕੀਟਨਾਸ਼ਕ ਮੁਕਤ ਬਾਸਮਤੀ’ ਦੀ ਕਾਸ਼ਤ ਕਰਕੇ ਤਜਰਬਾ ਵੀ ਕੀਤਾ ਸੀ। ਪੰਜਾਬ ਦੇ ਅੰਮ੍ਰਿਤਸਰ, ਪਠਾਨਕੋਟ, ਤਰਨ ਤਾਰਨ ਅਤੇ ਗੁਰਦਾਸਪੁਰ ਤੋਂ ਇਲਾਵਾ ਫ਼ਿਰੋਜ਼ਪੁਰ, ਫ਼ਾਜ਼ਿਲਕਾ ਤੇ ਹੁਸ਼ਿਆਰਪੁਰ ਦੇ ਕੁੱਝ ਹਿੱਸਿਆਂ ਵਿਚ ਬਾਸਮਤੀ ਦੀ ਬਿਜਾਈ ਸ਼ੁਰੂ ਹੋ ਗਈ ਹੈ। ਇਸ ਖ਼ਿੱਤੇ ਵਿਚ ਬਾਸਮਤੀ ਦੀ ਕਿਸਮ ਪੂਸਾ 1509, ਪੂਸਾ 1847, ਪੂਸਾ 1121, ਪੂਸਾ 1718 ਅਤੇ ਪੀਬੀ- 7 ਜ਼ਿਆਦਾ ਬੀਜੀ ਜਾ ਰਹੀ ਹੈ।

Advertisement

Advertisement
Advertisement