ਬਾਸਕਟਬਾਲ ਦਾ ਜਾਦੂਗਰ ਮੈਜਿਕ ਜੌਹਨਸਨ
ਪ੍ਰਿੰ. ਸਰਵਣ ਸਿੰਘ
ਜੌਹਨਸਨ ਨੂੰ ਉਹਦੀ ਜਾਦੂਮਈ ਖੇਡ ਸਦਕਾ ਮੈਜਿਕ ਜੌਹਨਸਨ ਕਿਹਾ ਜਾਂਦੈ। ਉਹ ਹੈ ਹੀ ਬਾਸਕਟਬਾਲ ਦੀ ਖੇਡ ਦਾ ਜਾਦੂਗਰ। ਇਹ ਖ਼ਿਤਾਬ ਉਸ ਨੂੰ 15 ਸਾਲ ਦੀ ਉਮਰ ’ਚ ਮਿਲ ਗਿਆ ਸੀ। ਬਾਲ ਦੀਆਂ ਬੱਚੀਆਂ ਪੁਆਉਂਦਾ ਉਹ ਅਜਿਹੀਆਂ ਝਕਾਨੀਆਂ ਦਿੰਦਾ ਕਿ ਦੇਖਣ ਵਾਲੇ ਦੰਗ ਰਹਿ ਜਾਂਦੇ! ਉਹਦੀਆਂ ਵਧੇਰੇ ਬਾਸਕਟਾਂ ਤਿੰਨ ਅੰਕੀ ਹੁੰਦੀਆਂ। ਆਪਣੇ ਖੇਡ ਕਰੀਅਰ ਦੌਰਾਨ ਉਸ ਨੇ ਹਜ਼ਾਰਾਂ ਅੰਕ ਬਣਾਏ। ਉਹਦਾ ਪੂਰਾ ਨਾਂ ਈਅਰਵਿਨ ਜੌਨਹਸਨ ਜੂਨੀਅਰ ਹੈ। ਦੁਨੀਆ ਦੇ ਸਟਾਰ ਬਾਸਕਟਬਾਲ ਖਿਡਾਰੀਆਂ ’ਚ ਉਹ ਆਪਣੀ ਵੱਖਰੀ ਪਛਾਣ ਰੱਖਦਾ ਹੈ। ਉਸ ਨੇ ਖਿਡਾਰੀ ਹੋਣ ਕਰਕੇ ਹੀ ਨਹੀਂ ਬਲਕਿ ਬਹੁਪੱਖੀ ਸ਼ਖ਼ਸੀਅਤ ਹੋਣ ਪੱਖੋਂ ਵੀ ਬੜੇ ਮਾਣ ਸਨਮਾਨ ਹਾਸਲ ਕੀਤੇ।
ਆਪਣੇ 20 ਸਾਲ ਦੇ ਖੇਡ ਕਰੀਅਰ ਦੌਰਾਨ ਉਸ ਨੇ 14 ਵੱਡੀਆਂ ਚੈਂਪੀਅਨਸ਼ਿਪਾਂ ਜਿੱਤੀਆਂ। ਇੱਕ ਚੈਂਪੀਅਨਸ਼ਿਪ ਕਾਲਜ ਪੜ੍ਹਦਿਆਂ, 5 ਚੈਂਪੀਅਨਸ਼ਿਪਾਂ ਐੱਨ.ਬੀ.ਏ. ਦੀਆਂ ਤੇ 8 ਆਪਣੀ ਵੱਖਰੀ ਟੀਮ ਬਣਾ ਕੇ ਜਿੱਤੀਆਂ। ਕਈ ਨਵੇਂ ਰਿਕਾਰਡ ਰੱਖੇ। ਉਸ ਨੇ ਐੱਨਬੀਏ ਦੇ 12 ਸੀਜ਼ਨ ਖੇਡੇ, ਜਿਨ੍ਹਾਂ ’ਚ 9 ਵਾਰ ਫਾਈਨਲ ਵਿੱਚ ਪੁੱਜਾ ਤੇ 5 ਵਾਰ ਚੈਂਪੀਅਨਸ਼ਿਪ ਜਿੱਤੀ। 3 ਵਾਰ ਐੱਮਬੀਏ ਦਾ ਐੱਮ.ਵੀ.ਪੀ. ਯਾਨੀ ਮੋਸਟ ਵੈਲਿਊਏਬਲ ਪਲੇਅਰ ਐਲਾਨਿਆ ਗਿਆ। ਉਹਦੀ ਹਾਜ਼ਰੀ ਖੇਡ ਮੈਦਾਨ ’ਚ ਹੀ ਨਹੀਂ, ਜੀਵਨ ਦੇ ਹਰ ਖੇਤਰ ਵਿੱਚ ਦਿਸਦੀ ਹੈ। ਉਹ ਵਿਸ਼ਵ ਦਾ ਵੀ.ਆਈ.ਪੀ. ਹੈ ਜਿਸ ਦੀ ਅਮਰੀਕਾ ਦੇ ਪ੍ਰਧਾਨ ਤੇ ਹੋਰਨਾਂ ਦੇਸ਼ਾਂ ਦੇ ਹਾਕਮ ਵੀ ਕਦਰ ਕਰਦੇ ਹਨ। ਏਡਜ਼ ਦੇ ਮਰੀਜ਼ਾਂ ਲਈ ਉਹ ਹੌਸਲੇ ਤੇ ਪ੍ਰੇਰਨਾ ਦਾ ਸੋਮਾ ਹੈ। ਉਹਦਾ ਨਾਂ ਅਨੇਕਾਂ ਸ਼ਹਿਰਾਂ ਦੇ ‘ਹਾਲ ਆਫ ਆਨਰ’ ਵਿੱਚ ਉੱਕਰਿਆ ਗਿਆ। ਉਹ ਅਜੇ ਵੀ ਪੂਰਾ ਸਰਗਰਮ ਹੈ ਅਤੇ ਵੱਡੀ ਪੱਧਰ ’ਤੇ ਕਈ ਤਰ੍ਹਾਂ ਦੇ ਬਿਜ਼ਨੈੱਸ ਚਲਾ ਰਿਹੈ।
ਉਹਦਾ ਜਨਮ 14 ਅਗਸਤ 1959 ਨੂੰ ਲੈਂਸਿੰਗ ਵਿਖੇ ਮਿਸ਼ੀਗਨ ਸਟੇਟ ’ਚ ਹੋਇਆ। ਉਸ ਦੇ ਪਿਤਾ ਈਅਰਵਿਨ ਸੀਨੀਅਰ ਤੇ ਮਾਂ ਕ੍ਰਿਸਟਾਈਨ ਜੌਨਹਸਨ ਦੇ 6 ਬੱਚੇ ਸਨ। ਬਾਪ ਦੇ ਤਿੰਨ ਬੱਚੇ ਪਹਿਲੀ ਪਤਨੀ ਦੇ ਵੀ ਸਨ। ਉਨ੍ਹਾਂ ਦਾ ਵੱਡਾ ਪਰਿਵਾਰ ਮੱਧ ਵਰਗੀ ਸੀ। ਬਾਪ ਮੋਟਰਜ਼ ਅਸੈਂਬਲੀ ਦੇ ਕਾਰੋਬਾਰ ਦਾ ਆਟੋ ਕਰਮਚਾਰੀ ਸੀ ਤੇ ਮਾਂ ਸਕੂਲ ਦੀ ਸੇਵਾਦਾਰ ਸੀ। ਵੱਡੇ ਪਰਿਵਾਰ ਨੂੰ ਪਾਲਣ ਲਈ ਮਾਂ-ਬਾਪ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਸੀ। ਮਾਂ ਸਕੂਲੋਂ ਪਰਤ ਕੇ ਘਰ ਦੀ ਸਾਫ਼ ਸਫ਼ਾਈ, ਬੱਚਿਆਂ ਦੀ ਦੇਖਭਾਲ ਤੇ ਟੱਬਰ ਦੇ ਜੀਆਂ ਦਾ ਖਾਣਾ ਤਿਆਰ ਕਰਦੀ। ਬਾਪ ਕਾਰਾਂ ਦੀ ਮੁਰੰਮਤ ਤੇ ਕਾਰਖਾਨੇ ਦੀ ਪਹਿਰੇਦਾਰੀ ਕਰ ਕੇ ਖਾਅ-ਪੀ ਕੇ ਘਰ ਮੁੜਦਾ ਤੇ ਤੜਕੇ ਫਿਰ ਕੰਮ ’ਤੇ ਨਿਕਲ ਜਾਂਦਾ। ਮਾਪਿਆਂ ਦੀ ਸਖ਼ਤ ਮਿਹਨਤ ਦਾ ਪ੍ਰਭਾਵ ਬਾਲਕ ਜੌਨਹਸਨ ’ਤੇ ਵੀ ਪਿਆ ਤੇ ਉਹ ਬਚਪਨ ਤੋਂ ਹੀ ਮਿਹਨਤੀ ਬਣ ਗਿਆ। ਉਹ ਵੀ ਕਦੇ ਕਦੇ ਮਾਂ-ਬਾਪ ਨਾਲ ਕੰਮ ’ਚ ਹੱਥ ਵਟਾਉਂਦਾ। ਜਦ ਉਹ ਬਾਪ ਨਾਲ ਕੂੜੇ ਕਚਰੇ ਦੀ ਸਾਫ਼ ਸਫ਼ਾਈ ਕਰਾਉਂਦਾ ਤਾਂ ਉਹਦੇ ਬਚਪਨ ਦੇ ਸਾਥੀ ਉਸ ਨੂੰ ਛੇੜਦੇ। ਮਾਂ ਐਤਵਾਰ ਨੂੰ ਬੱਚਿਆਂ ਨੂੰ ਚਰਚ ਲੈ ਜਾਂਦੀ।
ਉਦੋਂ ਕਿਸੇ ਦੇ ਖ਼ਾਬ ਖ਼ਿਆਲ ਵਿੱਚ ਵੀ ਨਹੀਂ ਹੋਣਾ ਕਿ ਇਹ ਸਾਧਾਰਨ ਬੱਚਾ ਵੱਡਾ ਹੋ ਕੇ ਬਾਸਕਟਬਾਲ ਦੀ ਖੇਡ ਦਾ ਐਸਾ ਸਟਾਰ ਬਣੇਗਾ ਜਿਸ ਦੀ ਕਮਾਈ ਬਿਲੀਅਨ ਡਾਲਰਾਂ ਤੱਕ ਪੁੱਜ ਜਾਵੇਗੀ। ਉਹਦਾ ਬਾਪ ਆਪ ਬਾਸਕਟਬਾਲ ਦਾ ਖਿਡਾਰੀ ਸੀ ਜੋ ਹਾਈ ਸਕੂਲ ਮਿੱਸੀਸਿੱਪੀ ਵਿੱਚ ਬਾਸਕਟਬਾਲ ਖੇਡਦਾ ਰਿਹਾ ਸੀ। ਉਸ ਦੀ ਮਾਂ ਨਾਰਥ ਕੈਰੋਲੀਨਾ ਤੋਂ ਸੀ। ਉਹ ਵੀ ਬਚਪਨ ਵਿੱਚ ਬਾਸਕਟਬਾਲ ਖੇਡਦੀ ਰਹੀ ਸੀ। ਉਸ ਦੇ ਮਾਮੇ ਵੀ ਬਾਸਕਟਬਾਲ ਦੇ ਖਿਡਾਰੀ ਸਨ। ਇੰਜ ਬਾਸਕਟਬਾਲ ਦੀ ਖੇਡ ਜੌਨਹਸਨ ਜੂਨੀਅਰ ਦੇ ਲਹੂ ਵਿੱਚ ਸਮਾਈ ਹੋਈ ਸੀ। ਟੀਵੀ ਤੋਂ ਮੈਚ ਵੇਖਦਿਆਂ ਉਹ ਬਿੱਲ ਰੱਸਲ, ਅਰਲ ਮੋਨਰੋ ਤੇ ਮਾਰਕੁਏਜ਼ ਹੇਨਜ਼ ਵਰਗੇ ਖਿਡਾਰੀਆਂ ਦੀ ਖੇਡ ਦਾ ਮੁਰੀਦ ਬਣ ਗਿਆ। ਉਨ੍ਹਾਂ ਵਰਗਾ ਬਣਨ ਲਈ ਉਹ ਸਕੂਲੇ ਪੜ੍ਹਦਿਆਂ ਵਧੇਰੇ ਸਮਾਂ ਬਾਸਕਟਬਾਲ ਹੀ ਖੇਡਦਾ ਰਹਿੰਦਾ।
ਜਦੋਂ ਉਹ ਅੱਠਵੇਂ ਗਰੇਡ ’ਚ ਹੋਇਆ ਤਾਂ ਉਸ ਨੂੰ ਆਪਣਾ ਭਵਿੱਖ ਬਾਸਕਟਬਾਲ ਦੀ ਖੇਡ ਵਿੱਚ ਵਿਖਾਈ ਦੇਣ ਲੱਗਾ। ਉਹ ਆਪਣੇ ਹਾਣੀਆਂ ’ਚ ਸਭ ਤੋਂ ਤਕੜਾ ਖਿਡਾਰੀ ਸੀ। ਇੱਕ ਸਕੂਲੀ ਮੈਚ ਵਿੱਚ ਉਸ ਨੇ 48 ਅੰਕ ਲੈ ਕੇ ਕਮਾਲ ਹੀ ਕਰ ਦਿੱਤੀ। ਉਦੋਂ ਸੈਕਸਟਨ ਹਾਈ ਸਕੂਲ ਦੀ ਬਾਸਕਟਬਾਲ ਟੀਮ ਬਹੁਤ ਤਕੜੀ ਹੁੰਦੀ ਸੀ। ਉਸ ਨੇ ਜੌਨਹਸਨ ਜੂਨੀਅਰ ਨੂੰ ਆਪਣੀ ਟੀਮ ਵਿੱਚ ਪਾ ਲਿਆ। ਉਹ ਸਕੂਲ ਸੀ ਵੀ ਉਹਦੇ ਘਰ ਦੇ ਨੇੜੇ। ਫਿਰ ਉਹ ਐਵਰੈਟ ਹਾਈ ਸਕੂਲ ਦੀ ਟੀਮ ਵਿੱਚ ਚਲਾ ਗਿਆ ਜਿੱਥੇ ਬਾਸਕਟਬਾਲ ਦਾ ਕੋਚ ਬੜੀ ਵਧੀਆ ਕੋਚਿੰਗ ਦਿੰਦਾ ਸੀ। ਉੱਥੇ ਉਸ ਦੀ ਖੇਡ ਹੋਰ ਵੀ ਨਿੱਖਰ ਗਈ। ਉਸ ਨੂੰ ਖੇਡ ਟੂਰ ਲਾਉਣ ਦੇ ਵੀ ਵਧੇਰੇ ਮੌਕੇ ਮਿਲਣ ਲੱਗੇ।
ਇੰਟਰ ਸਕੂਲਾਂ ਦੇ ਇੱਕ ਹੋਰ ਮੈਚ ਵਿੱਚ ਉਸ ਨੇ 36 ਅੰਕ ਹਾਸਲ ਕੀਤੇ ਤਾਂ ਖੇਡ ਲੇਖਕ ਫਰੈੱਡ ਸਟੈਬਲੇ ਨੇ ਉਸ ਦੀ ਖੇਡ ਨੂੰ ਬੜਾ ਵਡਿਆਇਆ। ਅਖ਼ਬਾਰਾਂ ਵਿੱਚ ਉਹਦੀ ਚੰਗੀ ਚਰਚਾ ਹੋਈ। 15 ਸਾਲ ਦੀ ਉਮਰ ’ਚ ਹੀ ਉਸ ਨੂੰ ‘ਮੈਜਿਕ’ ਜੌਨਹਸਨ ਕਿਹਾ ਜਾਣ ਲੱਗਾ। ਉਸ ਨੇ ਐਵਰੈਟ ਸਕੂਲ ਦੀ ਅਗਵਾਈ ਕੀਤੀ ਤੇ ਸਟੇਟ ਪੱਧਰ ’ਤੇ ਜਿੱਤ ਦਿਲਵਾਈ। ਉੱਥੇ ਉਹ ਸਟੇਟ ਦੇ ਸਕੂਲਾਂ ਦਾ ਸਰਬੋਤਮ ਖਿਡਾਰੀ ਸਿੱਧ ਹੋਇਆ। 1977 ’ਚ ਕੈਪੀਟਲ ਕਲਾਸਿਕ ਟੂਰਨਾਮੈਂਟ ਖੇਡਣ ਲਈ ਉਸ ਨੂੰ ਮੈਕਡਾਨਲਡ ਆਲ ਅਮਰੀਕਨ ਟੀਮ ਦਾ ਮੈਂਬਰ ਬਣਾਇਆ ਗਿਆ। ਇੰਜ ਉਹ ਮਿਸ਼ੀਗਨ ਦੇ ਹਾਈ ਸਕੂਲਾਂ ਦਾ ਸਭ ਤੋਂ ਹੋਣਹਾਰ ਖਿਡਾਰੀ ਸਮਝਿਆ ਗਿਆ।
ਉਸ ਦੀ ਖੇਡ ’ਚ ਵੱਡਾ ਸੁਧਾਰ ਉਦੋਂ ਹੋਇਆ ਜਦੋਂ ਉਹ ਮਿਸ਼ੀਗਨ ਸਟੇਟ ਯੂਨੀਵਰਸਿਟੀ ਵਿੱਚ ਦਾਖਲ ਹੋਇਆ। ਉਸ ਨੇ ਯੂਨੀਵਰਸਿਟੀ ਦੀ ਟੀਮ ਵਿੱਚ ਸਰਬੋਤਮ ਸਥਾਨ ਹਾਸਲ ਕੀਤਾ। 1979 ਵਿੱਚ ਉਸ ਨੇ ਟੀਮ ਨੂੰ ਐੱਨਸੀਏਏ ਬਾਸਕਟਬਾਲ ਟੂਰਨਾਮੈਂਟ ਜਿਤਵਾਇਆ। ਫਾਈਨਲ ਵਿੱਚ ਮਿਸ਼ੀਗਨ ਸਟੇਟ ਦੀ ਟੀਮ ਇੰਡੀਆਨਾ ਦੇ ਲੈਰੀ ਬਾਰਡ ਦੀ ਅਗਵਾਈ ਵਾਲੀ ਇੰਡੀਆਨਾ ਸਟੇਟ ਦੀ ਟੀਮ ਨੂੰ ਹਰਾ ਕੇ ਮੈਚ ਜਿੱਤੀ। ਉਹ ਮੈਚ ਬਾਸਕਟਬਾਲ ਪ੍ਰੇਮੀਆਂ ਨੇ ਐੱਨਬੀਏ ਦੇ ਫਾਈਨਲ ਮੈਚ ਵਾਂਗ ਹੀ ਟੀਵੀ ਤੋਂ ਵੱਡੀ ਗਿਣਤੀ ਵਿੱਚ ਵੇਖਿਆ। ਇਹ ਮੈਚ ਮੈਜਿਕ ਜੌਨਹਸਨ ਤੇ ਲੈਰੀ ਬਾਰਡ ਦਰਮਿਆਨ ਸ਼ੁਰੂ ਹੋਈ ਗਹਿਗੱਚ ਮੁਕਾਬਲਿਆਂ ਦੀ ਸ਼ੁਰੂਆਤ ਸੀ ਜੋ ਅਗਲੇ ਕਈ ਸਾਲ ਐੱਨਬੀਏ ਦੀਆਂ ਚੈਂਪੀਅਨਸ਼ਿਪਾਂ ਵਿੱਚ ਵੀ ਜਾਰੀ ਰਹੀ। ਦੋਵੇਂ ਸਟਾਰ ਖਿਡਾਰੀ ਦੇਰ ਤੱਕ ਬਾਸਕਟਬਾਲ ਦੇ ਅੰਬਰ ’ਤੇ ਛਾਏ ਰਹੇ।
ਮਿਸ਼ੀਗਨ ਸਟੇਟ ’ਚ ਝੰਡੇ ਗੱਡਣ ਪਿੱਛੋਂ 1979 ਵਿੱਚ ਮੈਜਿਕ ਜੌਨਹਸਨ ਨੇ ਐੱਮਬੀਏ ਡਰਾਫਟ ’ਚ ਦਾਖਲਾ ਲਿਆ। ਉੱਥੇ ਉਸ ਨੂੰ ਲਾਸ ਏਂਜਲਸ ਲੇਕਰਜ਼ ਨੇ ਆਪਣੀ ਟੀਮ ਵਿੱਚ ਚੁਣ ਲਿਆ ਜੋ ਉਸ ਦੀ ਵੱਡੀ ਪ੍ਰਾਪਤੀ ਸੀ। ਅਜੇ ਉਹ ਵੀਹਵੇਂ ਸਾਲ ’ਚ ਸੀ ਕਿ ਨਾਮਵਰ ਕਲੱਬ ਲਾਸ ਏਂਜਲਸ ਲੇਕਰਜ਼ ਵੱਲੋਂ ਐੱਨਬੀਏ ਚੈਂਪੀਅਨਸ਼ਿਪ ਖੇਡਣ ਲੱਗਾ। ਉਸ ਦੀ ਸ਼ੁਰੂਆਤ ਏਨੀ ਕਮਾਲ ਦੀ ਹੋਈ ਕਿ ਉਸ ਨੇ ਆਪਣੇ ਪਹਿਲੇ ਸੀਜ਼ਨ ਵਿੱਚ ਹੀ ਲੇਕਰਜ਼ ਨੂੰ ਫਾਈਨਲ ਵਿੱਚ ਪਹੁੰਚਾ ਦਿੱਤਾ। 1980 ’ਚ ਆਪਣੇ ਡੈਬਿਊ ਸੀਜ਼ਨ ਦੌਰਾਨ ਸੈਂਟਰ ਫਾਰਵਰਡ ਖੇਡਦੇ ਹੋਏ 42 ਅੰਕ ਹਾਸਲ ਕੀਤੇ ਜਿਨ੍ਹਾਂ ਨਾਲ ਚੈਂਪੀਅਨਸ਼ਿਪ ਜਿੱਤੀ ਗਈ। ਇਸ ਜਿੱਤ ਨੇ ਮੈਜਿਕ ਜੌਨਹਸਨ ਨੂੰ ਬਾਸਕਟਬਾਲ ਦੇ ਨਵੇਂ ਸਿਤਾਰੇ ਵਜੋਂ ਚਮਕਾਇਆ। ਨਾ ਸਿਰਫ਼ ਚਮਕਾਇਆ ਬਲਕਿ ਧਰੂ ਤਾਰੇ ਵਾਂਗ ਸਥਾਪਿਤ ਕਰ ਦਿੱਤਾ। ਬਾਸਕਟਬਾਲ ਦਾ ਅਗਲਾ ਸਮਾਂ ਹੁਣ ਉਹਦਾ ਸੀ ਜੋ ਸੱਚਮੁੱਚ ਉਹਦਾ ਹੀ ਸਾਬਤ ਹੋਇਆ।
1980 ਦੇ ਦਹਾਕੇ ਨੂੰ ‘ਸ਼ੋਅਟਾਈਮ ਲੇਕਰਜ਼’ ਦੇ ਯੁੱਗ ਵਜੋਂ ਜਾਣਿਆਂ ਜਾਂਦਾ ਹੈ ਜਿਸ ਦੀ ਅਗਵਾਈ ਮੈਜਿਕ ਜੌਨਹਸਨ ਕਰ ਰਿਹਾ ਸੀ। ਮੈਜਿਕ ਦੇ ਖੇਡਣ ਦਾ ਅੰਦਾਜ਼ ਬੜਾ ਦਿਲਕਸ਼ ਸੀ। ਉਹ ਆਪਣੀ ਖ਼ਾਸ ਅਦਾ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦਾ। ਉਸ ਦੀ ਲੰਮੇ ਪਾਸਾਂ ਤੇ ਤੇਜ਼ ਦੌੜ ਵਾਲੀ ਖੇਡ ਸ਼ੈਲੀ ਨੇ ਲਾਸ ਏਂਜਲਸ ਲੇਕਰਜ਼ ਨੂੰ ਅਜੇਤੂ ਟੀਮ ਬਣਾ ਦਿੱਤਾ। ਉਸ ਤੋਂ ਪਹਿਲਾਂ ਵੀ ਟੀਮ ਦੇ ਕੋਚ ਪੈਟ ਰਾਇਲੀ ਦੀ ਕੋਚਿੰਗ ਨੇ ਲੇਕਰਜ਼ ਨੂੰ ਪੂਰੀ ਦਮਦਾਰ ਟੀਮ ਬਣਾਇਆ ਹੋਇਆ ਸੀ।
1980-88 ਦਰਮਿਆਨ ਮੈਜਿਕ ਜੌਨਹਸਨ ਦੀ ਅਗਵਾਈ ਵਿੱਚ ਲੇਕਰਜ਼ ਨੇ ਪੰਜ ਵਾਰ ਐੱਨਬੀਏ ਦੀਆਂ ਚੈਂਪੀਅਨਸ਼ਿਪਾਂ ਜਿੱਤੀਆਂ। ਮੈਜਿਕ ਦੀ ਸੰਤੁਲਤ ਖੇਡ ਤੇ ਲੀਡਰਸ਼ਿਪ ਦੇ ਗੁਣਾਂ ਨੇ ਉਸ ਨੂੰ ਹੋਰ ਵੀ ਹਰਮਨ ਪਿਆਰਾ ਖਿਡਾਰੀ ਬਣਾ ਦਿੱਤਾ ਸੀ। ਉਸ ਨੇ ਵਾਰ ਵਾਰ ਸਾਬਤ ਕੀਤਾ ਕਿ ਉਹਦੀ ਖੇਡ ਕੇਵਲ ਸਕੋਰ ਹਾਸਲ ਕਰਨ ਤੱਕ ਹੀ ਸੀਮਤ ਨਹੀਂ ਬਲਕਿ ਪਾਸਿੰਗ, ਅਸਿਸਟਿੰਗ ਤੇ ਟੀਮ ਦੀ ਕਮਾਂਡ ਕਰਨ ’ਚ ਵੀ ਉਸ ਦਾ ਕੋਈ ਸਾਨੀ ਨਹੀਂ। ਉਹ ਅਜਿਹਾ ਖਿਡਾਰੀ ਸੀ ਜੋ ਪੁਆਇੰਟ ਗਾਰਡ ਤੋਂ ਲੈ ਕੇ ਕਿਸੇ ਵੀ ਸਥਾਨ ’ਤੇ ਖੇਡ ਸਕਦਾ ਸੀ।
ਜਿਵੇਂ ਹਰੇਕ ਖੇਡ ਹੀ ਕੁਝ ਖ਼ਾਸ ਖਿਡਾਰੀਆਂ ਦੇ ਨਾਵਾਂ ਕਰਕੇ ਵਧੇਰੇ ਦਰਸ਼ਕਾਂ ਵੱਲੋਂ ਵੇਖੀ ਜਾਂਦੀ ਹੈ ਉਵੇਂ ਸਾਂਵਲੇ ਰੰਗ ਦੇ ਮੈਜਿਕ ਜੌਨਹਸਨ ਤੇ ਗੋਰੇ ਰੰਗ ਦੇ ਲੈਰੀ ਬਾਰਡ ਦੇ ਮੁਕਾਬਲਿਆਂ ਸਮੇਂ ਵੇਖੀ ਜਾਂਦੀ ਸੀ। 1980ਵੇਂ ਦੇ ਦਹਾਕੇ ’ਚ ਲੇਕਰਜ਼ ਕਲੱਬ ਵੱਲੋਂ ਮੈਜਿਕ ਜੌਨਹਸਨ ਤੇ ਬੋਸਟਨ ਸੈਲਟਿਕਸ ਕਲੱਬ ਵੱਲੋਂ ਲੈਰੀ ਬਾਰਡ ਦੀ ਖੇਡ ਨੇ ਦਰਸ਼ਕਾਂ ਨੂੰ ਧੂਹ ਪਾਈ ਰੱਖੀ। 1984, 1985 ਤੇ 1987 ’ਚ ਐੱਨਬੀਏ ਦੇ ਜੋ ਫਾਈਨਲ ਮੁਕਾਬਲੇ ਹੋਏ ਉਹ ਬਾਸਕਟਬਾਲ ਦੇ ਇਤਿਹਾਸ ਵਿੱਚ ਸਭ ਤੋਂ ਯਾਦਗਾਰੀ ਗਿਣੇ ਜਾਂਦੇ ਹਨ।
ਮੈਜਿਕ ਜੌਨਹਸਨ ਦਾ ਕੱਦ 6 ਫੁੱਟ 9 ਇੰਚ ਹੈ ਤੇ ਖਿਡਾਰੀ ਹੋਣ ਵੇਲੇ ਸਰੀਰਕ ਵਜ਼ਨ 100 ਕਿਲੋ ਸੀ। ਉਸ ਦੀ ਜਰਸੀ ਦਾ ਨੰਬਰ 32 ਸੀ ਤੇ ਪੁਜੀਸ਼ਨ ਪੁਆਇੰਟ ਗਾਰਡ। ਉਸ ਦੇ ਖੇਡ ਕਰੀਅਰ ਨੂੰ ਤਿੰਨ ਭਾਗਾਂ ’ਚ ਵੰਡਿਆ ਜਾ ਸਕਦਾ ਹੈ। 1979-91 ਤੇ 1996 ਲਾਸ ਏਂਜਲਸ ਲੇਕਰਜ਼ ਵੱਲੋਂ ਅਤੇ 1999-2000 ਮੈਜਿਕ ਗ੍ਰੇਟ ਡੇਨਸ ਵੱਲੋਂ। 1994 ’ਚ ਉਹ ਲਾਸ ਏਂਜਲਸ ਲੇਕਰਜ਼ ਦਾ ਕੋਚ ਵੀ ਰਿਹਾ। 12 ਵਾਰ ਉਹ ਐੱਨਬੀਏ ਦੀ ਆਲ ਸਟਾਰ ਟੀਮ ਦਾ ਖਿਡਾਰੀ ਐਲਾਨਿਆ ਜਾਂਦਾ ਰਿਹਾ। 2 ਵਾਰ 1990 ਤੇ 1992 ’ਚ ਆਲ ਸਟਾਰ ਗੇਮ ਦਾ ਐੱਮਵੀਪੀ ਖਿਡਾਰੀ ਬਣਿਆ। ਉਸ ਨੇ 17707 ਪੁਆਇੰਟ ਲਏ, 6559 ਰੀਬਾਊਂਡ ਤੇ 10141 ਅੰਕ ਅਸਿਸਟ ਕੀਤੇ। ਉਹ ਬਾਸਕਟਬਾਲ ਦਾ ਹਾਲ ਆਫ ਫੇਮ ਖਿਡਾਰੀ ਬਣਿਆ। ਉਸ ਨੇ ਅਮਰੀਕਾ ਦੀ ਨੁਮਾਇੰਦਗੀ ਕਰਦਿਆਂ ਅਨੇਕ ਮੈਡਲ ਜਿੱਤੇ ਜਿਨ੍ਹਾਂ ’ਚ ਬਾਰਸੀਲੋਨਾ-1992 ਦੀਆਂ ਓਲੰਪਿਕ ਖੇਡਾਂ ਦਾ ਗੋਲਡ ਮੈਡਲ ਵੀ ਸ਼ਾਮਲ ਹੈ। ਅਮਰੀਕਾ ਦੀ ਉਸ ਟੀਮ ਨੂੰ ‘ਡਰੀਮ ਟੀਮ’ ਦਾ ਨਾਮ ਦਿੱਤਾ ਗਿਆ ਸੀ।
ਜਦੋਂ ਜੌਨਹਸਨ ਦੀ ਗੁੱਡੀ ਅਸਮਾਨ ’ਤੇ ਪੂਰੀ ਚੜ੍ਹੀ ਹੋਈ ਸੀ ਤਾਂ ਅਚਾਨਕ ਬਿੱਜ ਪੈ ਗਈ। ਉਸ ਨੂੰ ਐਲਾਨ ਕਰਨਾ ਪਿਆ ਕਿ ਉਹ ਐੱਚਆਈਵੀ ਦਾ ਮਰੀਜ਼ ਬਣ ਗਿਆ ਹੈ ਤੇ ਹੋਰ ਨਹੀਂ ਖੇਡ ਸਕੇਗਾ। ਉਸ ਦੇ ਪ੍ਰਸੰਸਕਾਂ ਨੂੰ ਬੜਾ ਸਦਮਾ ਲੱਗਾ। ਉਸ ਨੇ ਇਲਾਜ ਕਰਵਾਇਆ ਜਿਸ ਕਰਕੇ 1991 ਦਾ ਸੀਜ਼ਨ ਨਾ ਖੇਡਿਆ। 1992 ਵਿੱਚ ਉਹ ਫਿਰ ਮੈਦਾਨ ’ਚ ਨਿੱਤਰਿਆ ਤਾਂ ਦਰਸ਼ਕਾਂ ਨੂੰ ਦੂਣ ਸਵਾਈ ਖ਼ੁਸ਼ੀ ਹੋਈ। ਇਹ ਉਹ ਸਮਾਂ ਸੀ ਜਦੋਂ ਓਲੰਪਿਕ ਖੇਡਾਂ ਹੋਣ ਵਾਲੀਆਂ ਸਨ। ਮੈਜਿਕ ਜੌਨਹਸਨ ਨੂੰ ਅਮਰੀਕਾ ਦੀ ‘ਡਰੀਮ ਟੀਮ’ ਦਾ ਕੋ-ਕਪਤਾਨ ਬਣਾਇਆ ਗਿਆ ਜਿਸ ਨੇ ਗੋਲਡ ਮੈਡਲ ਜਿੱਤ ਲਿਆ। ਉਸ ਪਿੱਛੋਂ ਉਹ ਸਰਗਰਮ ਖੇਡ ਤੋਂ ਫਿਰ ਰਿਟਾਇਰ ਹੋ ਗਿਆ ਤੇ 1996 ਤੱਕ ਟੂਰਨਾਮੈਂਟਾਂ ਤੋਂ ਪਾਸੇ ਰਿਹਾ।
1996 ’ਚ 36 ਸਾਲ ਦੀ ਉਮਰੇ ਉਹ ਫਿਰ ਲੇਕਰਜ਼ ਵੱਲੋਂ ਐੱਨਬੀਏ ਦੀ ਚੈਂਪੀਅਨਸ਼ਿਪ ਦੀਆਂ 32 ਗੇਮਾਂ ਖੇਡਿਆ। ਫਿਰ ਉਸ ਨੇ ਮੈਜਿਕ ਜੌਨਹਸਨ ਆਲ ਸਟਾਰਜ਼ ਨਾਂ ਦੀ ਟੀਮ ਬਣਾ ਕੇ ਨੁਮਾਇਸ਼ੀ ਮੈਚ ਖੇਡਣੇ ਸ਼ੁਰੂ ਕਰ ਲਏ। ਨਾਲ ਦੀ ਨਾਲ ਐੱਚਵੀਆਈ ਤੋਂ ਬਚਣ ਦਾ ਪ੍ਰਚਾਰ ਵੀ ਕਰਦਾ ਰਿਹਾ। ਆਖ਼ਰ 39 ਸਾਲ ਦੀ ਉਮਰੇ 2000 ਵਿੱਚ ਉਸ ਨੇ ਬਾਸਕਟਬਾਲ ਖੇਡਣ ਤੋਂ ਰਿਟਾਇਰਮੈਂਟ ਲੈ ਲਈ ਤੇ ਆਪਣਾ ਬਿਜ਼ਨੈੱਸ ਚਲਾ ਲਿਆ।
ਉਹ ਕਾਰੋਬਾਰੀ ਹੋਣ ਨਾਲ ਬ੍ਰਾਡਕਸਟਰ ਵੀ ਹੈ ਤੇ ਮੋਟੀਵੇਸ਼ਨਲ ਬੁਲਾਰਾ ਵੀ। ਲੋੜੜੰਦਾਂ ਨੂੰ ਕੰਮ ਦੇਣ ਤੇ ਦਾਨ ਕਰਨ ’ਚ ਵੀ ਕਿਸੇ ਤੋਂ ਪਿੱਛੇ ਨਹੀਂ। ਉਹ ਕੁਝ ਸਾਲਾਂ ਤੋਂ ਲਾਸ ਏਂਜਲਸ ਲੇਕਰਜ਼ ਦਾ ਹਿੱਸੇਦਾਰ ਮਾਲਕ ਤੇ ਉਸ ਦੀਆਂ ਸਰਗਰਮੀਆਂ ਦਾ ਪ੍ਰਧਾਨ ਵੀ ਰਿਹਾ ਹੈ। ਉਹ ਗੁੱਗਨਹੀਮ ਬੇਸਬਾਲ ਮੈਨੇਜਮੈਂਟ ਦਾ ਮੁੱਢਲਾ ਮੈਂਬਰ ਹੈ ਅਤੇ ਹੋਰ ਵੀ ਕਈ ਕਲੱਬਾਂ ਤੇ ਸੰਸਥਾਵਾਂ ਨਾਲ ਜੁੜਿਆ ਹੋਇਆ ਹੈ।
ਜੌਨਹਸਨ ਦਾ ਵਿਆਹ ਈਅਰਲਿਥਾ ਕੁੱਕੀ ਨਾਲ ਲਾਂਸਿਗ ਵਿਖੇ 1991 ਵਿੱਚ ਹੋਇਆ। ਬਰਾਤ ਵਿੱਚ ਗਿਣਵੇਂ ਚੁਣਵੇਂ ਖਿਡਾਰੀ ਹੀ ਸਨ। ਉਹਦਾ ਪਹਿਲਾ ਬੱਚਾ ਆਂਦਰੇ ਜੌਨਹਸਨ, ਇੱਕ ਹੋਰ ਔਰਤ ਮੇਲੀਸਾ ਮਿੱਛਲ ਦੀ ਕੁੱਖੋਂ 1981 ’ਚ ਪੈਦਾ ਹੋਇਆ ਸੀ। ਉਸ ਨੂੰ ਉਹਦੀ ਮਾਂ ਨੇ ਹੀ ਪਾਲਿਆ। ਉਹ ਹਰ ਸਾਲ ਗਰਮੀਆਂ ਵਿੱਚ ਬਾਪ ਕੋਲ ਆਉਂਦਾ ਰਿਹਾ। ਹੁਣ ਉਹ ਮੈਜਿਕ ਜੌਨਹਸਨ ਐਂਟਰਪ੍ਰਾਈਜਸ ਦਾ ਮਾਰਕੀਟਿੰਗ ਡਾਇਰੈਕਟਰ ਹੈ।
ਜੌਨਹਸਨ ਦਾ ਦੂਜਾ ਪੁੱਤਰ ਈਅਰਵਿਨ ।।। (ਈਜੇ) ਰਿਐਲਿਟੀ ਸ਼ੋਅ ‘ਰਿਚ ਕਿਡਜ਼ ਆਫ ਬੇਵੇਰਲੀ ਹਿੱਲਜ਼’ ਦਾ ਸਟਾਰ ਹੈ। ਜੌਨਹਸਨ ਜੋੜੇ ਨੇ 1995 ’ਚ ਈਲੀਸਾ ਨਾਂ ਦੀ ਲੜਕੀ ਵੀ ਗੋਦ ਲਈ ਹੈ। ਹੁਣ ਮੈਜਿਕ ਜੌਨਹਸਨ, ਦਾਨਾ ਪੁਆਇੰਟ, ਕੈਲੀਫੋਰਨੀਆ ਵਿਖੇ ਛੁੱਟੀਆਂ ਮਨਾਉਣ ਵਾਲੇ ਘਰ ਬੇਵੇਰਲੀ ਹਿੱਲਜ਼ ਵਿੱਚ ਰਹਿੰਦਾ ਹੈ। ਲੇਕਰਜ਼ ਦੇ ਮਾਲਕ ਜੈਰੀ ਬੁੱਸ ਨੂੰ ਉਹ ਆਪਣਾ ਦੂਜਾ ਬਾਪ ਸਮਝਦਾ ਸੀ ਤੇ ਉਸ ਦਾ ਆਪਣੇ ਬਾਪ ਵਾਂਗ ਹੀ ਆਦਰ ਮਾਣ ਕਰਦਾ ਸੀ। ਜੈਰੀ ਬੁੱਸ ਦੀ 2013 ਵਿੱਚ ਕੈਂਸਰ ਨਾਲ ਮੌਤ ਹੋਈ ਤਾਂ ਉਸ ਨੇ ਸਭ ਤੋਂ ਵੱਧ ਸੋਗ ਮਨਾਇਆ। ਉਦੋਂ ਮੀਡੀਆ ਵਿੱਚ ਉਸ ਨੇ ਬਿਆਨ ਦਿੱਤਾ, “ਡਾ. ਜੈਰੀ ਬੁੱਸ ਬਿਨਾਂ ਉਹ ‘ਮੈਜਿਕ’ ਨਹੀਂ, ਕੇਵਲ ਜੌਨਹਸਨ ਹੀ ਸੀ।”
ਮੈਜਿਕ ਜੌਨਹਸਨ ਨੂੰ ਮਿਲੇ ਮਾਨ ਸਨਮਾਨਾਂ ਦਾ ਕੋਈ ਅੰਤ ਨਹੀਂ। 1992 ’ਚ ਉਸ ਨੂੰ ਜੇ. ਵਾਲਟਰ ਕੈਨੇਡੀ ਸਿਟੀਜ਼ਨਸ਼ਿਪ ਐਵਾਰਡ ਮਿਲਿਆ। 1996 ਵਿੱਚ ਉਹ ਐੱਨਬੀਏ ਇਤਿਹਾਸ ਦੇ 50 ਸਰਬੋਤਮ ਖਿਡਾਰੀਆਂ ’ਚ ਗਿਣਿਆ ਗਿਆ। 2021 ਵਿੱਚ ਐੱਨਬੀਏ ਦੀ 75ਵੀਂ ਵਰ੍ਹੇਗੰਢ ਟੀਮ ਵਿੱਚ ਚੁਣਿਆ ਗਿਆ ਤੇ ਉਸ ਦਾ ਬੁੱਤ ਕ੍ਰਿਪਟੋ. ਕਾਮ ਅਰੀਨਾ ਸਾਹਮਣੇ ਸਥਾਪਿਤ ਕੀਤਾ ਗਿਆ। ਉਹਦਾ ਇੱਕ ਹੋਰ ਸਟੈਚੂ ਮਿਸ਼ੀਗਨ ਸਟੇਟ ’ਚ ਲਾਇਆ ਗਿਆ। ਨਾਈਸਮਿੱਥ ਮੈਮੋਰੀਅਲ ਹਾਲ ਆਫ ਵਿੱਚ ਉਹਦਾ ਨਾਂ ਉੱਕਰਿਆ ਗਿਆ। ਫੀਬਾ ਹਾਲ ਆਫ ਫੇਮ ਵਿੱਚ ਉਹਦਾ ਨਾਂ ਚੜ੍ਹਿਆ। ਨੈਸ਼ਨਲ ਕਾਲਜੀਏਟ ਬਾਸਕਟਬਾਲ ਆਫ ਫੇਮ ਅਤੇ ਯੂ.ਐੱਸ. ਓਲੰਪਿਕ ਹਾਲ ਆਫ ਫੇਮ ਵਿੱਚ ਉਹਦੇ ਨਾਂ ਦੀ ਸ਼ੋਭਾ ਹੋਈ। ਐੱਨਏਏਸੀਪੀ ਇਮੇਜ਼ ਐਵਾਰਡ ਉਸ ਨੂੰ ਮਿਲੇ। 1992 ਦੇ ਜੈਕੀ ਰੋਬਿਨਸਨ ਸਪੋਰਟਸ ਐਵਾਰਡ ਤੋਂ ਲੈ ਕੇ ਗਰਾਮੀ ਐਵਾਰਡ ਤੇ ਸਟਾਰ ਆਨ ਦਾ ਹੌਲੀਵੁੱਡ ਵਾਕ ਆਫ ਫੇਮ ਤੱਕ ਦੇ ਐਵਾਰਡ ਵੀ ਉਸ ਨੂੰ ਮਿਲੇ।
2023 ਵਿੱਚ ਉਸ ਨੇ ਨੈਸ਼ਨਲ ਫੁੱਟਬਾਲ ਲੀਗ ਲਈ ‘ਵਾਸ਼ਿੰਗਟਨ ਕਮਾਂਡਰਜ਼’ ਨੂੰ 6.05 ਬਿਲੀਅਨ ਡਾਲਰਾਂ ਨਾਲ ਖ਼ਰੀਦਿਆ ਜੋ ਸਭ ਤੋਂ ਮਹਿੰਗੀ ਕੀਮਤ ਸੀ। 1991 ਤੋਂ ਉਸ ਨੇ ਮੈਜਿਕ ਜੌਨਹਸਨ ਫਾਊਂਡੇਸ਼ਨ ਬਣਾਈ ਹੋਈ ਹੈ ਜਿਸ ਦੇ ਸਮਾਜ ਸੇਵਾਵਾਂ ਲਈ ਦਾਨ ਦੇ ਲੇਖੇ ਲੱਖਾਂ ਕਰੋੜਾਂ ’ਚ ਹਨ। ਅਜੇ ਪਤਾ ਨਹੀਂ ਉਸ ਨੇ ਹੋਰ ਕੀ ਕੁਝ ਕਰਨਾ ਹੈ? ਈਅਰਵਿਨ ਜੌਨਹਸਨ ਨੂੰ ਐਵੇਂ ਨਹੀਂ ਲੋਕ ‘ਮੈਜਿਕ’ ਜੌਨਹਸਨ ਕਹਿੰਦੇ!
ਈ-ਮੇਲ: principalsarwansingh@gmail.com