ਬਾਸਕਟਬਾਲ: ਦਿੱਲੀ, ਇੰਡੀਅਨ ਰੇਲਵੇ ਤੇ ਤਾਮਿਲਨਾਡੂ ਨੇ ਜਿੱਤੇ ਮੈਚ
ਸਤਵਿੰਦਰ ਬਸਰਾ
ਲੁਧਿਆਣਾ, 8 ਦਸੰਬਰ
ਇੱਥੋਂ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਚੱਲ ਰਹੀ 73ਵੀਂ ਸੀਨੀਅਰ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਦੌਰਾਨ ਅੱਜ ਪੁਰਸ਼ਾਂ ਅਤੇ ਮਹਿਲਾਵਾਂ ਦੀਆਂ ਟੀਮਾਂ ਦੇ ਪ੍ਰੀ-ਕੁਆਰਟਰ ਅਤੇ ਕੁਆਰਟਰ ਫਾਈਨਲ ਮੁਕਾਬਲੇ ਕਰਵਾਏ ਗਏ। ਪੁਰਸ਼ਾਂ ਦੇ ਕੁਆਰਟਰ ਫਾਈਨਲ ਵਿੱਚ ਦਿੱਲੀ, ਇੰਡੀਅਨ ਰੇਲਵੇ, ਤਾਮਿਲਨਾਡੂ ਨੇ ਆਪੋ-ਆਪਣੇ ਮੈਚ ਜਿੱਤੇ। ਬਾਸਕਟਬਾਲ ਚੈਂਪੀਅਨਸ਼ਿਪ ਦੌਰਾਨ ਅੱਜ ਪੁਰਸ਼ਾਂ ਦੀਆਂ ਟੀਮਾਂ ਦੇ ਕੁਆਰਟਰ ਫਾਈਨਲ ਮੁਕਾਬਲਿਆਂ ਵਿੱਚ ਦਿੱਲੀ ਨੇ ਸਰਵਿਸਜ਼ ਨੂੰ 83-70 ਨਾਲ, ਇੰਡੀਅਨ ਰੇਲਵੇ ਨੇ ਰਾਜਸਥਾਨ ਨੂੰ 91-61 ਅਤੇ ਤਾਮਿਲਨਾਡੂ ਨੇ ਮੱਧ ਪ੍ਰਦੇਸ਼ ਨੂੰ 95-32 ਅੰਕਾਂ ਨਾਲ ਹਰਾ ਕੇ ਪਹਿਲੀਆਂ ਚਾਰ ਟੀਮਾਂ ਵਿੱਚ ਥਾਂ ਪੱਕੀ ਕੀਤੀ। ਸੈਮੀਫਾਈਨਲ ਵਿੱਚ ਤਾਮਿਲਨਾਡੂ ਦਾ ਦਿੱਲੀ ਨਾਲ ਅਤੇ ਇੰਡੀਅਨ ਰੇਲਵੇ ਦਾ ਪੰਜਾਬ ਅਤੇ ਕਰਨਾਟਕ ਵਿਚਾਲੇ ਮੈਚ ਦੀ ਜੇਤੂ ਟੀਮ ਨਾਲ ਮੁਕਾਬਲਾ ਹੋਵੇਗਾ।
ਮਹਿਲਾਵਾਂ ਦੇ ਕੁਆਰਟਰ ਫਾਈਨਲ ਵਿੱਚ ਤਾਮਿਲਨਾਡੂ ਨੇ ਦਿੱਲੀ ਨੂੰ 81-55, ਕਰਨਾਟਕਾ ਨੇ ਪੰਜਾਬ ਨੂੰ 60-45, ਕੇਰਲਾ ਨੇ ਛੱਤੀਸਗੜ੍ਹ ਨੂੰ 79-44 ਨਾਲ ਪਛਾੜਦਿਆਂ ਸੈਮੀਫਾਈਨਲ ਵਿੱਚ ਥਾਂ ਬਣਾਈ। ਇਸ ਤੋਂ ਪਹਿਲਾਂ ਅੱਜ ਮਹਿਲਾਵਾਂ ਦੇ ਪਹਿਲੇ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਵਿੱਚ ਛੱਤੀਸਗੜ੍ਹ ਦੀ ਟੀਮ ਨੇ ਮੱਧ ਪ੍ਰਦੇਸ਼ ਨੂੰ 79-65 ਅੰਕਾਂ ਨਾਲ ਹਰਾਇਆ। ਜੇਤੂ ਟੀਮ ਵੱਲੋਂ ਸ਼ਾਂਤੀ ਅਤੇ ਨਿਸ਼ਾ ਕਸ਼ੱਯਪ ਨੇ 17-17, ਦਿਵਿਯਾਨੀ ਨੇ 15, ਮੋਨੀ ਨੇ 14 ਅੰਕਾਂ ਦਾ ਯੋਗਦਾਨ ਪਾਇਆ। ਦੂਜੇ ਮੈਚ ’ਚ ਉੱਤਰ ਪ੍ਰਦੇਸ਼ ਨੇ ਗੁਜਰਾਤ ਦੀ ਟੀਮ ਨੂੰ 72-57 ਅੰਕਾਂ ਨਾਲ ਮਾਤ ਦਿੱਤੀ। ਜੇਤੂ ਟੀਮ ਵੱਲੋਂ ਨੈਨਸੀ ਨੇ 18, ਸ਼ਰੁਤੀ ਨੇ 15, ਬਰਖਾ ਨੇ 13 ਅੰਕਾਂ ਦਾ ਯੋਗਦਾਨ ਪਾਇਆ। ਪੁਰਸ਼ਾਂ ਦੀਆਂ ਟੀਮਾਂ ਦੇ ਪਹਿਲੇ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਵਿੱਚ ਕਰਨਾਟਕ ਨੇ ਕੇਰਲਾ ਨੂੰ 72-53 ਨਾਲ ਪਛਾੜਿਆ। ਜੇਤੂ ਟੀਮ ਵੱਲੋਂ ਅਭਿਸ਼ੇਕ ਨੇ 21, ਅਨਿਲ ਨੇ 19, ਆਰੋਮ ਨੇ 14 ਅੰਕ ਬਣਾਏ। ਦੂਜੇ ਮੈਚ ਵਿੱਚ ਮੱਧ ਪ੍ਰਦੇਸ਼ ਨੇ ਚੰਡੀਗੜ੍ਹ ਨੂੰ 84-54 ਅੰਕਾਂ ਦੇ ਫਰਕ ਨਾਲ ਹਰਾਇਆ।