For the best experience, open
https://m.punjabitribuneonline.com
on your mobile browser.
Advertisement

ਬੇਸਮੈਂਟ ਹਾਦਸਾ: ਕੋਚਿੰਗ ਸੈਂਟਰ ਦਾ ਮਾਲਕ ਤੇ ਕੋਆਰਡੀਨੇਟਰ ਗ੍ਰਿਫ਼ਤਾਰ

07:04 AM Jul 29, 2024 IST
ਬੇਸਮੈਂਟ ਹਾਦਸਾ  ਕੋਚਿੰਗ ਸੈਂਟਰ ਦਾ ਮਾਲਕ ਤੇ ਕੋਆਰਡੀਨੇਟਰ ਗ੍ਰਿਫ਼ਤਾਰ
ਦਿੱਲੀ ਦੇ ਕੋਚਿੰਗ ਸੈਂਟਰ ਦੇ ਬਾਹਰ ਤਾਇਨਾਤ ਵੱਡੀ ਗਿਣਤੀ ਸੁਰੱਖਿਆ ਕਰਮੀ। -ਫੋਟੋ: ਪੀਟੀਆਈ
Advertisement

ਮਨਧੀਰ ਸਿੰਘ ਦਿਓਲ/ਪੀਟੀਆਈ
ਨਵੀਂ ਦਿੱਲੀ, 28 ਜੁਲਾਈ
ਦਿੱਲੀ ਦੇ ਪੁਰਾਣੇ ਰਾਜਿੰਦਰ ਨਗਰ ਦੇ ਇੱਕ ਕੋਚਿੰਗ ਸੈਂਟਰ ’ਚ ਲੰਘੀ ਰਾਤ ਮੀਂਹ ਦਾ ਪਾਣੀ ਭਰਨ ਕਾਰਨ ਯੂਪੀਐੱਸਸੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਤਿੰਨ ਪ੍ਰੀਖਿਆਰਥੀਆਂ ਦੀ ਮੌਤ ਹੋਣ ਦੇ ਮਾਮਲੇ ’ਚ ਅੱਜ ਕੋਚਿੰਗ ਸੈਂਟਰ ਦੇ ਮਾਲਕ ਤੇ ਕੋਆਰਡੀਨੇਟਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮ੍ਰਿਤਕਾਂ ’ਚ ਦੋ ਲੜਕੀਆਂ ਵੀ ਸ਼ਾਮਲ ਹਨ। ਮ੍ਰਿਤਕਾਂ ਦੀ ਪਛਾਣ ਸ਼੍ਰੇਆ ਯਾਦਵ ਵਾਸੀ ਅੰਬੇਦਕਰ ਨਗਰ, ਉੱਤਰ ਪ੍ਰਦੇਸ਼, ਤਾਨਿਆ ਸੋਨੀ ਵਾਸੀ ਤਿਲੰਗਾਨਾ ਤੇ ਏਰਨਾਕੁਲਮ (ਕੇਰਲ) ਦੇ ਨਵੀਨ ਦਾਲਵਿਨ ਵਜੋਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੋਚਿੰਗ ਸੈਂਟਰ ਨੂੰ ਇਸ ਦੇ ਬੇਸਮੈਂਟ ਦੀ ਵਰਤੋਂ ਸਟੋਰ ਵਜੋਂ ਕਰਨ ਦੀ ਇਜਾਜ਼ਤ ਮਿਲੀ ਹੋਈ ਸੀ ਪਰ ਇਸ ਦੀ ਵਰਤੋਂ ਲਾਇਬਰੇਰੀ ਵਜੋਂ ਕੀਤੀ ਜਾ ਰਹੀ ਸੀ।
ਦਿੱਲੀ ਦੀ ਮੇਅਰ ਸ਼ੈਲੀ ਓਬਰਾਏ ਨੇ ਐੱਮਸੀਡੀ ਕਮਿਸ਼ਨਰ ਨੂੰ ਨਿਯਮਾਂ ਦੀ ਉਲੰਘਣਾ ਕਰਨ ਵਾਲੀ ਸੰਸਥਾ ਤੇ ਅਧਿਕਾਰੀਆਂ ਖ਼ਿਲਾਫ਼ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਇਸ ਘਟਨਾ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕੋਚਿੰਗ ਸੈਂਟਰ ਦੇ ਮਾਲਕ ਅਭਿਸ਼ੇਕ ਗੁਪਤਾ ਅਤੇ ਸੈਂਟਰ ਦੇ ਕੋਆਰਡੀਨੇਟਰ ਦੇਸ਼ਪਾਲ ਸਿੰਘ ਵਜੋਂ ਹੋਈ ਹੈ। ਦਿੱਲੀ ਦੀ ਕੈਬਨਿਟ ਮੰਤਰੀ ਆਤਿਸ਼ੀ ਨੇ ਮੁੱਖ ਸਕੱਤਰ ਨੂੰ 24 ਘੰਟਿਆਂ ਅੰਦਰ ਘਟਨਾ ਦੀ ਜਾਂਚ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ ਹਨ।

Advertisement


ਕੋਚਿੰਗ ਸੈਂਟਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲੈਂਦੀ ਹੋਈ ਪੁਲੀਸ। -ਫੋਟੋ: ਏਐਨਆਈ

ਪ੍ਰਾਪਤ ਜਾਣਕਾਰੀ ਅਨੁਸਾਰ ਲੰਘੀ ਰਾਤ ਦਿੱਲੀ ਦੇ ਕੁਝ ਹਿੱਸਿਆਂ ਵਿਚ ਪਏ ਮੀਂਹ ਮਗਰੋਂ ਇਸ ਕੋਚਿੰਗ ਸੈਂਟਰ ਬੇਸਮੈਂਟ ’ਚ ਅਚਾਨਕ ਪਾਣੀ ਭਰਨ ਕਾਰਨ ਇਹ ਤਿੰਨੋਂ ਵਿਦਿਆਰਥੀ ਬੇਸਮੈਂਟ ਵਿਚ ਫਸ ਗਏ ਸਨ। ਦਿੱਲੀ ਪੁਲੀਸ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਇਹ ਮੰਦਭਾਗੀ ਘਟਨਾ ਪੁਰਾਣੇ ਰਾਜਿੰਦਰ ਨਗਰ ਦੇ ਇਕ ਕੋਚਿੰਗ ਸੈਂਟਰ ਦੀ ਹੈ। ਤਲਾਸ਼ੀ ਤੇ ਬਚਾਅ ਕਾਰਜਾਂ ਦੌਰਾਨ ਤਿੰਨ ਲਾਸ਼ਾਂ ਬਰਾਮਦ ਹੋਈਆਂ ਹਨ। ਪੀੜਤਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।’’ ਦਿੱਲੀ ਫਾਇਰ ਸਰਵਿਸਿਜ਼ ਨੂੰ ਲੰਘੀ ਰਾਤੀਂ 7 ਵਜੇ ਦੇ ਕਰੀਬ ਰਾਓ’ਜ਼ ਆਈਏਐੱਸ ਸਟੱਡੀ ਸੈਂਟਰ ਵਿਚ ਪਾਣੀ ਭਰਨ ਦੀ ਸੂਚਨਾ ਮਿਲੀ ਸੀ, ਜਿਸ ਮਗਰੋਂ ਪੰਜ ਫਾਇਰ ਇੰਜਣਾਂ ਦੀ ਮਦਦ ਨਾਲ ਬਚਾਅ ਕਾਰਜ ਵਿੱਢੇ ਗਏ ਸਨ। ਪਿਛਲੇ ਦਿਨੀਂ ਪੱਛਮੀ ਦਿੱਲੀ ਦੇ ਪਟੇਲ ਨਗਰ ਵਿਚ ਪਾਣੀ ਨਾਲ ਭਰੀ ਸੜਕ ਤੋਂ ਲੰਘਦਿਆਂ ਕਰੰਟ ਲੱਗਣ ਕਾਰਨ ਯੂਪੀਐੱਸਸੀ ਦੀ ਤਿਆਰੀ ਕਰ ਰਹੇ ਵਿਦਿਆਰਥੀ ਦੀ ਮੌਤ ਹੋ ਗਈ ਸੀ।ਪੁਲੀਸ ਦੇ ਡਿਪਟੀ ਕਮਿਸ਼ਨਰ ਐਮ ਹਰਸ਼ਵਰਧਨ ਨੇ ਕਿਹਾ ਕਿ ਉਨ੍ਹਾਂ ਰਾਜਿੰਦਰ ਨਗਰ ਥਾਣੇ ’ਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 105, 106 (1), 115 (2), 290 ਅਤੇ ਧਾਰਾ 35 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦਿੱਲੀ ਦੀ ਮਾਲ ਮੰਤਰੀ ਆਤਿਸ਼ੀ ਨੇ ਮੁੱਖ ਸਕੱਤਰ ਨਰੇਸ਼ ਕੁਮਾਰ ਨੂੰ ਘਟਨਾ ਦੀ ਜਾਂਚ ਤੇ 24 ਘੰਟਿਆਂ ਅੰਦਰ ਰਿਪੋਰਟ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ। ਆਤਿਸ਼ੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਘਟਨਾ ਦੀ ਤਫ਼ਤੀਸ਼ ਲਈ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।’’ ‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਕਿਹਾ, ‘‘ਇਹ ਕਤਲ ਹੈ, ਕੋਈ ਦੁਰਘਟਨਾ ਨਹੀਂ।’’ ਉੱਧਰ ਦਿੱਲੀ ਭਾਜਪਾ ਦੇ ਪ੍ਰਧਾਨ ਵੀਰੇਂਦਰ ਸਚਦੇਵਾ ਤੇ ਨਵੀਂ ਦਿੱਲੀ ਤੋਂ ਸੰਸਦ ਮੈਂਬਰ ਬਾਂਸੁਰੀ ਸਵਰਾਜ ਨੇ ਮੌਕੇ ਦਾ ਦੌਰਾ ਕੀਤਾ ਤੇ ਇਸ ਘਟਨਾ ਲਈ ‘ਆਪ’ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ। ਕਾਂਗਰਸ ਆਗੂ ਪਵਨ ਖੇੜਾ ਨੇ ਇਸ ਘਟਨਾ ਨੂੰ ਮਨੁੱਖੀ ਕੁਤਾਹੀ ਕਰਾਰ ਦਿੱਤਾ ਹੈ। ਇਸੇ ਦੌਰਾਨ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। -ਪੀਟੀਆਈ

Advertisement

ਰਾਹੁਲ ਗਾਂਧੀ ਨੇ ਘਟਨਾ ’ਤੇ ਦੁੱਖ ਪ੍ਰਗਟਾਇਆ

ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਐਕਸ ’ਤੇ ਕਿਹਾ, ‘ਦਿੱਲੀ ਵਿੱਚ ਇੱਕ ਇਮਾਰਤ ਦੀ ਬੇਸਮੈਂਟ ਵਿੱਚ ਪਾਣੀ ਭਰ ਜਾਣ ਕਾਰਨ ਵਿਦਿਆਰਥੀਆਂ ਦੀ ਮੌਤ ਬਹੁਤ ਮੰਦਭਾਗੀ ਹੈ। ਕੁਝ ਦਿਨ ਪਹਿਲਾਂ ਬਰਸਾਤ ਦੌਰਾਨ ਕਰੰਟ ਲੱਗਣ ਕਾਰਨ ਇਕ ਵਿਦਿਆਰਥੀ ਦੀ ਮੌਤ ਹੋ ਗਈ ਸੀ। ਮੈਂ ਸਾਰੇ ਦੁਖੀ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕਰਦਾ ਹਾਂ। ਆਮ ਨਾਗਰਿਕ ਹਰ ਪੱਧਰ ‘ਤੇ ਅਸੁਰੱਖਿਅਤ ਉਸਾਰੀ, ਮਾੜੀ ਟਾਊਨ ਪਲਾਨਿੰਗ ਅਤੇ ਸੰਸਥਾਵਾਂ ਦੀ ਗੈਰ-ਜ਼ਿੰਮੇਵਾਰੀ ਦੀ ਕੀਮਤ ਆਪਣੀਆਂ ਜਾਨਾਂ ਗੁਆ ਕੇ ਚੁਕਾ ਰਹੇ ਹਨ। ਸੁਰੱਖਿਅਤ ਅਤੇ ਆਰਾਮਦਾਇਕ ਜੀਵਨ ਹਰ ਨਾਗਰਿਕ ਦਾ ਅਧਿਕਾਰ ਹੈ ਅਤੇ ਸਰਕਾਰਾਂ ਦੀ ਜ਼ਿੰਮੇਵਾਰੀ ਹੈ।’

ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦੇ ਰਹੇ ਹਾਂ: ਕੋਚਿੰਗ ਸੈਂਟਰ

ਤਿੰਨ ਵਿਦਿਆਰਥੀਆਂ ਦੀ ਮੌਤ ਦੀ ਘਟਨਾ ’ਤੇ ਦੁੱਖ ਜ਼ਾਹਿਰ ਕਰਦਿਆਂ ਕੋਚਿੰਗ ਸੈਂਟਰ ਨੇ ਕਿਹਾ ਕਿ ਉਹ ਜਾਂਚ ’ਚ ਸਹਿਯੋਗ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਬਿਆਨ ’ਚ ਕਿਹਾ ਗਿਆ, ‘ਰਾਜਿੰਦਰ ਨਗਰ ਰਾਓ ਆਈਏਐੱਸ ਸਟੱਡੀ ਸਰਕਲ ਦੇ ਵਿਦਿਆਰਥੀਆਂ ਨਾਲ ਸਬੰਧਤ ਦੁੱਖ ਭਰੀ ਘਟਨਾ ਦੇ ਮੱਦੇਨਜ਼ਰ, ਰਾਓ ਆਈਏਐੱਸ ਸਟੱਡੀ ਸਰਕਲ ਮ੍ਰਿਤਕ ਵਿਦਿਆਰਥੀਆਂ ਤਾਨਿਆ ਸੋਨੀ, ਨਵੀਨ ਦਲਵਿਨ ਤੇ ਸ਼੍ਰੇਆ ਯਾਦਵ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਜ਼ਾਹਿਰ ਕਰਦਾ ਹੈ।’ ਉਨ੍ਹਾਂ ਕਿਹਾ, ‘ਰਾਓ ਆਈਏਐੱਸ ਸਟੱਡੀ ਸਰਕਲ ਘਟਨਾ ਦੀ ਜਾਂਚ ’ਚ ਸਹਿਯੋਗ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਅਸੀਂ ਸਬੰਧਤ ਅਧਿਕਾਰੀਆਂ ਤੇ ਏਜੰਸੀਆਂ ਨੂੰ ਪੂਰਾ ਸਹਿਯੋਗ ਕਰ ਰਹੇ ਹਾਂ।’

ਰੋਸ ਪ੍ਰਦਰਸ਼ਨ ਕਰਦੇ ਵਿਦਿਆਰਥੀ ਹਿਰਾਸਤ ’ਚ ਲਏ

ਦਿੱਲੀ ਦੇ ਓਲਡ ਰਾਜਿੰਦਰਾ ਨਗਰ ’ਚ ਅੱਜ ਰੋਸ ਪ੍ਰਦਰਸ਼ਨ ਕਰਦੇ ਕੁਝ ਵਿਦਿਆਰਥੀ ਪੁਲੀਸ ਨੇ ਹਿਰਾਸਤ ’ਚ ਲੈ ਲਏ। ਇਹ ਵਿਦਿਆਰਥੀ ਇੱਕ ਕੋਚਿੰਗ ਸੈਂਟਰ ਦੇ ਬੇਸਮੈਂਟ ’ਚ ਤਿੰਨ ਵਿਦਿਆਰਥੀਆਂ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਕਰ ਰਹੇ ਸਨ। ਵਿਦਿਆਰਥੀਆਂ ਨੇ ਨਾਅਰੇਬਾਜ਼ੀ ਕਰਦਿਆਂ ਕਰੋਲ ਬਾਗ ਮੈਟਰੋ ਸਟੇਸ਼ਨ ਨੇੜੇ ਸੜਕ ਬੰਦ ਕਰ ਦਿੱਤੀ ਜਿਸ ਕਾਰਨ ਆਵਾਜਾਈ ਠੱਪ ਹੋ ਗਈ ਤੇ ਪੁਲੀਸ ਨੂੰ ਦਖਲ ਦੇਣਾ ਪਿਆ। ਵਿਦਿਆਰਥੀਆਂ ਤੇ ਪੁਲੀਸ ਵਿਚਾਲੇ ਧੱਕਾਮੁੱਕੀ ਵੀ ਹੋਈ ਜਿਸ ਮਗਰੋਂ ਕੁਝ ਮੁਜ਼ਾਹਰਾਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।

ਭਾਜਪਾ ਨੇ ‘ਆਪ’ ’ਤੇ ਲਾਇਆ ਅਣਗਹਿਲੀ ਦਾ ਦੋਸ਼

ਕੋਚਿੰਗ ਸੈਂਟਰ ਹਾਦਸੇ ਦੇ ਸਬੰਧ ਵਿੱਚ ਭਾਰਤੀ ਜਨਤਾ ਪਾਰਟੀ ਨੇ ਦਿੱਲੀ ਦੀ ਹਾਕਮ ਧਿਰ ਆਮ ਆਦਮੀ ਪਾਰਟੀ ’ਤੇ ਅਣਗਹਿਲੀ ਵਰਤਣ ਦਾ ਦੋਸ਼ ਲਾਇਆ ਹੈ। ਭਾਜਪਾ ਦੀ ਸੰਸਦ ਮੈਂਬਰ ਬਾਂਸੁਰੀ ਸਵਰਾਜ ਨੇ ਕਿਹਾ ਕਿ ਸਥਾਨਕ ਲੋਕ 22 ਜੁਲਾਈ ਤੋਂ ‘ਆਪ’ ਵਿਧਾਇਕ ਦੁਰਗੇਸ਼ ਪਾਠਕ ਨੂੰ ਡਰੇਨ ’ਚ ਪਾਣੀ ਦੀ ਨਿਕਾਸੀ ਰੁਕੇ ਹੋਣ ਦੀ ਸ਼ਿਕਾਇਤ ਕਰ ਰਹੇ ਸਨ ਪਰ ਉਨ੍ਹਾਂ ਡਰੇਨ ਦੀ ਸਾਫ਼-ਸਫ਼ਾਈ ਨਹੀਂ ਕਰਵਾਈ। ਉਨ੍ਹਾਂ ਦੱਸਿਆ ਕਿ ਨੌਜਵਾਨ ਵਿਦਿਆਰਥੀਆਂ ਦੀ ਮੌਤ ਸਪੱਸ਼ਟ ਤੌਰ ’ਤੇ ‘ਅਪਰਾਧਕ ਅਣਗਹਿਲੀ’ ਦਾ ਕੇਸ ਹੈ ਤੇ ਇਸ ਲਈ ਸਬੰਧਤ ਅਫਸਰਾਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ।

Advertisement
Author Image

sukhwinder singh

View all posts

Advertisement