ਬੇਸਬਾਲ ਚੈਂਪੀਅਨਸ਼ਿਪ: ਪੰਜਾਬ ਦੇ ਲੜਕੇ ਅਤੇ ਲੜਕੀਆਂ ਦੀ ਟੀਮ ਬਣੀ ਚੈਂਪੀਅਨ
ਸਤਵਿੰਦਰ ਬਸਰਾ
ਲੁਧਿਆਣਾ, 7 ਅਕਤੂਬਰ
ਪੰਜਾਬ ਬੇਸਬਾਲ ਐਸੋਸੀਏਸ਼ਨ ਅਤੇ ਮਚਿਓਰ ਬੇਸਬਾਲ ਫੈੱਡਰੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ ਕਰਵਾਈ 32ਵੀਂ ਜੂਨੀਅਰ ਨੈਸ਼ਨਲ ਬੇਸਬਾਲ ਚੈਂਪੀਅਨਸ਼ਿਪ ਵਿੱਚ ਪੰਜਾਬ ਲੜਕੇ ਅਤੇ ਲੜਕੀਆਂ ਦੀ ਟੀਮ ਚੈਂਪੀਅਨ ਬਣੀ। ਇਹ ਚੈਂਪੀਅਨਸ਼ਿਪ 2 ਤੋਂ 6 ਅਕਤੂਬਰ ਤੱਕ ਅਕਾਲ ਕਾਲਜ ਕੌਂਸਲ, ਸ਼੍ਰੀ ਮਸਤੂਆਣਾ ਸਾਹਿਬ ਸੰਗਰੂਰ ਵਿੱਚ ਕਰਵਾਈ ਗਈ। ਪੰਜਾਬ ਬੇਸਬਾਲ ਐਸੋਸੀਏਸ਼ਨ ਦੇ ਸੈਕਟਰੀ ਇੰਜ. ਹਰਬੀਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਨੇ ਲੜਕੇ ਅਤੇ ਲੜਕੀਆਂ ਦੇ ਦੋਵਾਂ ਵਰਗਾਂ ਵਿੱਚ ਹਿੱਸਾ ਲਿਆ। ਫਾਈਨਲ ਮੁਕਾਬਲੇ ਵਿੱਚ ਪੰਜਾਬ ਦੀ ਟੀਮ ਨੇ ਦਿੱਲੀ ਨੂੰ 12-8 ਅੰਕਾਂ ਨਾਲ ਹਰਾ ਕੇ ਚੈਂਪੀਅਨ ਹੋਣ ਦਾ ਮਾਣ ਪ੍ਰਾਪਤ ਕੀਤਾ। ਜੇਤੂ ਟੀਮ ਵੱਲੋਂ ਮਨਟੇਕਵੀਰ, ਸ਼ਿਵਮ, ਨਵਦੀਪ, ਆਕਾਸ਼ ਅਤੇ ਧੀਰਜ ਨੇ ਦੋ-ਦੋ ਅੰਕਾਂ ਦਾ ਯੋਗਦਾਨ ਪਾਇਆ। ਤੀਜਾ ਸਥਾਨ ਹਰਿਆਣਾ ਨੇ ਚੰਡੀਗੜ੍ਹ ਨੂੰ 4-0 ਨਾਲ ਹਰਾ ਕੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਪੰਜਾਬ ਦੀ ਲੜਕੀਆਂ ਦੀ ਟੀਮ ਨੇ ਪਹਿਲੇ ਮੈਚ ਵਿੱਚ ਜੰਮੂ ਅਤੇ ਕਸ਼ਮੀਰ ਨੂੰ 15-0, ਦੂਜੇ ਲੀਗ ਮੈਚ ਵਿੱਚ ਆਂਧਰਾ ਪ੍ਰਦੇਸ਼ ਨੂੰ 15-0, ਕੁਆਰਟਰ ਫਾਈਨਲ ਮੈਚ ਵਿੱਚ ਛੱਤੀਸਗੜ੍ਹ ਨੂੰ 10-0 ਜਦਕਿ ਸੈਮੀਫਾਈਨਲ ਮੈਚ ਵਿੱਚ ਹਰਿਆਣਾ ਦੀ ਟੀਮ ਨੂੰ 9-4 ਅੰਕਾਂ ਨਾਲ ਮਾਤ ਦਿੱਤੀ। ਲੜਕੀਆਂ ਦੇ ਫਾਈਨਲ ਮੁਕਾਬਲੇ ਵਿੱਚ ਪੰਜਾਬ ਨੇ ਦਿੱਲੀ ਨੂੰ 1-0 ਅੰਕ ਨਾਲ ਹਰਾ ਕੇ ਸੋਨੇ ਦਾ ਤਗ਼ਮਾ ਆਪਣੇ ਨਾਮ ਕੀਤਾ। ਜੇਤੂ ਟੀਮ ਵੱਲੋਂ ਇਕਲੌਤੇ ਅੰਕ ਦਾ ਯੋਗਦਾਨ ਸ਼ਰਨਜੀਤ ਕੌਰ ਨੇ ਪਾਇਆ। ਮਹਾਰਾਸ਼ਟਰ ਅਤੇ ਹਰਿਆਣਾ ਦੀਆਂ ਟੀਮਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਵਿੱਚੋਂ ਪੰਜਾਬ ਦੇ ਮਨਟੇਕਵੀਰ ਸਿੰਘ ਅਤੇ ਲੜਕੀਆਂ ਵਿੱਚੋਂ ਪੰਜਾਬ ਦੀ ਸ਼ਰਨਜੀਤ ਕੌਰ ਨੂੰ ‘ਬੈਸਟ ਪਲੇਅਰ ਆਫ਼ ਟੂਰਨਾਮੈਂਟ’ ਐਲਾਨਿਆ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਔਲਖ ਤੇ ਸੈਕਟਰੀ ਇੰਜ. ਹਰਬੀਰ ਸਿੰਘ ਗਿੱਲ ਨੇ ਜੇਤੂ ਟੀਮਾਂ ਦੇ ਖਿਡਾਰੀਆਂ ਦੇ ਨਾਲ-ਨਾਲ ਕੋਚਾਂ ਜਤਿੰਦਰ ਠਾਕੁਰ, ਸੁੰਦਰ ਸਿੰਘ, ਬਲਰਾਜ ਦਾਸ ਅਤੇ ਰਾਜਵਿੰਦਰ ਸਿੰਘ ਨੂੰ ਵਧਾਈ ਦਿੱਤੀ।