For the best experience, open
https://m.punjabitribuneonline.com
on your mobile browser.
Advertisement

ਬਸੰਤ ਉਤਸਵ: ਪਾਂਡਵਾਨੀ ਕਲਾਕਾਰਾਂ ਦੀ ਗਾਇਕੀ ਨੇ ਸਰੋਤੇ ਕੀਲੇ

09:09 AM Feb 19, 2024 IST
ਬਸੰਤ ਉਤਸਵ  ਪਾਂਡਵਾਨੀ ਕਲਾਕਾਰਾਂ ਦੀ ਗਾਇਕੀ ਨੇ ਸਰੋਤੇ ਕੀਲੇ
ਸਮਾਗਮ ਦੌਰਾਨ ਪੇਸ਼ਕਾਰੀ ਦਿੰਦੇ ਹੋੋਏ ਛੱਤੀਸਗੜ੍ਹ ਦੇ ਕਲਾਕਾਰ।
Advertisement

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 18 ਫਰਵਰੀ
ਹਰਿਆਣਾ ਕਲਾ ਪ੍ਰੀਸ਼ਦ ਵੱਲੋਂ ਬੀਤੀ 11 ਫਰਵਰੀ ਤੋਂ ਸ਼ੁਰੂ ਕੀਤੇ ਗਏ ਬਸੰਤ ਉਤਸਵ ਦੀ ਛੇਵੀਂ ਸ਼ਾਮ ਛੱਤੀਸਗੜ੍ਹ ਦੇ ਨਾਮ ਰਹੀ। ਛੱਤੀਸਗੜ੍ਹ ਦੇ ਦੁਰਗ ਤੋਂ ਆਈ ਲੋਕ ਕਲਾਕਾਰ ਸੰਪ੍ਰਿਆ ਪੂਜਾ ਨੇ ਆਪਣੀ ਪਾਂਡਵਾਨੀ ਗਾਇਕੀ ਨਾਲ ਖੂਬ ਧੂਮ ਮਚਾਈ। ਇਸ ਮੌਕੇ ਸਮਾਜ ਸੇਵੀ ਤੇ ਪ੍ਰੇਰਨਾ ਆਸ਼ਰਮ ਦੇ ਸੰਸਥਾਪਕ ਡਾ. ਜੈ ਭਗਵਾਨ ਸਿੰਗਲਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਹਰਿਆਣਾ ਕਲਾ ਪ੍ਰੀਸ਼ਦ ਦੇ ਡਾਇਰੈਕਟਰ ਨਗੇਂਦਰ ਸ਼ਰਮਾ ਨੇ ਮੁੱਖ ਮਹਿਮਾਨ ਨੂੰ ਗੁਲਦਸਤਾ ਭੇਟ ਕਰ ਜੀ ਆਇਆਂ ਕਿਹਾ ਜਿਸ ਮਗਰੋਂ ਸ਼ਮ੍ਹਾਂ ਰੋਸ਼ਨ ਕਰਕੇ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕੀਤੀ ਗਈ।
ਹਰਿਆਣਾ ਤੇ ਛੱਤੀਸਗੜ੍ਹ ਦੀਆਂ ਲੋਕ ਕਾਲਾਵਾਂ ’ਤੇ ਅਧਾਰਿਤ ਇਸ ਪ੍ਰੋਗਰਾਮ ਦਾ ਸੰਚਾਲਨ ਕਲਾ ਪ੍ਰੀਸ਼ਦ ਦੇ ਮੀਡੀਆ ਇੰਚਾਰਜ ਵਿਕਾਸ ਸ਼ਰਮਾ ਨੇ ਕੀਤਾ। ਪ੍ਰੋਗਰਾਮ ਦੀ ਪਹਿਲੀ ਪੇਸ਼ਕਾਰੀ ਹਰਿਆਣਾ ਤੋਂ ਆਏ ਕਾਮਿਲ ਤੇ ਉਸ ਦੇ ਸਾਥੀਆਂ ਨੇ ਸ਼ਿਵਸਤੂਤੀ ਨਾਲ ਕੀਤੀ। ਇਸ ਮਗਰੋਂ ਪਾਂਡਵਾਨੀ ਗਾਇਕੀ ਲਈ ਪ੍ਰਸਿੱਧ ਪਦਮ ਵਿਭੂਸ਼ਣ ਤਿਜਨ ਬਾਈ ਦੀ ਸ਼ਗਿਰਦ ਸੰਪ੍ਰਿਆ ਪੂਜਾ ਨੇ ਛੱਤੀਸਗੜ੍ਹ ਸ਼ੈਲੀ ਵਿੱਚ ਪਾਂਡਵਾਨੀ ਗਾਇਨ ਪੇਸ਼ ਕਰਕੇ ਲੋਕਾਂ ਦਾ ਮਨੋਰੰਜਨ ਕੀਤਾ। ਕਥਾ ਗਾਇਨ ਸ਼ੈਲੀ ਵਿੱਚ ਪੂਜਾ ਨੇ ਮਹਾਭਾਰਤ ਦੀ ਭੀਸ਼ਮ ਪਰਵ ਤੇ ਗਦਾ ਪਰਵ ਦਾ ਵਰਨਣ ਕੀਤਾ। ਇਕ ਪਾਸੇ ਸੰਪ੍ਰਿਆ ਪੂਜਾ ਦੀ ਗਾਇਕੀ ਅਤੇ ਕਥਾ ਅਤੇ ਦੂਜੇ ਪਾਸੇ ਬੈਜੋਂ, ਖੜਤਾਲ, ਤਬਲਾ, ਮੰਜੀਰਾ, ਡਫਲੀ ਤੇ ਢੋਲਕ ਆਦਿ ਵਾਦਾਂ ਦੇ ਸੰਗੀਤ ਨੇ ਲੋਕਾਂ ਨੂੰ ਕੀਲ ਲਿਆ।
ਪੰਡਵਾਨੀ ਤੋਂ ਇਲਾਵਾ ਹਰਿਆਣਾ ਦੇ ਕਲਾਕਾਰਾਂ ਨੇ ਰਵਾਇਤੀ ਨਾਚ ਫੱਗ ਤੇ ਘੋੜੀ ਨਾਚ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ। ਹੋਲੀ ਦੇ ਤਿਉਹਾਰ ਨੂੰ ਖੂਬਸੂਰਤ ਢੰਗ ਨਾਲ ਦਰਸਾਉਂਦੇ ਹੋਏ ਕਾਮਿਲ ਤੇ ਉਸ ਦੇ ਸਾਥੀ ਕਲਾਕਾਰਾਂ ਨੇ ਦਰਸ਼ਕਾਂ ਦਾ ਦਿਲ ਜਿੱਤਣ ਵਿੱਚ ਕੋਈ ਕਸਰ ਨਹੀਂ ਛੱਡੀ। ਹਰਿਆਣਵੀ ਕਲਾਕਾਰਾਂ ਵਿੱਚ ਅਕਸ਼ੈ, ਰਾਮ ਮੇਹਰ, ਦੀਪਕ, ਤਿਲਕ ਰਾਜ, ਸ਼ਿਖਾ, ਸੰਜਨਾ, ਅੰਨ ਪੂਰਨਾ, ਟੀਨਾ, ਮੋਹਿਤ, ਵਿੱਕੀ, ਰਣਬੀਰ ਤੇ ਪਾਂਡਵਾਨੀ ਦੇ ਗਾਇਕਾਂ ਵਿੱਚ ਸੰਤੋਸ਼ ਨਿਸ਼ਾਦ, ਰਾਜ ਕੁਮਾਰ, ਗਜਾਲਨ ਸੇਨ, ਗਿਰਧਾਰੀ ਸ਼ਰਮਾ, ਨਰੋਤਮ ਦਾਸ, ਸਮਾਵੇਸ਼ ਤੇ ਨਿਖਾਦੂਮ ਸ਼ਾਮਲ ਸਨ। ਮੁੱਖ ਮਹਿਮਾਨ ਸਿੰਗਲਾ ਨੇ ਕਲਾਕਾਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕਰਦਿਆਂ ਕਿਹਾ ਕਿ ਲੋਕ ਕਲਾਕਾਰ ਹੀ ਆਪਣੇ ਸੂਬੇ ਦੇ ਸਭਿਆਚਾਰ ਨੂੰ ਜਿਉਂਦਾ ਰਖੱਦੇ ਹਨ।

Advertisement

Advertisement
Advertisement
Author Image

Advertisement