ਬਸੰਤ ਉਤਸਵ: ਹਿਮਾਚਲੀ ਕਲਾਕਾਰਾਂ ਨੇ ਝੂਮਣ ਲਾਏ ਲੋਕ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 16 ਫਰਵਰੀ
ਕਲਾ ਕੀਰਤੀ ਭਵਨ ਵਿੱਚ ਹਰਿਆਣਾ ਕਲਾ ਪਰਿਸ਼ਦ ਵੱਲੋਂ ਕਰਵਾਏ ਜਾ ਰਹੇ ਬਸੰਤ ਉਤਸਵ ਵਿੱਚ ਕਲਾਕਾਰਾਂ ਵੱਲੋਂ ਰੰਗ ਬੰਨ੍ਹਿਆ ਜਾ ਰਿਹਾ ਹੈ। ਪਹਿਲੇ ਦਿਨ ਪੰਜਾਬ ਦੇ ਸੱਭਿਆਚਾਰ ਦਾ ਰੰਗ ਦਿਖਿਆ ਅਤੇ ਦੂਜੇ ਦਿਨ ਰਾਜਸਥਾਨੀ ਝਲਕ ਦੇਖਣ ਨੂੰ ਮਿਲੀ। ਉਤਸਵ ਦੀ ਤੀਜੀ ਸ਼ਾਮ ਕਵੀਆਂ ਦੇ ਨਾਂ ਅਤੇ ਚੌਥੀ ਸ਼ਾਮ ਹਿਮਾਚਲ ਪ੍ਰਦੇਸ਼ ਦੇ ਕਲਾਕਾਰਾਂ ਦੇ ਨਾਂ ਰਹੀ।
ਇਸ ਪ੍ਰੋਗਰਾਮ ਵਿੱਚ ਕੁਰੂਕਸ਼ੇਤਰ ਯੂੂਨੀਵਰਸਿਟੀ ਦੇ ਯੁਵਾ ਤੇ ਸੰਸਕ੍ਰਿਤਕ ਵਿਭਾਗ ਦੇ ਸਾਬਕਾ ਨਿਰਦੇਸ਼ਕ ਤੇ ਵਣਿਜ ਵਿਭਾਗ ਦੇ ਮੁਖੀ ਡਾ. ਤਜਿੰਦਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਬਸੰਤ ਉਤਸਵ ਦੇ ਪ੍ਰੋਗਰਾਮਾਂ ਦੀ ਲੜੀ ਵਿੱਚ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਡਾ. ਤਜਿੰਦਰ ਸ਼ਰਮਾ ਤੇ ਨਿਰਦੇਸ਼ਕ ਨਾਗੇਂਦਰ ਸ਼ਰਮਾ ਨੇ ਦੀਪ ਜਗਾ ਕੇ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਮੁਦਰਾ ਪਰਫਾਰਮਿੰਗ ਅੰਬਾਲਾ ਦੇ ਕਲਾਕਾਰਾਂ ਵੱਲੋਂ ਕੱਥਕ ਨ੍ਰਿਤ ਦੀ ਸ਼ਾਨਦਾਰ ਪੇਸ਼ਕਾਰੀ ਨਾਲ ਹੋਈ। ਹਰਿਆਣਾ ਦੇ ਮਹਿਲਾ ਤੇ ਪੁਰਸ਼ ਕਲਾਕਾਰਾਂ ਨੇ ‘ਵੈਲਕਮ ਟੂ ਹਰਿਆਣਾ’ ਗੀਤ ’ਤੇ ਆਪਣੀ ਨ੍ਰਿਤ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਹਿਮਾਚਲ ਦੇ ਸਿਰਮੌਰ ਜ਼ਿਲ੍ਹੇ ਤੋਂ ਆਏ ਇੰਦਰ ਸਿੰਘ ਦੀ ਟੀਮ ਨੇ ਸਿਰਮੌਰੀ ਨਾਟੀ ਪੇਸ਼ ਕਰ ਕੇ ਦਰਸ਼ਕਾਂ ਨੂੰ ਹਿਮਾਚਲੀ ਸੰਸਕ੍ਰਿਤੀ ਨਾਲ ਰੁਬਰੂ ਕਰਵਾਇਆ।
ਹਿਮਾਚਲ ਪ੍ਰਦੇਸ਼ ਦੇ ਪਹੂਆ ਨ੍ਰਿਤ ਨੇ ਪੰਜਾਬ ਦੇ ਗਿੱਧੇ ਦੀ ਯਾਦ ਦਿਵਾਈ। ਫੁੱਲਾਂ ਦੇ ਨਾਲ ਖੇਡਦੇ ਹੋਏ ਮਨੋਜ ਜਾਲੇ ਦੀ ਟੀਮ ਨੇ ਖੂਬਸੂਰਤੀ ਨਾਲ ਰਸੀਆ ਨਾਚ ਪੇਸ਼ ਕੀਤਾ। ਮੁੱਖ ਮਹਿਮਾਨ ਤਜਿੰਦਰ ਸ਼ਰਮਾ ਨੇ ਸਭ ਨੂੰ ਬਸੰਤ ਦੀ ਵਧਾਈ ਦਿੱਤੀ ਤੇ ਕਿਹਾ ਕਿ ਬਸੰਤ ਆਉਣ ਨਾਲ ਮਾਹੌਲ ਖੁਸ਼ਨੁਮਾ ਹੋ ਜਾਂਦਾ ਹੈ। ਇਸ ਮੌਕੇ ਕਲਾਕਾਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।