ਡਿਬਰੂਗੜ੍ਹ ਜੇਲ੍ਹ ਤੋਂ ਦੌਲਤਪੁਰਾ ਪੁੱਜਿਆ ਬਸੰਤ ਸਿੰਘ
ਨਿੱਜੀ ਪੱਤਰ ਪ੍ਰੇਰਕ
ਮੋਗਾ, 10 ਦਸੰਬਰ
ਐੱਨਐੱਸਏ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਸਾਥੀ ਬਸੰਤ ਸਿੰਘ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਉਸ ਦੇ ਪਿੰਡ ਦੌਲਤਪੁਰਾ ਲਿਆਂਦਾ ਗਿਆ। ਉਸ ਦੀ ਮਾਤਾ ਕੁਲਵੰਤ ਕੌਰ ਤਿੰਨ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ। ਉਹ ਆਪਣੀ ਮਾਂ ਦੇ ਸਸਕਾਰ ਤੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਪੰਜ ਦਿਨ ਦੀ ਪੈਰੋਲ ਉੱਤੇ ਆਇਆ ਹੈ। ਬਸੰਤ ਸਿੰਘ ਐੱਨਐੱਸਏ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਉਹ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦਾ ਕਰੀਬੀ ਹੈ। ਕੁਲਵੰਤ ਕੌਰ ਦੇ ਸਸਕਾਰ ਮੌਕੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਤੇ ਹੋਰ ਵੱਡੀ ਗਿਣਤੀ ਲੋਕ ਸ਼ਾਮਲ ਹੋਏ। ਉਹ ਅਗਲੇ ਪੰਜ ਦਿਨਾਂ ਤੱਕ ਸੀਆਈਏ ਸਟਾਫ ਦੀ ਹਿਰਾਸਤ ਵਿੱਚ ਰਹੇਗਾ ਤੇ ਭੋਗ ਉਪਰੰਤ ਵਾਪਸ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਜਾਵੇਗਾ। ਉਸ ਨੂੰ ਡਿਬਰੂਗੜ੍ਹ ਤੋਂ ਜਹਾਜ਼ ਰਾਹੀਂ ਅੰਮ੍ਰਿਤਸਰ ਹਵਾਈ ਅੱਡੇ ’ਤੇ ਲਿਆਂਦਾ ਗਿਆ, ਜਿੱਥੋਂ ਭਾਰੀ ਸੁਰੱਖਿਆ ਹੇਠ ਪਿੰਡ ਦੌਲਤਪੁਰਾ ਲਿਆਂਦਾ ਗਿਆ। ਇਸ ਦੌਰਾਨ ਪੁਲੀਸ ਨੇ ਉਸ ਨੂੰ ਕਿਸੇ ਨਾਲ ਮਿਲਣ ਨਹੀਂ ਦਿੱਤਾ ਗਿਆ, ਜਦੋਂ ਉਸ ਦੀ ਮਾਂ ਦੀ ਦੇਹ ਨੂੰ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਲਿਜਾਇਆ ਜਾ ਰਿਹਾ ਸੀ, ਉਦੋਂ ਵੀ ਪੁਲੀਸ ਮੁਲਾਜ਼ਮ ਨੇੜੇ ਹੀ ਸਨ ਅਤੇ ਉਸ ਤੋਂ ਬਾਅਦ ਵੀ ਘਰ ’ਤੇ ਪੁਲੀਸ ਦਾ ਪਹਿਰਾ ਸੀ। ਇਸ ਸਬੰਧੀ ਬਸੰਤ ਸਿੰਘ ਦੇ ਪਿਤਾ ਸਾਬਕਾ ਸਰਪੰਚ ਸੁਰਜੀਤ ਸਿੰਘ, ਚਾਚਾ ਸੂਬਾ ਸਿੰਘ ਅਤੇ ਪਿੰਡ ਵਾਸੀ ਬੂਟਾ ਸਿੰਘ ਨੇ ਦੱਸਿਆ ਕਿ ਜਦੋਂ ਤੋਂ ਬਸੰਤ ਸਿੰਘ ਨੂੰ ਜੇਲ੍ਹ ਭੇਜਿਆ ਹੈ, ਉਦੋਂ ਤੋਂ ਹੀ ਉਸ ਦੀ ਮਾਂ ਉਦਾਸ ਸੀ। ਉਹ ਆਪਣੇ ਪੁੱਤਰ ਨੂੰ ਮਿਲਣਾ ਚਾਹੁੰਦੀ ਸੀ ਪਰ ਉਹ ਡਿਬਰੂਗੜ੍ਹ ਨਹੀਂ ਜਾ ਸਕੀ।