Basant Panchami Amrit Snan ਮਹਾਂਕੁੰਭ: ਬਸੰਤ ਪੰਚਮੀ ਮੌਕੇ ਅੰਮ੍ਰਿਤ ਇਸ਼ਨਾਨ ਲਈ ਪੁੱਜੇ ਸ਼ਰਧਾਲੂਆਂ ਨੇ ਲਾਈ ਆਸਥਾ ਦੀ ਡੁੁਬਕੀ
ਮਹਾਂਕੁੰਭ ਨਗਰ, 3 ਫਰਵਰੀ
Basant panchmi amrit snan: ਮਹਾਂਕੁੰਭ ਦਾ ਤੀਜਾ ਅੰਮ੍ਰਿਤ ਇਸ਼ਨਾਨ ਸੋਮਵਾਰ ਨੂੰ ਬਸੰਤ ਪੰਚਮੀ ਮੌਕੇ ਤੜਕੇ ਸ਼ੁਰੂ ਹੋਇਆ, ਜਿਸ ਵਿੱਚ ਦੇਸ਼ ਅਤੇ ਦੁਨੀਆ ਭਰ ਤੋਂ ਲੱਖਾਂ ਸ਼ਰਧਾਲੂ ਗੰਗਾ, ਯਮੁਨਾ ਅਤੇ ਸਰਸਵਤੀ ਦੇ ਪਵਿੱਤਰ ਤ੍ਰਿਵੇਣੀ ਸੰਗਮ ਵਿੱਚ ਇਸ਼ਨਾਨ ਕਰਨ ਲਈ ਆ ਰਹੇ ਹਨ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸ਼ਰਧਾਲੂਆਂ ਨੂੰ ਬਸੰਤ ਪੰਚਮੀ ਦੀਆਂ ਮੁਬਾਰਕਾਂ ਦਿੰਦੇ ਹੋਏ ਸੋਸ਼ਲ ਮੀਡੀਆ ਪਲੈਟਫਾਰਮ ’ਤੇ ਲਿਖਿਆ, ‘ਹਾਰਦਿਕ ਵਧਾਈ।’
ਸੂਚਨਾ ਡਾਇਰੈਕਟਰ ਸ਼ਿਸ਼ਿਰ ਨੇ ਦੱਸਿਆ ਕਿ ਯੋਗੀ ਆਦਿੱਤਿਆਨਾਥ ਲਖਨਊ ਸਥਿਤ ਆਪਣੀ ਸਰਕਾਰੀ ਰਿਹਾਇਸ਼ ਤੋਂ ਪ੍ਰਧਾਨ ਸਕੱਤਰ (ਗ੍ਰਹਿ) ਅਤੇ ਡੀਜੀਪੀ (ਡਾਇਰੈਕਟਰ ਜਨਰਲ ਆਫ ਪੁਲੀਸ) ਦੇ ਨਾਲ ਸਵੇਰੇ 3.30 ਵਜੇ ਤੋਂ ਮਹਾਂਕੁੰਭ ਦੇ ਇਸ਼ਨਾਨ ਨਾਲ ਸਬੰਧਤ ਪ੍ਰਬੰਧਾਂ ’ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤ ਸੰਚਾਰ ਨਿਰਵਿਘਨ ਜਾਰੀ ਹੈ ਅਤੇ ਪ੍ਰਥਮ ਅਖਾੜੇ ਨੇ ਆਪਣਾ ਰਵਾਇਤੀ ਇਸ਼ਨਾਨ ਸੰਪੂਰਨ ਕਰ ਲਿਆ ਹੈ। ਇਸ ਦੇ ਨਾਲ ਹੀ ਵੱਖ-ਵੱਖ ਅਖਾੜਿਆਂ ਦੇ ਨਾਗਾ ਸਾਧੂ ਵੀ ਅੰਮ੍ਰਿਤ ਇਸ਼ਨਾਨ ਕਰਨ ਲਈ ਸੰਗਮ ਘਾਟ ਪੁੱਜਣੇ ਸ਼ੁਰੂ ਹੋ ਗਏ ਹਨ। ਇਸ ਸਿਲਸਿਲੇ ਵਿੱਚ ਸਭ ਤੋਂ ਪਹਿਲਾਂ ਮਹਾਂਨਿਰਵਾਣੀ ਦੇ ਪੀਠਾਧੀਸ਼ਵਰ ਅਤੇ ਸੰਨਿਆਸੀ ਅਖਾੜੇ ਦੇ ਅਟਲ ਅਖਾੜੇ ਦੇ ਸਾਧੂਆਂ ਨੇ ਸੰਗਮ ਘਾਟ ਵਿੱਚ ਪਹੁੰਚ ਕੇ ਇਸ਼ਨਾਨ ਕੀਤਾ।
ਅਖਾੜਿਆਂ ਦੇ ਇਸ਼ਨਾਨ ਦੁਪਹਿਰ ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ। ਇਹ ਅੰਮ੍ਰਿਤ ਸੰਚਾਰ ਮੌਨੀ ਮੱਸਿਆ ਮੌਕੇ ਅੰਮ੍ਰਿਤ ਸੰਚਾਰ ਦੌਰਾਨ ਭਗਦੜ ਦੀ ਘਟਨਾ ਤੋਂ ਬਾਅਦ ਹੋ ਰਿਹਾ ਹੈ। ਮੌਨੀ ਮੱਸਿਆ ’ਤੇ ਭਗਦੜ ਦੀ ਘਟਨਾ ’ਚ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ ਅਤੇ 60 ਜ਼ਖਮੀ ਹੋ ਗਏ। ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸੋਮਵਾਰ ਸਵੇਰੇ 4 ਵਜੇ ਤੱਕ 17 ਲੱਖ ਤੋਂ ਵੱਧ ਲੋਕਾਂ ਨੇ ਇਸ਼ਨਾਨ ਕੀਤਾ, ਜਦਕਿ 13 ਜਨਵਰੀ ਤੋਂ ਹੁਣ ਤੱਕ ਕਰੀਬ 35 ਕਰੋੜ ਲੋਕ ਗੰਗਾ ਅਤੇ ਸੰਗਮ ’ਚ ਇਸ਼ਨਾਨ ਕਰ ਚੁੱਕੇ ਹਨ। -ਪੀਟੀਆਈ