For the best experience, open
https://m.punjabitribuneonline.com
on your mobile browser.
Advertisement

ਪੰਜਾਬ-ਹਰਿਆਣਾ ਹੱਦਾਂ ਤੋਂ 41 ਦਿਨਾਂ ਮਗਰੋਂ ਹਟਾਏ ਬੈਰੀਕੇਡ

07:33 AM Mar 25, 2024 IST
ਪੰਜਾਬ ਹਰਿਆਣਾ ਹੱਦਾਂ ਤੋਂ 41 ਦਿਨਾਂ ਮਗਰੋਂ ਹਟਾਏ ਬੈਰੀਕੇਡ
ਬੁਢਲਾਡਾ-ਹਰਿਆਣਾ ਦੀਆਂ ਹੱਦਾਂ ਤੋਂ ਕਰੇਨ ਰਾਹੀਂ ਬੈਰੀਕੇਡ ਹਟਾਉਂਦੇ ਹੋਏ ਮੁਲਾਜ਼ਮ।
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 24 ਮਾਰਚ
ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ਸਰਕਾਰ ਵੱਲੋਂ ਪੰਜਾਬ ਨਾਲ ਲੱਗਦੀਆਂ ਸਰਹੱਦਾਂ ’ਤੇ ਬੈਰੀਕੇਡ ਅਤੇ ਨੁਕੀਲੀਆਂ ਕਿੱਲਾਂ ਲਗਾ ਕੇ ਆਵਾਜਾਈ ਨੂੰ ਠੱਪ ਕੀਤਾ ਹੋਇਆ ਸੀ, ਜਿਸ ਨੂੰ ਅੱਜ ਠੀਕ 41 ਦਿਨਾਂ ਬਾਅਦ ਰਤੀਆ ਪੁਲੀਸ ਨੇ ਪਿੰਡ ਰੋਝਾਂਵਾਲੀ ਵਿੱਚ ਬੰਦ ਪੰਜਾਬ ਹੱਦ ਤੋਂ ਬੈਰੀਕੇਡ ਹਟਾਕੇ ਸੜਕ ਨੂੰ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਹੈ। ਅੱਜ ਸ਼ਾਮ 5.15 ਵਜੇ ਪੰਜਾਬ ਰੋਡਵੇਜ਼ ਨੇ ਰਤੀਆ ਤੋਂ ਬੁਢਲਾਡਾ ਲਈ ਬੱਸਾਂ ਭੇਜ ਕੇ ਆਉਣਾ-ਜਾਣਾ ਸ਼ੁਰੂ ਕਰ ਦਿੱਤਾ। ਪੁਲੀਸ ਨੂੰ ਸੜਕ ਤੋਂ ਨਾਕਾਬੰਦੀ ਹਟਾਉਣ ਵਿੱਚ ਤਿੰਨ ਦਿਨ ਲੱਗ ਗਏ। ਸੜਕ ਬੰਦ ਹੋਣ ਕਾਰਨ ਆਸ-ਪਾਸ ਦੇ ਪਿੰਡਾਂ ਦੇ ਲੋਕ ਅਤੇ ਬੱਸ ਚਾਲਕ ਪ੍ਰੇਸ਼ਾਨ ਸਨ। ਅੰਤਰਰਾਜੀ ਰੂਟ ਹੋਣ ਕਾਰਨ ਇਸ ਰੂਟ ’ਤੇ ਸਿਰਫ਼ ਪੰਜਾਬ ਅਤੇ ਹਰਿਆਣਾ ਤੋਂ ਹੀ ਰੋਡਵੇਜ਼ ਦੀਆਂ ਬੱਸਾਂ ਚੱਲਦੀਆਂ ਹਨ। ਸੜਕ ਦੇ ਖੁੱਲ੍ਹਣ ਨਾਲ ਦੋਵਾਂ ਰਾਜਾਂ ਦੇ ਲੋਕਾਂ ਨੂੰ ਰਾਹਤ ਮਿਲੀ ਹੈ। ਇੱਥੇ ਕਿਸਾਨਾਂ ਦੇ ਅੰਦੋਲਨ ਕਾਰਨ 10 ਫਰਵਰੀ ਨੂੰ ਪੁਲੀਸ ਨੇ ਸੜਕ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ।
ਰਤੀਆ ਸਿਟੀ ਥਾਣੇ ਦੇ ਐੱਸ.ਐੱਚ.ਓ. ਜੈ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਸੜਕ ਨੂੰ ਖੁੱਲ੍ਹਵਾਇਆ ਹੈ। ਉਨ੍ਹਾਂ ਕਿਹਾ ਕਿ ਕਿ ਸੜਕ ਰਾਹੀਂ ਆਵਾਜਾਈ ਦਾ ਆਉਣਾ-ਜਾਣਾ ਵੀ ਸ਼ੁਰੂ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਹੁਣ ਆਉਣ-ਜਾਣ ਵਿੱਚ ਕੋਈ ਦਿੱਕਤ ਨਹੀਂ ਆਵੇਗੀ, ਜਿਸ ਨਾਲ ਦੋਵਾਂ ਪਾਸੇ ਜਾਣ ਵਾਲੇ ਲੋਕਾਂ ਨੂੰ ਰਾਹਤ ਮਿਲ ਗਈ ਹੈ।
ਬੋਹਾ-ਰਤੀਆ ਸੜਕ ਤੋਂ ਆਵਾਜਾਈ ਬਹਾਲ
ਬੋਹਾ (ਨਿਰੰਜਨ ਬੋਹਾ): ਹਰਿਆਣਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੇ ਚੱਲਦਿਆਂ ਪੰਜਾਬ-ਹਰਿਆਣਾ ਹੱਦਾਂ ’ਤੇ ਲਾਈਆਂ ਰੋਕਾਂ ਹੁਣ ਸਿਲਸਿਲੇਵਾਰ ਹਟਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਸੰਦਰਭ ਵਿੱਚ ਬੀਤੀ ਸ਼ਾਮ ਬੋਹਾ-ਰਤੀਆ ਸੜਕ ’ਤੇ ਭਾਖੜਾ ਨਹਿਰ ਦੇ ਰੋਝਾਂਵਾਲੀ ਪੁਲ ਕੋਲ ਲਾਈ ਪੱਕੀ ਰੋਕ ਹਟਾ ਕੇ ਲੰਘੀ 10 ਫਰਵਰੀ ਤੋਂ ਬੰਦ ਕੀਤੀ ਆਵਾਜਾਈ ਬਹਾਲ ਕਰ ਦਿੱਤੀ ਹੈ। ਸਰਕਾਰ ਵੱਲੋਂ ਇਹ ਰੋਕ ਹਟਾਏ ਜਾਣ ਨਾਲ ਦੋਵਾਂ ਸੂਬਿਆਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਭਾਵੇਂ ਦੋਵੇਂ ਸੂਬਿਆਂ ਨੂੰ ਜੋੜਨ ਵਾਲੀ ਇਹ ਮੁੱਖ ਸੜਕ ਬੰਦ ਹੋਣ ’ਤੇ ਵੀ ਦੂਰ ਦੁਰਾਡੇ ਦੀਆਂ ਲਿੰਕ ਸੜਕਾਂ ਰਾਹੀਂ ਆਵਾਜਾਈ ਜਾਰੀ ਸੀ ਪਰ ਟੁੱਟੀਆਂ ਹੋਈਆਂ ਲਿੰਕ ਸੜਕਾਂ ਕਾਰਨ ਲੰਘਣ ਵਾਲੀ ਮਸ਼ੀਨਰੀ ਨੂੰ ਬਹੁਤ ਨੁਕਸਾਨ ਪਹੁੰਚ ਰਿਹਾ ਸੀ ਅਤੇ ਲੋਕਾਂ ਦਾ ਬਹੁਤ ਸਾਰਾ ਸਮਾਂ ਤੇ ਪੈਸਾ ਵੀ ਬਰਬਾਦ ਹੋ ਰਿਹਾ ਸੀ। ਪੰਜਾਬ ਵਾਲੇ ਪਾਸਿਓਂ ਜਾਣ ਵਾਲੀਆਂ ਬੱਸਾਂ ਹਰਿਆਣਾ ਦੇ ਪਿੰਡ ਬਾਹਮਣਵਾਲਾ ਦੀ ਹੱਦ ’ਤੇ ਹੀ ਸਵਾਰੀਆਂ ਨੂੰ ਉਤਾਰ ਦਿੰਦੀਆਂ ਸਨ, ਜਿੱਥੋਂ ਉਹ ਪੈਦਲ ਤੁਰ ਕੇ ਪਿੰਡ ਦੇ ਅੱਡੇ ’ਤੇ ਪਹੁੰਚਦੀਆਂ ਤੇ ਰਤੀਆ ਜਾਣ ਵਾਲੀ ਬੱਸ ਦੀ ਉਡੀਕ ਕਰਦੀਆਂ ਸਨ। ਰਤੀਆ ਵਿਚ ਕੰਮ ਕਰਦੇ ਬੋਹਾ ਸ਼ਹਿਰ ਦੇ ਕਾਰੋਬਾਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਹਰ ਰੋਜ਼ ਇਧਰ ਜਾਂ ਉਧਰ ਜਾਣ ਵਾਲੇ ਕਾਰੋਬਾਰੀਆਂ ਨੂੰ ਆਵਾਜਾਈ ਬਹਾਲ ਹੋਣ ’ਤੇ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨ ਜਥੇਬੰਦੀਆਂ ਨੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਕਿਸਾਨ ਸ਼ੰਭੂ ਜਾਂ ਖਨੋਰੀ ਬਾਰਡਰਾਂ ਰਾਹੀਂ ਹੀ ਦਿੱਲੀ ਵੱਲ ਕੂਚ ਕਰਨਗੇ ਤਾਂ ਡੇਢ ਮਹੀਨੇ ਤੱਕ ਇਸ ਸੜਕ ’ਤੇ ਰੋਕ ਲਾ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਹਰਿਆਣਾ ਸਰਕਾਰ ਦੀ ਸਿਆਣਪ ਨਹੀਂ ਸੀ।

Advertisement

Advertisement
Author Image

sanam grng

View all posts

Advertisement
Advertisement
×