ਬੰਗਾਲ ਨੂੰ 41 ਦੌੜਾਂ ਨਾਲ ਹਰਾ ਕੇ ਬੜੌਦਾ ਸੈਮੀਫਾਈਨਲ ’ਚ
ਬੰਗਲੂਰੂ, 11 ਦਸੰਬਰ
ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੇ ਮਾੜੇ ਪ੍ਰਦਰਸ਼ਨ ਕਾਰਨ ਬੰਗਾਲ ਨੂੰ ਅੱਜ ਇੱਥੇ ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਕੁਆਰਟਰ ਫਾਈਨਲ ਵਿੱਚ ਬੜੌਦਾ ਤੋਂ 41 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਸਲਾਮੀ ਬੱਲੇਬਾਜ਼ ਸ਼ਾਸ਼ਵਤ ਰਾਵਤ (26 ਗੇਂਦਾਂ ਵਿੱਚ 40 ਦੌੜਾਂ) ਦੀ ਸ਼ਾਨਦਾਰ ਪਾਰੀ ਦੀ ਬਦੌਲਤ ਬੜੌਦਾ ਨੇ ਸੱਤ ਵਿਕਟਾਂ ’ਤੇ 172 ਦੌੜਾਂ ਬਣਾਈਆਂ। ਇਸ ਦੌਰਾਨ ਸ਼ਾਹਬਾਜ਼ ਅਹਿਮਦ (36 ਗੇਂਦਾਂ ’ਚ 55 ਦੌੜਾਂ) ਦੀ ਚੰਗੀ ਪਾਰੀ ਦੇ ਬਾਵਜੂਦ ਬੰਗਾਲ ਦੀ ਟੀਮ 131 ਦੌੜਾਂ ’ਤੇ ਸਿਮਟ ਗਈ। ਕਪਤਾਨ ਹਾਰਦਿਕ ਪਾਂਡਿਆ (27 ਦੌੜਾਂ ’ਤੇ 3 ਵਿਕਟਾਂ) ਨੇ ਆਪਣੇ ਤੇਜ਼ ਗੇਂਦਬਾਜ਼ ਲੁਕਮਾਨ ਮੇਰੀਵਾਲਾ (17 ਦੌੜਾਂ ’ਤੇ 3 ਵਿਕਟਾਂ) ਅਤੇ ਅਤੀਤ ਸੇਠ (41 ਦੌੜਾਂ ’ਤੇ 3 ਵਿਕਟਾਂ) ਨਾਲ ਮਿਲ ਕੇ ਬੜੌਦਾ ਨੂੰ ਸੈਮੀਫਾਈਨਲ ਵਿੱਚ ਪਹੁੰਚਾਉਣ ’ਚ ਅਹਿਮ ਭੂਮਿਕਾ ਨਿਭਾਈ। ਸ਼ਮੀ ਦਾ ਪ੍ਰਦਰਸ਼ਨ ਇਸ ਲਈ ਵੀ ਸੁਰਖੀਆਂ ’ਚ ਹੈ ਕਿਉਂਕਿ ਤਜਰਬੇਕਾਰ ਗੇਂਦਬਾਜ਼ ਆਸਟਰੇਲੀਆ ’ਚ ਚੱਲ ਰਹੀ ਬਾਰਡਰ-ਗਾਵਸਕਰ ਟਰਾਫੀ ਦੇ ਘੱਟੋ-ਘੱਟ ਆਖਰੀ ਦੋ ਟੈਸਟਾਂ ਲਈ ਭਾਰਤੀ ਟੀਮ ’ਚ ਸ਼ਾਮਲ ਹੋਣ ਲਈ ਸਖ਼ਤ ਮਿਹਨਤ ਕਰ ਰਿਹਾ ਹੈ। ਇਸ ਮੈਚ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਨੇ ਟੂਰਨਾਮੈਂਟ ਦੇ ਅੱਠ ਮੈਚਾਂ ਵਿੱਚ 11 ਵਿਕਟਾਂ ਹਾਸਲ ਕੀਤੀਆਂ ਸਨ। ਇਸ ਦੌਰਾਨ ਮੁੰਬਈ ਅਤੇ ਦਿੱਲੀ ਨੇ ਵੀ ਆਖਰੀ ਚਾਰ ਵਿੱਚ ਜਗ੍ਹਾ ਬਣਾ ਲਈ ਹੈ। -ਪੀਟੀਆਈ
ਮੱਧ ਪ੍ਰਦੇਸ਼ ਵੀ ਸੈਮੀਫਾਈਨਲ ’ਚ ਪੁੱਜਾ
ਅਲੂਰ ਵਿੱਚ ਖੇਡੇ ਗਏ ਦੂਜੇ ਕੁਆਰਟਰ ਫਾਈਨਲ ਵਿੱਚ ਮੱਧ ਪ੍ਰਦੇਸ਼ ਨੇ ਵੈਂਕਟੇਸ਼ ਅਈਅਰ ਦੇ ਹਰਫਨਮੌਲਾ ਪ੍ਰਦਰਸ਼ਨ ਦੀ ਬਦੌਲਤ ਸੌਰਾਸ਼ਟਰ ਨੂੰ ਛੇ ਵਿਕਟਾਂ ਨਾਲ ਹਰਾ ਕੇ ਆਖਰੀ ਚਾਰ ਵਿੱਚ ਜਗ੍ਹਾ ਬਣਾ ਲਈ ਹੈ। ਵੈਂਕਟੇਸ਼ ਨੇ ਦੋ ਵਿਕਟਾਂ ਲੈਣ ਦੇ ਨਾਲ-ਨਾਲ 33 ਗੇਂਦਾਂ ’ਤੇ ਨਾਬਾਦ 38 ਦੌੜਾਂ ਬਣਾਈਆਂ, ਜਿਸ ਦੀ ਬਦੌਲਤ ਮੱਧ ਪ੍ਰਦੇਸ਼ ਨੇ ਸੌਰਾਸ਼ਟਰ ਦੇ 173 ਦੌੜਾਂ ਦੇ ਟੀਚੇ ਨੂੰ ਚਾਰ ਗੇਂਦਾਂ ਬਾਕੀ ਰਹਿੰਦਿਆਂ ਸੱਤ ਵਿਕਟਾਂ ’ਤੇ 174 ਦੌੜਾਂ ਬਣਾ ਕੇ ਹਾਸਲ ਕਰ ਲਿਆ।