ਬਰਨਾਲਾ: ਕੌਮਾਂਤਰੀ ਕਲਾਕਾਰ ਸੰਗਮ ਵਲੋਂ ਲੇਖਕਾਂ ਦਾ ਸਨਮਾਨ
ਪਰਸ਼ੋਤਮ ਬੱਲੀ
ਬਰਨਾਲਾ, 20 ਨਵੰਬਰ
ਕੌਮਾਂਤਰੀ ਕਲਾਕਾਰ ਸੰਗਮ ਪੰਜਾਬ ਵਲੋਂ ਪੰਜਾਬੀ ਸਾਹਿਤ ਸਭਾ ਬਰਨਾਲਾ ਦੇ ਸਹਿਯੋਗ ਨਾਲ 75ਵਾਂ ਸਾਲਾਨਾ ਸਨਮਾਨ ਸਮਾਗਮ ਇੱਥੇ ਕਲਾਕਾਰ ਭਵਨ ਵਿਖੇ ਕਰਵਾਇਆ ਗਿਆ। ਸਮਾਗਮ ਦੇ ਮੁੱਖ-ਮਹਿਮਾਨ ਬਲਦੇਵ ਸਿੰਘ ਸੜਕਨਾਮਾ ਸਨ। ਪ੍ਰਧਾਨਗੀ ਸੁਰਿੰਦਰ ਰਾਮਪੁਰੀ ਨੇ ਕੀਤੀ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿਚ ਸੰਗਮ ਦੇ ਪ੍ਰਧਾਨ ਡਾ. ਜੋਗਿੰਦਰ ਸਿੰਘ ਨਿਰਾਲਾ, ਆਲੋਚਕ ਡਾ. ਸੁਰਜੀਤ ਬਰਾੜ, 'ਕਲਾਕਾਰ' ਦੇ ਸੰਪਾਦਕ ਕੰਵਰਜੀਤ ਭੱਠਲ ਤੇ ਤੇਜਾ ਸਿੰਘ ਤਿਲਕ ਸ਼ਾਮਲ ਸਨ।
ਪ੍ਰੋਗਰਾਮ ਦੇ ਆਰੰਭ ਵਿਚ ਸੰਗਮ ਦੇ ਸਕੱਤਰ ਜਨਰਲ ਕੰਵਰਜੀਤ ਭੱਠਲ ਵਲੋਂ ਮਹਿਮਾਨਾਂ ਨੂੰ 'ਜੀ ਆਇਆਂ' ਕਹਿੰਦਿਆਂ ਚਾਨਣਾ ਪਾਇਆ ਕਿ ਉਹ ਆਪਣੇ ਪੜਦਾਦਾ ਕਰਨਲ ਨਰੈਣ ਸਿੰਘ ਭੱਠਲ ਦੀ ਯਾਦ ਵਿਚ ਹਰ ਸਾਲ ਲੇਖਕਾਂ ਦਾ ਸਨਮਾਨ ਕਰਦੇ ਆ ਰਹੇ ਹਨ। ਇਸ ਵਾਰ 2023 ਦਾ ਪੁਰਸਕਾਰ ਪੰਜਾਬੀ ਦੇ ਨਾਮਵਰ ਕਹਾਣੀਕਾਰ ਗੁਰਦਿਆਲ ਦਲਾਲ ਨੂੰ ਪ੍ਰਦਾਨ ਕੀਤਾ ਗਿਆ ਜਿਸ ਵਿਚ 21,000 ਰੁਪਏ ਨਗਦ, ਸਨਮਾਨ ਪੱਤਰ, ਦੋਸ਼ਾਲਾ ਤੇ ਪੁਸਤਕਾਂ ਦਾ ਸੈੱਟ ਭੇਟ ਕੀਤਾ ਗਿਆ। ਦਲਾਲ ਬਾਰੇ ਚਾਨਣਾ ਸੁਰਿੰਦਰ ਰਾਮਪੁਰੀ ਨੇ ਪਾਇਆ। ਸਨਮਾਨ ਪੱਤਰ ਡਾ. ਅਮਨਦੀਪ ਟੱਲੇਵਾਲੀਆ ਨੇ ਪੜ੍ਹਿਆ, ਦੂਸਰਾ ਸਨਮਾਨ ਸ਼ਾਇਰ ਦਮਜੀਤ ਦਰਸ਼ਨ ਦਾ ਕੀਤਾ ਗਿਆ, ਜਿਨ੍ਹਾਂ ਨੂੰ 17ਵਾਂ ਭਾਈ ਘਨੱਈਆ ਨਿਸ਼ਕਾਮ ਸੇਵਾ ਸਨਮਾਨ ਨਾਲ ਨਿਵਾਜਿਆ ਗਿਆ। ਉਨ੍ਹਾਂ ਦਾ ਸਨਮਾਨ ਪੱਤਰ ਕੰਵਰਜੀਤ ਭੱਠਲ ਵਲੋਂ ਪੜ੍ਹਿਆ ਗਿਆ। ਦਮਜੀਤ ਦੀ ਸ਼ਖ਼ਸੀਅਤ ਬਾਰੇ ਜਸਪਾਲ ਮਾਨਖੇੜਾ ਨੇ ਦੱਸਿਆ। ਆਪਣੇ ਪ੍ਰਧਾਨਗੀ ਭਾਸ਼ਨ 'ਚ ਬਲਦੇਵ ਸੜਕਨਾਮਾ ਨੇ ਕਿਹਾ ਕਿ ਕੰਵਰਜੀਤ ਭੱਠਲ ਕਿਸੇ ਲਹਿਰ ਨਾਲ ਨਾ ਜੁੜਿਆ ਹੋ ਕੇ ਵੀ ਇਕ ਲਹਿਰ ਹੈ। ਕੌੜਾ, ਕੋਰਾ ਹੋ ਕੇ ਵੀ ਇਕ ਕਿਉੜੇ ਵਾਂਗ ਹੈ। ਸੰਗਮ ਵਲੋਂ ਸਮਾਗਮ ਵਿਚ ਜਿਨ੍ਹਾਂ ਹੋਰ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ ਉਨ੍ਹਾਂ ਵਿਚ ਸਾਹਿਤਕਾਰ ਅਸ਼ੋਕ ਚੱਟਾਨੀ (ਮੋਗਾ), ਅਨਿਲ ਫਤਿਹਗੜ੍ਹ ਜੱਟਾਂ ਪ੍ਰਧਾਨ ਲਿਖਾਰੀ ਸਭਾ, ਰਾਮਪੁਰ, ਗੁਰਸੇਵਕ ਸਿੰਘ ਢਿੱਲੋਂ ਸ੍ਰੀ ਭੈਣੀ ਸਾਹਿਬ ਅਤੇ ਸੁਰਿੰਦਰ ਰਾਮਪੁਰੀ ਸ਼ਾਮਲ ਸਨ। ਸਮਾਗਮ ਦੇ ਅਗਲੇ ਹਿੱਸੇ ਵਿਚ ਤੇਜਾ ਸਿੰਘ ਤਿਲਕ ਵਲੋਂ ਸੰਪਾਦਕ ਪੁਸਤਕ 'ਮਾਣਮੱਤਾ ਸੰਪਾਦਕ-ਸਾਹਿਤਕਾਰ ਕੰਵਰਜੀਤ ਭੱਠਲ ਦਾ ਯਾਦਗਾਰੀ ਅਭਿਨੰਦਨ' ਬਾਰੇ ਡਾ. ਸੁਰਜੀਤ ਬਰਾੜ, ਡਾ. ਜੋਗਿੰਦਰ ਨਿਰਾਲਾ, ਡਾ. ਅਮਨਦੀਪ ਟੱਲੇਵਾਲੀਆ, ਡਾ. ਉਜਾਗਰ ਮਾਨ, ਭੋਲਾ ਸਿੰਘ ਸੰਘੇੜਾ ਨੇ ਵਿਚਾਰ ਰੱਖੇ।
ਰਾਮ ਸਰੂਪ ਸ਼ਰਮਾ ਅਤੇ ਰਘਬੀਰ ਗਿੱਲ ਕੱਟੂ ਨੇ ਕੰਵਰਜੀਤ ਭੱਠਲ ਬਾਰੇ ਪੁਸਤਕ 'ਚ ਛਪੇ ਕਾਵਿ ਚਿੱਤਰ ਪੇਸ਼ ਕੀਤੇ। ਆਖ਼ਰ ਵਿਚ ਹੋਏ ਕਵੀ ਦਰਬਾਰ 'ਚ ਰਣਬੀਰ ਰਾਣਾ, ਰਾਮਪਾਲ, ਮਾਲਵਿੰਦਰ ਸ਼ਾਇਰ, ਸੁਖਵਿੰਦਰ ਸਨੇਹ, ਅੰਜਨਾ ਮੈਨਨ, ਮਨਦੀਪ ਕੌਰ ਭਦੌੜ, ਗੁਰਜਿੰਦਰ ਰਸੀਆ, ਜਗਤਾਰ ਬੈਂਸ, ਤੇਜਿੰਦਰ ਚੰਡਿਹੋਕ ਆਦਿ ਨੇ ਰੰਗ ਬੰਨੇ। ਟੱਲੇਵਾਲੀਆ ਕਵੀਸ਼ਰੀ ਜਥੇ ਵਲੋਂ ਕਵੀਸ਼ਰੀ ਪੇਸ਼ ਕੀਤੀ ਗਈ। ਸਮਾਗਮ ਦੇ ਅੰਤ ਵਿਚ ਮਤਾ ਪਾਸ ਕੀਤਾ ਗਿਆ ਕਿ ਭਾਸ਼ਾ ਵਿਭਾਗ ਨੇ ਜੋ ਪੁਰਸਕਾਰ ਦਾ ਦੋ ਸਾਲ ਪਹਿਲਾਂ ਐਲਾਨ ਕਰ ਰੱਖਿਆ ਹੈ ਉਨ੍ਹਾਂ ਦਾ ਕਾਨੂੰਨੀ ਨਬਿੇੜਾ ਛੇਤੀ ਕਰਕੇ ਲੇਖਕਾਂ ਨੂੰ ਸਨਮਾਨ ਦਿੱਤੇ ਜਾਣ। ਦੂਜਾ ਸੋਗ ਮਤਾ ਉਨ੍ਹਾਂ ਬਾਰੇ ਪਾਸ ਕੀਤਾ ਜੋ ਪਿਛਲੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਸਮਾਗਮ ਵਿਚ ਮੋਗਾ, ਲੁਧਿਆਣਾ, ਬਠਿੰਡਾ, ਪਟਿਆਲਾ, ਚੰਡੀਗੜ੍ਹ ਸ਼ਹਿਰਾਂ ਤੋਂ ਲੇਖਕ ਹਾਜ਼ਰ ਸਨ।