ਬਰਨਾਲਾ: ਸੰਯੁਕਤ ਕਿਸਾਨ ਮੋਰਚੇ ਨੇ ਮੀਤ ਹੇਅਰ ਦੀ ਕੋਠੀ ਅੱਗੇ ਧਰਨਾ ਲਗਾਇਆ
ਪਰਸ਼ੋਤਮ ਬੱਲੀ
ਬਰਨਾਲਾ, 19 ਅਗਸਤ
ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਜ਼ਿਲ੍ਹਾ ਬਰਨਾਲਾ ਦੀਆਂ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਵਲੋਂ ਹੜ੍ਹ ਪ੍ਰਭਾਵਿਤਾਂ ਲਈ ਫੌਰੀ ਮੁਆਵਜ਼ੇ ਤੇ ਹੋਰ ਮੰਗਾਂ ਦੀ ਪੂਰਤੀ ਹਿਤ ਚਿਤਾਵਨੀ ਪੱਤਰ ਦੇਣ ਲਈ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਮੂਹਰੇ ਧਰਨਾ ਦਿੱਤਾ ਗਿਆ।
ਬੁਲਾਰਿਆਂ 'ਚ ਗੁਰਨਾਮ ਸਿੰਘ ਠੀਕਰੀਵਾਲ, ਜਗਸੀਰ ਸਿੰਘ ਸੀਰਾ ਛੀਨੀਂਵਾਲ, ਕੁਲਦੀਪ ਸਿੰਘ ਬਰਨਾਲਾ, ਹਰਪ੍ਰੀਤ ਸਿੰਘ ਠੀਕਰੀਵਾਲ, ਜੱਗਾ ਸਿੰਘ ਬਦਰਾ, ਗੁਰਨਾਮ ਸਿੰਘ ਭੀਖੀ, ਮਨਵੀਰ ਕੌਰ, ਨਾਇਬ ਸਿੰਘ ਟੱਲੇਵਾਲ, ਦਰਸ਼ਨ ਸਿੰਘ ਉਗੋਕੇ,ਅਮਰਜੀਤ ਸਿੰਘ ਤੇ ਮਨਜੀਤ ਰਾਜ ਨੇ ਕਿਹਾ ਕਿ
ਸੂਬੇ ਅੰਦਰ ਆਏ ਹੜ੍ਹਾਂ ਕਾਰਨ ਕਿਸਾਨੀ ਫ਼ਸਲਾਂ/ਪਸ਼ੂਧਨ ਤੇ ਹੋਰ ਅਚਲ ਜਾਇਦਾਦਾਂ ਦਾ ਭਾਰੀ ਨੁਕਸਾਨ ਹੋਇਆ ਹੈ। ਜਿਸ ਨੂੰ ਸਿਰਫ਼ ਕੁਦਰਤੀ ਕਰੋਪੀ ਮੰਨ ਕੇ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੀਆਂ। ਅਖੀਰ 'ਚ ਮੰਤਰੀ ਮੀਤ ਹੇਅਰ ਦੇ ਓਐੱਸਡੀ ਹਸਨਪ੍ਰੀਤ ਭਾਰਦਵਾਜ ਨੂੰ ਚਿਤਾਵਨੀ ਪੱਤਰ ਸੌਂਪਿਆ ਗਿਆ। ਇਸ ਮੌਕੇ ਪਵਿੱਤਰ ਸਿੰਘ ਲਾਲੀ, ਗੁਰਮੇਲ ਸ਼ਰਮਾ ਤੇ ਦਰਸ਼ਨ ਸਿੰਘ ਪੱਖੋਂ ਨੇ ਸੰਬੋਧਨ ਕੀਤਾ।